ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਵਿਖੇ ਨਗਰ ਨਿਗਮ, ਚੰਡੀਗੜ੍ਹ ਦੇ ਸਹਿਯੋਗ ਨਾਲ 9ਵੇਂ ‘ਰਾਸ਼ਟਰੀਯ ਪੋਸ਼ਣ ਮਾਹ 2026’ ਦੀ ਸ਼ੁਰੂਆਤ ਕੀਤੀ। ਮਹਿਲਾਵਾਂ, ਬੱਚਿਆਂ ਅਤੇ ਪਰਿਵਾਰਾਂ ਵਿੱਚ ਪੋਸ਼ਣ ਸਬੰਧੀ ਜਾਗਰੂਕਤਾ ਵਧਾਉਣ ਅਤੇ ਤੰਦਰੁਸਤ ਜੀਵਨਸ਼ੈਲੀ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਇਹ ਮਹੀਨਾ ਭਰ ਚਲਣ ਵਾਲੀ ਮੁਹਿੰਮ 9 ਸਤੰਬਰ ਤੋਂ 8 ਅਕਤੂਬਰ, 2026 ਤੱਕ ਆਯੋਜਿਤ ਕੀਤੀ ਜਾ ਰਹੀ ਹੈ।
ਇਸ ਅਵਸਰ ‘ਤੇ ਚੰਡੀਗੜ੍ਹ ਦੇ ਮੇਅਰ ਸ਼੍ਰੀ ਸੌਰਭ ਜੋਸ਼ੀ; ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ ਆਈਏਐੱਸ; ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਸਕੱਤਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਆਈਏਐੱਸ; ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ਼੍ਰੀ ਨਵੀਨ ਰੱਤੂ (ਡੈਨਿਕਸ) ਅਤੇ ਚੰਡੀਗੜ੍ਹ ਵਪਾਰ ਮੰਡਲ (ਸੀਬੀਐੱਮ) ਦੇ ਪ੍ਰਧਾਨ ਸ਼੍ਰੀ ਸੰਜੀਵ ਚੱਢਾ ਵੀ ਉਪਸਥਿਤ ਰਹੇ।
ਉਦਘਾਟਨੀ ਸਮਾਰੋਹ ਦੇ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਮਾਣਯੋਗ ਪ੍ਰਸ਼ਾਸਕ ਨੇ ਗੁਬਾਰੇ ਛੱਡ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਗਰਭਵਤੀ ਮਹਿਲਾਵਾਂ ਲਈ ਆਯੁਸ਼ ਅਤੇ ਸਿਹਤ ਵਿਭਾਗਾਂ ਦੇ ਸਹਿਯੋਗ ਨਾਲ ‘ਪੋਸ਼ਣ ਜਾਂਚ ਕੈਂਪ’ (Nutrition Screening Camp) ਸਹਿਤ ਵਿਭਿੰਨ ਮਹੱਤਵਪੂਰਨ ਪਹਿਲਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸੀਆਈਟੀ-ਐੱਸਐੱਸਐੱਮ (CIT-SSM) ਅਤੇ
ਨੀਤੀ ਆਯੋਗ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ‘ਪੋਸ਼ਣ ਸਕੋਰ ਕਾਰਡ’ ਵੀ ਜਾਰੀ ਕੀਤਾ। ਪੀਐੱਮਐੱਮਵੀਵਾਈ (PMMVY) ਯੋਜਨਾ ਦੇ ਤਹਿਤ ਆਂਗਣਵਾੜੀ ਵਰਕਰਾਂ ਨੂੰ 24,61,900 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਵੀ ਵੰਡੀ ਗਈ।
ਪੋਸ਼ਣ ਮਾਹ ਦੇ ਤਹਿਤ ਚੰਡੀਗੜ੍ਹ ਦੇ ਵਿਭਿੰਨ ਆਂਗਣਵਾੜੀ ਕੇਂਦਰਾਂ ਵਿੱਚ ਪੋਸ਼ਣ ਅਤੇ ਸਿਹਤ ਜਾਗਰੂਕਤਾ ਸਬੰਧੀ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਡੱਡੂਮਾਜਰਾ ਵਿਖੇ, ਏਐੱਨਐੱਮ (ANM) ਦੁਆਰਾ “ਸੰਤੁਲਿਤ ਆਹਾਰ ਅਤੇ ਤੰਦਰੁਸਤ ਪੋਸ਼ਣ” ਵਿਸ਼ੇ ‘ਤੇ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ, ਜਦਕਿ ਆਰਸੀ ਧਨਾਸ-1 ਵਿਖੇ ਲਾਭਾਰਥੀਆਂ ਨੂੰ ‘ਗਰਮ ਪਕਾਏ ਹੋਏ ਭੋਜਨ’ (ਐੱਚਸੀਐੱਮ) ਦੇ ਪੋਸ਼ਣ ਸਬੰਧੀ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ।
ਉਦਯੋਗਿਕ ਖੇਤਰ ਸਥਿਤ ਮੌਲੀ ਪਿੰਡ ਵਿੱਚ ‘ਮਾਈ ਪਲੇਟ-ਹੈਲਦੀ ਪਲੇਟ’ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲਾਭਾਰਥੀਆਂ ਨੂੰ ਸੰਤੁਲਿਤ ਆਹਾਰ, ਮੌਸਮੀ ਫਲ ਤੇ ਸਬਜ਼ੀਆਂ ਅਤੇ ਜ਼ਰੂਰੀ ਖੁਰਾਕ ਸਮੂਹਾਂ ਬਾਰੇ ਜਾਣਕਾਰੀ ਦਿੱਤੀ ਗਈ।
ਹੋਰ ਗਤੀਵਿਧੀਆਂ ਵਿੱਚ ਗਰਭ-ਅਵਸਥਾ ਦੌਰਾਨ ਜਾਂਚ, ਆਇਰਨ ਫੋਲਿਕ ਐਸਿਡ (ਆਈਐੱਫਏ) ਦੀਆਂ ਗੋਲੀਆਂ ਦੀ ਵੰਡ, ਅਨੀਮੀਆ ਅਤੇ ਟੀਕਾਕਰਣ ਬਾਰੇ ਜਾਗਰੂਕਤਾ, ਹੱਥ ਧੋਣ ਦੇ ਤਰੀਕਿਆਂ ਦਾ ਪ੍ਰਦਰਸ਼ਨ, ਪੋਸ਼ਣ ਸਬੰਧੀ ਸਲਾਹ-ਮਸ਼ਵਰਾ, ਜਣੇਪੇ ਦੀ ਤਿਆਰੀ ਅਤੇ ਦਸਤ ਦੀ ਰੋਕਥਾਮ ਨਾਲ ਜੁੜੇ ਜਾਗਰੂਕਤਾ ਸੈਸ਼ਨ ਸ਼ਾਮਲ ਰਹੇ। ਮਾਤਾਵਾਂ ਨੂੰ ਪੋਸ਼ਣ, ਮੌਸਮੀ ਫਲਾਂ ਅਤੇ ਸਬਜ਼ੀਆਂ, ਟੀਕਾਕਰਣ, ਦਵਾਈਆਂ ਅਤੇ ਕੇਵਲ ਮਾਂ ਦਾ ਦੁੱਧ ਪਿਲਾਉਣ ਦੇ ਮਹੱਤਵ ਬਾਰੇ ਸਲਾਹ ਦੇਣ ਲਈ ਘਰ-ਘਰ ਜਾ ਕੇ ਸੰਪਰਕ ਵੀ ਕੀਤਾ ਗਿਆ।
ਚੰਡੀਗੜ੍ਹ ਵਿੱਚ ਪੋਸ਼ਣ ਨਾਲ ਸਬੰਧਿਤ ‘ਜਨ ਅੰਦੋਲਨ’ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਇਹ ਮੁਹਿੰਮ ਵਿਭਿੰਨ ਸਮੁਦਾਇ-
ਅਧਾਰਿਤ ਗਤੀਵਿਧੀਆਂ ਨਾਲ ਜਾਰੀ ਰਹੇਗੀ।


