16 ਸਾਲਾਂ ਦੇ ਵਕਫ਼ੇ ਤੋਂ ਬਾਅਦ, ਅੱਜ ਸਰਕਾਰੀ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਟਿਊਟ (ਆਈਟੀਆਈ), ਸੈਕਟਰ 28, ਚੰਡੀਗੜ੍ਹ ਵਿਖੇ 37ਵੇਂ ਸੀਆਈਆਈ ਰੀਜਨਲ ਵਰਕ-ਸਕਿੱਲਸ ਕੰਪੀਟੀਸ਼ਨ-2026 ਦਾ ਉਦਘਾਟਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਖੇਤਰ ਦੇ ਹੋਰ ਹਿੱਸਿਆਂ ਤੋਂ ਲਗਭਗ 110 ਪ੍ਰਤੀਭਾਗੀਆਂ ਨੇ 20 ਉਦਯੋਗਿਕ ਟ੍ਰੇਡਸ ਵਿੱਚ ਹਿੱਸਾ ਲਿਆ।
ਇਸ ਸਮਾਗਮ ਦਾ ਆਯੋਜਨ ਚੰਡੀਗੜ੍ਹ ਸਕਿੱਲ ਡਿਵੈਲਪਮੈਂਟ ਮਿਸ਼ਨ (ਸੀਐੱਸਡੀਐੱਮ) ਦੀ ਪਹਿਲ ‘ਤੇ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ), ਚੰਡੀਗੜ੍ਹ ਦੇ ਸਹਿਯੋਗ ਨਾਲ ਕੀਤਾ ਗਿਆ। ਇਹ ਆਯੋਜਨ ਕੌਸ਼ਲ ਵਿਕਾਸ ਨੂੰ ਮਜ਼ਬੂਤ ਕਰਨ ਅਤੇ ਉਦਯੋਗਾਂ ਦੀਆਂ ਜ਼ਰੂਰਤਾਂ ਦੇ ਅਨੁਰੂਪ ਟ੍ਰੇਨਿੰਗ ਨੂੰ ਹੁਲਾਰਾ ਦੇਣ ਦੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਚੰਡੀਗੜ੍ਹ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਮਿਸ਼ਨ ਡਾਇਰੈਕਟਰ, ਡਾ. ਪਾਲਿਕਾ ਅਰੋੜਾ ਨੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਆਤਮਵਿਸ਼ਵਾਸ ਨਾਲ ਆਪਣੀ ਪ੍ਰਤਿਭਾ ਅਤੇ ਕੌਸ਼ਲ ਦਾ ਪ੍ਰਦਰਸ਼ਨ ਕਰਦੇ ਹੋਏ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਦੀ ਰੋਜ਼ਗਾਰ ਸਮਰੱਥਾ ਵਧਾਉਣ ਅਤੇ ਉਨ੍ਹਾਂ ਨੂੰ ਭਵਿੱਖ ਦੇ ਕਰੀਅਰ ਦੇ ਅਵਸਰਾਂ ਲਈ ਤਿਆਰ ਕਰਨ ਵਿੱਚ ਉਦਯੋਗ ਅਤੇ ਟ੍ਰੇਨਿੰਗ ਸੰਸਥਾਵਾਂ ਦੇ ਦਰਮਿਆਨ ਮਜ਼ਬੂਤ ਸਾਂਝੇਦਾਰੀ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ।
ਡਾ. ਅਰੋੜਾ ਨੇ ਕਿਹਾ ਕਿ ਸੰਸਥਾਗਤ ਟ੍ਰੇਨਿੰਗ ਅਤੇ ਉਦਯੋਗ ਦੀਆਂ ਜ਼ਰੂਰਤਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਵਿੱਚ ਵਿਵਹਾਰਕ ਅਨੁਭਵ, ਅਪ੍ਰੈਂਟਿਸਸ਼ਿਪ, ਇੰਟਰਨਸ਼ਿਪ, ਮਾਰਗਦਰਸ਼ਨ ਅਤੇ ਉਦਯੋਗ-ਅਨੁਕੂਲ ਟ੍ਰੇਨਿੰਗ ਦੀ ਮਹੱਤਵਪੂਰਨ ਭੂਮਿਕਾ ਹੈ।
ਸੀਆਈਆਈ ਦੇ ਸੀਨੀਅਰ ਨੁਮਾਇੰਦਿਆਂ ਨੇ ਵੀ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਇਸ ਮੁਕਾਬਲੇ ਨੂੰ ਆਪਣੇ ਕੌਸ਼ਲ ਨੂੰ ਪਰਖਣ, ਸਾਥੀਆਂ ਤੋਂ ਸਿੱਖਣ ਅਤੇ ਉਦਯੋਗ ਨਾਲ ਜੁੜਿਆ ਕੀਮਤੀ ਅਨੁਭਵ ਹਾਸਲ ਕਰਨ ਦੇ ਮੌਕੇ ਵਜੋਂ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੁਕਾਬਲੇ ਵਿੱਚ ਟਾਟਾ ਮੋਟਰਸ, ਮਾਰੂਤੀ ਸੁਜ਼ੂਕੀ, ਹੈਵੈਲਜ਼, ਅਸਾਹੀ ਗਲਾਸ, ਡੇਨਸੋ, ਗੋਦਰੇਜ ਐਂਡ ਬੋਇਸ ਅਤੇ ਟਾਇਨੋਰ ਜਿਹੀਆਂ ਪ੍ਰਮੁੱਖ ਉਦਯੋਗਿਕ ਸੰਸਥਾਵਾਂ ਦੇ ਨਾਲ-ਨਾਲ ਆਈਟੀਆਈ ਅਤੇ ਹੋਰ ਤਕਨੀਕੀ ਸੰਸਥਾਵਾਂ ਨੇ ਹਿੱਸਾ ਲਿਆ।
ਸੀਆਈਆਈ ਖੇਤਰੀ ਵਰਕਸਕਿੱਲ ਮੁਕਾਬਲਾ ਆਈਟੀਆਈ ਦੇ ਵਿਦਿਆਰਥੀਆਂ, ਸਿਖਿਆਰਥੀਆਂ ਅਤੇ ਉਦਯੋਗ ਪੇਸ਼ੇਵਰਾਂ ਨੂੰ ਆਪਣੇ ਤਕਨੀਕੀ ਹੁਨਰਾਂ ਦਾ ਪ੍ਰਦਰਸ਼ਨ ਕਰਨ, ਖੇਤਰੀ ਪੱਧਰ ‘ਤੇ ਮੁਕਾਬਲਾ ਕਰਨ ਅਤੇ ਗਿਆਨ ਅਤੇ ਵਧੀਆ ਅਭਿਆਸਾਂ ਦਾ ਅਦਾਨ-ਪ੍ਰਦਾਨ ਕਰਨ ਲਈ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਪ੍ਰਦਾਨ ਕਰਦਾ ਹੈ। ਮੋਹਰੀ ਉਦਯੋਗਾਂ ਅਤੇ ਤਕਨੀਕੀ ਸੰਸਥਾਵਾਂ ਦੀ ਸਰਗਰਮ ਭਾਗੀਦਾਰੀ ਨੇ ਇੱਕ ਹੁਨਰਮੰਦ ਅਤੇ ਉਦਯੋਗ-ਸਬੰਧਿਤ ਕਾਰਜਬਲ ਵਿਕਸਿਤ ਕਰਨ ਅਤੇ ਨੌਜਵਾਨਾਂ ਲਈ ਬਿਹਤਰ ਕਰੀਅਰ ਦੇ ਮੌਕੇ ਪੈਦਾ ਕਰਨ ਵਿੱਚ ਸਹਿਯੋਗੀ ਯਤਨਾਂ ਦੀ ਮਹੱਤਤਾ ‘ਤੇ ਮੁੜ ਜ਼ੋਰ ਦਿੱਤਾ।
ਚੰਡੀਗੜ੍ਹ ਵਿੱਚ 16 ਸਾਲਾਂ ਬਾਅਦ ਖੇਤਰੀ ਵਰਕਸਕਿੱਲ ਮੁਕਾਬਲੇ ਦਾ ਪੁਨਰਗਠਨ ਉਦਯੋਗਾਂ, ਸਕਿੱਲ ਟ੍ਰੇਨਿੰਗ ਸੰਸਥਾਵਾਂ ਅਤੇ ਨੌਜਵਾਨਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਕਿੱਤਾਮੁਖੀ ਹੁਨਰਾਂ ਵਿੱਚ ਉੱਤਮਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।


