ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸਕੂਲ ਸਿੱਖਿਆ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਆਯੋਜਿਤ ਇੱਕ ਵਿਸ਼ੇਸ਼ ਅਧਿਆਪਕ ਦਿਵਸ ਸਮਾਰੋਹ ਵਿੱਚ ਸਿੱਖਿਆ ਅਤੇ ਰਾਸ਼ਟਰ ਨਿਰਮਾਣ ਵਿੱਚ ਉਤਕ੍ਰਿਸ਼ਟ ਯੋਗਦਾਨ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਯਾਦ ਕਰਦੇ ਹੋਏ ਪ੍ਰਸ਼ਾਸਕ ਨੇ ਕਿਹਾ ਕਿ ਅਧਿਆਪਕ ਦਿਵਸ ਵਿਅਕਤੀਆਂ, ਸਮਾਜ ਅਤੇ ਰਾਸ਼ਟਰ ਨੂੰ ਘੜਨ ਵਿੱਚ ਅਧਿਆਪਕਾਂ ਦੇ ਅਮੁੱਲ ਯੋਗਦਾਨ ਦੇ ਪ੍ਰਤੀ ਇੱਕ ਸ਼ਰਧਾਂਜਲੀ ਹੈ।
ਇਸ ਅਵਸਰ ‘ਤੇ ਸਿੱਖਿਆ ਸਕੱਤਰ ਸੁਸ਼੍ਰੀ ਪ੍ਰੇਰਣਾ ਪੁਰੀ; ਡਾਇਰੈਕਟਰ, ਸਕੂਲ ਸਿੱਖਿਆ, ਸ਼੍ਰੀ ਨਿਤੀਸ਼ ਸਿੰਗਲਾ; ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ,ਅਧਿਆਪਕ, ਪੁਰਸਕਾਰ ਜੇਤੂ, ਵਿਦਿਆਰਥੀ ਅਤੇ ਹੋਰ ਪਤਵੰਤੇ ਵਿਅਕਤੀ ਉਪਸਥਿਤ ਰਹੇ।
ਸਕੂਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਸਮਰਪਣ, ਇਨੋਵੇਸ਼ਨ ਅਤੇ ਯੋਗਦਾਨ ਦੇ ਸਨਮਾਨ ਵਿੱਚ ਕੁੱਲ 16 ਅਧਿਆਪਕਾਂ ਨੂੰ ਸਟੇਟ ਅਵਾਰਡ ਅਤੇ ਛੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਗਏ।
ਸੇਂਟ ਜੋਸਫ਼ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 44 ਦੇ ਪ੍ਰਿੰਸੀਪਲ ਸੁਸ਼੍ਰੀ ਮੋਨਿਕਾ ਚਾਵਲਾ ਅਤੇ ਸ਼੍ਰੀ ਰਮੇਸ਼ ਸ਼ਰਮਾ ਨੂੰ ਵਿਸ਼ੇਸ਼ ਸਨਮਾਨ ਪੁਰਸਕਾਰ ਪ੍ਰਾਪਤ ਹੋਏ, ਉੱਥੇ ਹੀ ਪਿਛਲੇ ਵਰ੍ਹੇ ਦੀ ਰਾਸ਼ਟਰੀ ਪੁਰਸਕਾਰ ਜੇਤੂ ਸੁਸ਼੍ਰੀ ਪਰਵੀਨ ਕੁਮਾਰੀ ਨੂੰ ਵੀ ਸਨਮਾਨਿਤ ਕੀਤਾ ਗਿਆ।
ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਅਤੇ ਨਿਰੰਤਰ ਯੋਗਦਾਨ ਲਈ
ਚੰਡੀਗੜ੍ਹ ਪ੍ਰਸ਼ਾਸਨ ਦੇ ਸਕੂਲ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਸ਼੍ਰੀ ਬਿੰਦੂ ਅਰੋੜਾ ਨੂੰ ‘ਲਾਇਫਟਾਇਮ ਕੰਟ੍ਰੀਬਿਊਸ਼ਨ ਟੂ ਸਕੂਲ ਐਜੂਕੇਸ਼ਨ ਅਵਾਰਡ’ (ਸਕੂਲੀ ਸਿੱਖਿਆ ਵਿੱਚ ਜੀਵਨ ਭਰ ਯੋਗਦਾਨ ਪੁਰਸਕਾਰ) ਨਾਲ ਨਿਵਾਜਿਆ ਗਿਆ।
ਸਰਕਾਰੀ ਮਾਡਲ ਹਾਈ ਸਕੂਲ, ਮਲੋਆ ਕਲੋਨੀ, ਚੰਡੀਗੜ੍ਹ ਦੇ ਟ੍ਰੇਂਡ ਗ੍ਰੈਜੂਏਟ ਅਧਿਆਪਕ (ਵਿਗਿਆਨ) ਸ਼੍ਰੀ ਰਵੀ ਕੁਮਾਰ ਜੈਸਵਾਲ ਨੂੰ ਵੱਕਾਰੀ ਰਾਸ਼ਟਰੀ ਅਧਿਆਪਕ ਪੁਰਸਕਾਰ 2026 ਲਈ ਚੁਣਿਆ ਗਿਆ ਹੈ। ਵਿਗਿਆਨ ਸਿੱਖਿਆ ਪ੍ਰਤੀ ਉਨ੍ਹਾਂ ਦੇ ਅਭਿਨਵ ਦ੍ਰਿਸ਼ਟੀਕੋਣ ਲਈ ਉਨ੍ਹਾਂ ਨੂੰ ਸਰਾਹਿਆ ਗਿਆ; ਉਨ੍ਹਾਂ ਨੇ ਵਿਦਿਆਰਥੀਆਂ ਲਈ ਸਿੱਖਣ ਨੂੰ ਅਧਿਕ ਰੋਚਕ ਅਤੇ ਅਨੁਭਵਾਤਮਕ ਬਣਾਉਣ ਹਿਤ ਕਬਾੜ ਸਮੱਗਰੀ ਦਾ ਉਪਯੋਗ ਕਰਕੇ ਇੱਕ 3 ਡੀ ਡੋਮ ਥੀਏਟਰ ਤਿਆਰ ਕੀਤਾ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਕਟਾਰੀਆ ਨੇ ਅਧਿਆਪਕਾਂ ਨੂੰ “ਮੌਨ ਰਾਸ਼ਟਰ-ਨਿਰਮਾਤਾ” ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਕੇਵਲ ਅਕਾਦਮਿਕ ਗਿਆਨ ਪ੍ਰਦਾਨ ਕਰਨ ਤੋਂ ਕਿਤੇ ਅਧਿਕ ਵਿਸਤ੍ਰਿਤ ਹੈ। ਗੁਰੂ ਵਸ਼ਿਸ਼ਟ ਅਤੇ ਆਚਾਰੀਆ ਚਾਣਕਿਆ ਦੀਆਂ ਉਦਾਹਰਣਾਂ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇੱਕ ਸੱਚਾ ਅਧਿਆਪਕ ਚਰਿੱਤਰ ਦਾ ਨਿਰਮਾਣ ਕਰਦਾ ਹੈ, ਸੰਸਕਾਰ ਬੀਜਦਾ ਹੈ ਅਤੇ ਵਿਦਿਆਰਥੀਆਂ ਨੂੰ ਜ਼ਿੰਮੇਦਾਰ ਨਾਗਰਿਕ ਬਣਨ ਲਈ ਤਿਆਰ ਕਰਦਾ ਹੈ।
ਪ੍ਰਸ਼ਾਸਕ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਬੱਚਿਆਂ ਨੂੰ ਕੇਵਲ ਪਰੀਖਿਆਵਾਂ ਲਈ ਨਹੀਂ, ਬਲਕਿ ਜੀਵਨ ਲਈ ਤਿਆਰ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਕੌਸ਼ਲ-ਅਧਾਰਿਤ ਅਤੇ ਗੁਣਵੱਤਾਪੂਰਨ ਸਿੱਖਿਆ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ, ਜਿਸ ਨਾਲ ਵਿਦਿਆਰਥੀਆਂ ਵਿੱਚ ਆਲੋਚਨਾਤਮਕ ਸੋਚ, ਰਚਨਾਤਮਕਤਾ, ਸਮੱਸਿਆ-ਸਮਾਧਾਨ ਦੀ ਸਮਰੱਥਾ, ਆਤਮਵਿਸ਼ਵਾਸ ਅਤੇ ਆਤਮਨਿਰਭਰਤਾ ਦਾ ਵਿਕਾਸ ਹੋ ਸਕੇ।
ਟੈਕਨੋਲੋਜੀ ਦੀ ਵਧਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਕਟਾਰੀਆ ਨੇ ਕਿਹਾ ਕਿ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਤਕਨੀਕ ਦਾ ਕੁਸ਼ਲ, ਜ਼ਿੰਮੇਵਾਰ ਅਤੇ ਉਦੇਸ਼ਪੂਰਨ ਉਪਯੋਗ ਸਿਖਾਉਣਾ ਚਾਹੀਦਾ ਹੈ, ਤਾਕਿ ਇਹ ਸਿੱਖਣ, ਇਨੋਵੇਸ਼ਨ ਅਤੇ ਸਸ਼ਕਤੀਕਰਣ ਦਾ ਮਾਧਿਅਮ ਬਣ ਸਕੇ।
ਸ਼੍ਰੀ ਕਟਾਰੀਆ ਨੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਨਿਰਮਾਣ ਵਿੱਚ ਅਧਿਆਪਕਾਂ ਦੀ ਬੁਨਿਆਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਕਿਹਾ,
“ਅਧਿਆਪਕ ਜੀਵਨ ਨੂੰ ਰੂਪਾਂਤਰਿਤ ਕਰਦਾ ਹੈ। ਹਰ ਡਾਕਟਰ, ਇੰਜੀਨੀਅਰ, ਵਿਗਿਆਨੀ, ਪ੍ਰਸ਼ਾਸਕ, ਉੱਦਮੀ ਅਤੇ ਪੇਸ਼ੇਵਰ ਨੂੰ ਜੀਵਨ ਦੇ ਕਿਸੇ ਨਾ ਕਿਸੇ ਮੋੜ ‘ਤੇ ਇੱਕ ਅਧਿਆਪਕ ਨੇ ਹੀ ਤਰਾਸ਼ਿਆ ਹੁੰਦਾ ਹੈ।”
ਭਾਰਤੀ ਪਰੰਪਰਾ ਵਿੱਚ ਗੁਰੂ ਦੇ ਪੂਜਨੀਕ ਸਥਾਨ ਨੂੰ ਯਾਦ ਕਰਦੇ ਹੋਏ ਪ੍ਰਸ਼ਾਸਕ ਨੇ ਕਿਹਾ ਕਿ ਅਧਿਆਪਕ ਨੂੰ ਗਿਆਨ, ਕਦਰਾਂ-ਕੀਮਤਾਂ ਅਤੇ ਨੇਕੀ ਦੇ ਮਾਰਗ ਨੂੰ ਰੋਸ਼ਨ ਕਰਨ ਵਾਲੇ ਪਥ-ਪ੍ਰਦਰਸ਼ਕ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।
ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਕਟਾਰੀਆ ਨੇ ਉਨ੍ਹਾਂ ਦੇ ਸਮਰਪਣ, ਇਨੋਵੇਸ਼ਨ ਅਤੇ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਗਿਆਨ, ਕਦਰਾਂ-ਕੀਮਤਾਂ, ਕੌਸ਼ਲ, ਕਰੁਣਾ ਅਤੇ ਮਿਸਾਲੀ ਆਚਰਣ ਦੇ ਜ਼ਰੀਏ ਵਿਦਿਆਰਥੀਆਂ ਨੂੰ ਨਿਰੰਤਰ ਪ੍ਰੇਰਿਤ ਕਰਦੇ ਰਹਿਣ ਦੀ ਤਾਕੀਦ ਕੀਤੀ।
ਸਮਾਰੋਹ ਵਿੱਚ ਅਧਿਆਪਕਾਂ ਦੁਆਰਾ ਪ੍ਰਸਤੁਤ ਸਮੂਹ ਗਾਨ, ਸਮੂਹ ਨ੍ਰਿਤ ਅਤੇ ਇੱਕ ਸਕਿੱਟ ਦੇ ਜ਼ਰੀਏ ਅਧਿਆਪਕ ਭਾਈਚਾਰੇ ਦੀ ਰਚਨਾਤਮਕਤਾ ਅਤੇ ਪ੍ਰਤਿਭਾ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ।
ਸਕੂਲ ਸਿੱਖਿਆ ਵਿਭਾਗ ਨੇ ਗੁਣਵੱਤਾਪੂਰਨ ਸਿੱਖਿਆ, ਕੌਸ਼ਲ ਵਿਕਾਸ, ਇਨੋਵੇਸ਼ਨ, ਤਕਨੀਕ-ਸਮਰੱਥ ਸਿੱਖਿਆ ਅਤੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ, ਜਿਸ ਵਿੱਚ ਅਧਿਆਪਕ ਇੱਕ ਪ੍ਰਗਤੀਸ਼ੀਲ, ਸਮਰੱਥ ਅਤੇ ਆਤਮਨਿਰਭਰ ਸਮਾਜ ਦੇ ਨਿਰਮਾਣ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਰਹਿਣਗੇ।


