ਭਗਵੰਤ ਮਾਨ ਨੂੰ ਤੁਰੰਤ ਚਲਦਿਆਂ ਕਰੇ ਆਪ
ਗੁਰੂ ਦੇ ਦੋਖੀ ਨੂੰ ਪੰਜਾਬ ’ਤੇ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ
ਗੁਰੂ ਸਾਹਿਬਾਨ ਤੇ ਖਾਲਸਾ ਪੰਥ ਦੇ ਦੁਸ਼ਮਣਾਂ ਖਿਲਾਫ ਇਹ ਸਾਂਝੀ ਧਾਰਮਿਕ ਲੜਾਈ: ਸੁਖਬੀਰ ਸਿੰਘ ਬਾਦਲ
ਅਕਾਲੀ ਦਲ ਪ੍ਰਧਾਨ ਵੱਲੋਂ ਭਗਵੰਤ ਮਾਨ ਨੂੰ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਚੁਣੌਤੀ
ਚੰਡੀਗੜ੍ਹ, 18 ਜੂਨ: ਸ਼੍ਰੋਮਣੀ ਅਕਾਲੀ ਦਲ ਨੇ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਲਈ 19 ਜੁਲਾਈ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਕਿਉਂਕਿ ਭਗਵੰਤ ਮਾਨ ਬਹੁਤ ਹੀ ਘਿਨੌਣੇ ਬੇਅਦਬੀ ਮਾਮਲੇ ਤੇ ਸਿੱਖ ਗੁਰੂ ਸਾਹਿਬਾਨ ਅਤੇ ਸਿੱਖਾਂ ਦੀ ਸਰਵ ਉਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਝੂਠ ਬੋਲਣ ਤੇ ਗੁੰਮਰਾਹ ਕਰਨ ਦੇ ਦੋਸ਼ੀ ਪਾਏ ਗਏ ਹਨ ਜਿਸਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ।
ਅੱਜ ਇਥੇ ਪਾਰਟੀ ਹੈਡਕੁਆਰਟਰਜ਼ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਧਰਮ ਯੁੱਧ ਮੋਰਚਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸ਼ੁਰੂ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਸਾਡੇ ਮਹਾਨ ਸਿੱਖ ਗੁਰੂ ਸਾਹਿਬਾਨ ਅਤੇ ਸਾਡੇ ਸਿੱਖ ਜਰਨੈਲਾਂ ਖਿਲਾਫ ਜੋ ਕੁਝ ਵੀ ਕੀਤਾ, ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਲੰਬੇ ਸਮੇਂ ਤੋਂ ਸਿੱਖ ਕੌਮ ਦੇ ਸਬਰ ਤੇ ਸੰਜਮ ਨੂੰ ਪਰਖਣ ਦਾ ਯਤਨ ਕੀਤਾ ਹੈ। ਹੁਣ ਇਸ ਗੱਲ ਦੀ ਹੱਦ ਹੋ ਗਈ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਸਾਰੀਆਂ ਧਾਰਮਿਕ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਸੰਪਰਦਾਵਾਂ, ਸੰਤ ਸਮਾਜ, ਧਾਰਮਿਕ ਸ਼ਖਸੀਅਤਾਂ, ਸਿੱਖ ਬੁੱਧੀਜੀਵੀਆਂ, ਸਮਾਜਿਕ-ਧਾਰਮਿਕ ਸੰਗਠਨਾਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਜਿਹਨਾਂ ਵਿਚ ਆਪ, ਕਾਂਗਰਸ, ਭਾਜਪਾ ਆਦਿ ਦੇ ਸਿੱਖ ਆਗੂ ਤੇ ਹੋਰ ਵੀ ਸ਼ਾਮਲ ਹਨ, ਨੂੰ ਅਪੀਲ ਕੀਤੀ ਕਿ ਉਹ ਗੁਰੂ ਦੋਖੀ ਤੇ ਪੰਥ ਵਿਰੋਧੀ ਭਗਵੰਤ ਮਾਨ ਦੇ ਖਿਲਾਫ ਇਸ ਸਾਂਝੇ ਧਰਮ ਯੁੱਧ ਵਿਚ ਸ਼ਾਮਲ ਹੋਣ।
ਅਕਾਲੀ ਦਲ ਦੇ ਮੁਖੀ ਨੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ 5 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਵੀ ਕੀਤਾ ਜਿਸ ਵਿਚ ਮਹੇਸ਼ ਇੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ, ਡਾ. ਦਲਜੀਤ ਸਿੰਘ ਚੀਮਾ ਤੇ ਅਮਰਜੀਤ ਸਿੰਘ ਚਾਵਲਾ ਵੀ ਸ਼ਾਮਲ ਕੀਤੇ ਗਏ ਜੋ ਮਾਨ ਲਿਾਫ ਇਸ ਸਾਂਝੇ ਧਰਮਯੁੱਧ ਮੋਰਚੇ ਦੇ ਮਾਮਲੇ ਵਿਚ ਸਭ ਨੂੰ ਮਿਲ ਕੇ ਬੇਨਤੀ ਵੀ ਕਰਨਗੇ।
ਉਹਨਾਂ ਕਿਹਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਮ ’ਤੇ। ਕੋਈ ਵੀ ਸਿਆਸੀ ਪਾਰਟੀ ਦਾ ਧਾਰਮਿਕ ਜਥੇਬੰਦੀ ਹੋਵੇ ਭਾਵੇਂ ਕੋਈ ਵੀ ਹੋਵੇ, ਕਿਸੇ ਦੁਸ਼ਟ ਤੇ ਗੁਰੂ ਦੇ ਦੋਖੀ ਨੂੰ ਇਸ ਪਵਿੱਤਰ ਜ਼ਮੀਨ ਦੀ ਕਿਸਮਤ ’ਤੇ ਰਾਜ ਨਹੀਂ ਕਰਨ ਦੇ ਸਕਦੀ। ਉਹਨਾਂ ਕਿਹਾ ਕਿ ਇਹ ਗੁਰੂ ਸਾਹਿਬਾਨ ਅਤੇ ਖਾਲਸਾ ਪੰਥ ਦੇ ਦੁਸ਼ਮਣਾਂ ਖਿਲਾਫ ਸਾਂਝੀ ਲੜਾਈ ਹੈ। ਉਹਨਾਂ ਕਿਹਾ ਨੇ ਇਹਵੀ ਐਲਾਨ ਕੀਤਾ ਕਿ ਜਦੋਂ ਤੱਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ ਕੋਈ ਵੀ ਅਕਾਲੀ ਦਲ ਐਮ ਐਲ ਏ ਵਿਧਾਨ ਸਭਾ ਕਾਰਵਾਈ ਵਿਚ ਸ਼ਾਮਲ ਨਹੀਂ ਹੋਵੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਕਈ ਮੌਕਿਆਂ ’ਤੇ ਸ਼ਰਾਬੀ ਭਗਵੰਤ ਮਾਨ ਨੂੰ ਬਰਗਾੜੀ ਮੋਰਚੇ, ਤਖ਼ਤ ਸ੍ਰੀ ਦਮਦਮਾ ਸਾਹਿਬ ਵਰਗੀਆਂ ਪਵਿੱਤਰ ਥਾਵਾਂ ਤੋਂ ਸੰਗਤ ਨੂੰ ਪਾਸੇ ਕਰਨਾ ਪਿਆ ਹੈ। ਉਹਨਾਂ ਦੀ ਆਪਣੀ ਧੀ ਸਮੇਤ ਉਹਨਾਂ ਦੇ ਆਪਣੇ ਪਰਿਵਾਰ ਨੇ ਵੀ ਉਹਨਾਂ ’ਤੇ ਸ਼ਰਾਬੀ ਹੋ ਕੇ ਸਿੱਖ ਗੁਰਧਾਮਾਂ ਦੀ ਪਵਿੱਤਰਤਾ ਭੰਗ ਕਰਨ ਦੇ ਦੋਸ਼ ਲਗਾਏ ਹਨ। ਉਹਨਾਂ ਨੂੰ ਸੰਸਦ ਅਤੇ ਵਿਧਾਨ ਸਭਾ ਵਿਚ ਸ਼ਰਾਬੀ ਹਾਲਤ ਵਿਚ ਜਾ ਕੇ ਸਿੱਖ ਕੌਮ ਦੀ ਬਦਨਾਮੀ ਕਰਵਾਉਣ ਦੀ ਲੱਤ ਲੱਗ ਗਈ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਜਨਵਰੀ 2024 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਗਵੰਤ ਮਾਨ ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸਾਹਿਬ ਵਿਚ ਫਾਇਰਿੰਗ ਦਾ ਦੋਸ਼ੀ ਠਹਿਰਾਇਆ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਵੀਡੀਓ ਜਿਸ ਵਿਚ ਭਗਵੰਤ ਮਾਨ ਸ਼ਰਾਬੀ ਹਾਲਤ ਵਿਚ ਸਾਡੇ ਮਹਾਨ ਸਿੱਖ ਸਾਹਿਬਾਨ ਅਤੇ ਸਿੱਖ ਜਰਨੈਲਾਂ ਦੀਆਂ ਤਸਵੀਰਾਂ ’ਤੇ ਸ਼ਰਾਬ ਸੁੱਟਦਾ ਨਜ਼ਰ ਆਉਂਦਾ ਹੈ, ਪਿਛਲੇ ਇਕ ਸਾਲ ਤੋਂ ਜਨਤਕ ਹੈ। ਉਹਨਾਂ ਕਿਹਾ ਕਿ ਇਹ ਵੀਡੀਓ ਉਹਨਾਂ ਦੇ ਆਪਣੇ ਦੋਸਤ ਨੇ ਜਨਤਕ ਕੀਤੀ ਹੈ ਤੇ ਇਸ ਮਾਮਲੇ ਵਿਚ ਉਹਨਾਂ ਖਿਲਾਫ ਅਕਤੂਬਰ 2025 ਵਿਚ ਐਫ ਆਈ ਆਰ ਵੀ ਦਰਜ ਕੀਤੀ ਗਈ।
ਉਹਨਾਂ ਕਿਹਾ ਕਿ ਐਫ ਆਈ ਆਰ ਅਤੇ ਕੋਰਟ ਕੇਸ ਵਿਚ ਸਰਕਾਰ ਨੇ ਪਹਿਲਾਂ ਆਖਿਆ ਕਿ ਇਹ ਵੀਡੀਓ ਜਾਅਲੀ ਹੈ ਅਤੇ ਏ ਆਈ ਦੀ ਮਦਦ ਨਾਲ ਭਗਵੰਤ ਮਾਨ ਦੇ ਅਕਸ ਨੂੰ ਸੱਟ ਮਾਰੀ ਗਈ ਹੈ। ਜਦੋਂ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਏ ਆਈ ਨਾਲ ਬਣਾਈ ਵੀਡੀਓ ਹੈ।
ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਦੋ ਫੋਰੈਂਸਿਕ ਲੈਬਾਂ ਦੱਸ ਦੇਣ ਜਿਥੋਂ ਵੀਡੀਓ ਦੀ ਜਾਂਚ ਕਰਵਾਈ ਜਾ ਸਕੇ ਪਰ ਛੇ ਮਹੀਨਿਆਂ ਤੱਕ ਉਹ ਚੁੱਪ ਰਹੇ। ਉਹਨਾਂ ਨੇ ਇਸ ਮਾਮਲੇ ਵਿਚ ਜਥੇਦਾਰ ਸਾਹਿਬ ਵੱਲੋਂ ਭੇਜੇ ਦੋ ਪੱਤਰਾਂ ਦਾ ਵੀ ਜਵਾਬ ਨਹੀਂ ਦਿੱਤਾ।
ਉਹਨਾਂ ਕਿਹਾ ਕਿ ਉਹਨਾਂ ਦੇ ਇਸ ਰੁੱਖੇ ਵਿਵਹਾਰ ਕਾਰਨ ਜਥੇਦਾਰ ਸਾਹਿਬ ਨੇ ਵੀਡੀਓ ਦੇਸ਼ ਦੀਆਂ ਦੋ ਪ੍ਰਮੁੱਖ ਲੈਬਾਂ ਕੋਲ ਭੇਜ ਦਿੱਤੀ ਜਿਹਨਾਂ ਨੇ ਵੀਡੀਓ ਨੂੰ ਸਹੀ ਪਾਇਆ ਤੇ ਮੁੱਖ ਮੰਤਰੀ ਦੇ ਦਾਅਵੇ ਮੁਤਾਬਕ ਏ ਆਈ ਵੀਡੀਓ ਨਹੀਂ ਪਾਇਆ।
ਉਹਨਾਂ ਕਿਹਾ ਕਿ ਹੁਣ ਅਚਨਚੇਤ ਹੀ ਉਹ ਜਨਤਕ ਤੌਰ ’ਤੇ ਅਸਲੀਅਤ ਮੰਨਣ ਤੋਂ ਇਨਕਾਰੀ ਹੋ ਗਏ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਵੀਡੀਓ ਵਿਚਲਾ ਸ਼ਖਸ਼ ਉਹ ਨਹੀਂ ਹਨ।
ਉਹਨਾਂ ਕਿਹਾ ਕਿ ਜਦੋਂ ਅਸਲੀਅਤ ਬੇਨਕਾਬ ਹੋਈ ਤਾਂ ਹੁਣ ਉਸ ਨੇ ਲੁਧਿਆਣਾ ਪੁਲਿਸ ਅਧਿਕਾਰੀ ਦੀ ਮਿਲੀਭੁਗਤ ਨਾਲ 2 ਦਿਨਾਂ ਦੇ ਅੰਦਰ-ਅੰਦਰ ਦੋ ਨਕਲੀ ਲੈਬ ਰਿਪੋਰਟਾਂ ਤਿਆਰ ਕਰਵਾ ਲਈਆਂ ਹਨ। ਉਹਨਾਂ ਕਿਹਾ ਕਿ ਇੰਨੇ ਘੱਟ ਸਮੇਂ ਵਿਚ ਇਹ ਪਰਖ ਅਸੰਭਵ ਹੈ। ਉਹਨਾਂ ਕਿਹਾ ਕਿ ਕਿਸੇ ਵੀ ਫੋਰੈਂਸਿਕ ਲੈਬ ਨੂੰ ਜਾਂਚ ਵਾਸਤੇ ਘੱਟ ਤੋਂ ਘੱਟ 4 ਹਫਤੇ ਲੱਗਦੇ ਹਨ। ਉਹਨਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਉਹ ਦੋਸ਼ੀ ਨਹੀ਼ ਹਨ ਤਾਂ ਉਹਨਾਂ ਨੇ ਇਸ ਵੀਡੀਓ ਦੀ ਜਾਂਚ ਕੇਂਦਰੀ ਫੋਰੈਂਸਿੰਕ ਸਾਇੰਸ ਲੈਬਾਰਟਰੀ ਤੋਂ ਕਿਉਂ ਨਹੀਂ ਕਰਵਾਈ ਜੋ ਚੰਡੀਗੜ੍ਹ ਵਿਚ ਹੈ। ਉਹਨਾਂ ਕਿਹਾ ਕਿ ਹੁਣ ਮੇਨੂੰ ਪਤਾ ਲੱਗਾ ਹੈ ਕਿ ਉਹਨਾਂ ਨੇ ਮਾਮਲੇ ਦੀ ਜਾਂਚ ਵਾਸਤੇ ਪੰਜਾਬ ਦੇ ਡੀ ਜੀ ਪੀ ਕੋਲ ਪਹੁੰਚ ਕੀਤੀ ਹੈ ਤੇ ਮੈਂ ਚੁਣੌਤੀ ਦਿੰਦਾ ਹਾਂ ਕਿ ਜੇਕਰ ਮੁੱਖ ਮੰਤਰੀ ਇਸ ਘਿਨੌਣੇ ਅਪਰਾਧ ਦੇ ਦੋਸ਼ੀ ਨਹੀਂ ਹਨ ਤਾਂ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਲਾਈ ਡਿਟੈਕਟਰ ਟੈਸਟ ਕਰਵਾਉਣ। ਉਹਨਾਂ ਕਿਹਾ ਕਿ ਪੰਜਾਬ ਵਿਚ ਬੇਅਦਬੀਆਂ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਆਪ ਪੰਜਾਬ ਵਿਚ ਆਈ। ਉਹਨਾਂ ਕਿਹਾ ਕਿ ਆਪ ਐਮ ਐਲ ਏ ਨਰੇਸ਼ ਯਾਦਵ ਨੂੰ ਅਦਾਲਤ ਨੇ 2016 ਵਿਚ ਕੁਰਾਨ ਸ਼ਰੀਫ ਦੀ ਕੀਤੀ ਬੇਅਦਬੀ ਦਾ ਦੋਸ਼ੀ ਠਹਿਰਾਇਆ ਹੈ। ਬਜਾਏ ਯਾਦਵ ਨੂੰ ਪਾਰਟੀ ਵਿਚੋਂ ਕੱਢਣ ਦੇ ਕੇਜਰੀਵਾਲ ਨੇ ਉਸਨੂੰ ਫਿਰ ਤੋਂ ਦਿੱਲੀ ਵਿਚ ਐਮ ਐਲ ਏ ਟਿਕਟ ਦਿੱਤੀ।
ਸਰਦਾਰ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਚੀਮਾ ਜੋ ਅੱਜ ਖੁਦ ਭਗਵੰਤ ਮਾਨ ਦੀ ਵਕਾਲਤ ਕਰ ਰਹੇ ਹਨ, ਨੇ ਖੁਦ ਨਰੇਸ਼ ਯਾਦਵ ਦਾ ਕੇਸ ਲੜਿਆ ਸੀ। ਉਹਨਾਂ ਕਿਹਾ ਕਿ ਸਰਦਾਰ ਚੀਮਾ ਇਸ ਅਤਿ ਸੰਵੇਦਨਸ਼ੀਲ ਮੁੱਦੇ ’ਤੇ ਖਾਲਸਾ ਪੰਥ ਨੂੰ ਚੁਣੌਤੀ ਦੇ ਰਹੇ ਹਨ। ਉਹਨਾਂ ਕਿਹਾ ਕਿ ਉਹ ਅਪੀਲ ਕਰਨਗੇ ਕਿ ਉਹ ਅਜਿਹਾ ਕਰਨ ਤੋਂ ਗੁਰੇਜ਼ ਕਰਨ।
ਮੀਡੀਆ ਦੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਕਦੇ ਵੀ ਕਿਸੇ ਵੀ ਜਾਂਚ ਕਮਿਸ਼ਨ ਜਾਂ ਏਜੰਸੀ ਨੇ ਕਿਸੇ ਵੀ ਅਕਾਲੀ ਆਗੂ ਜਾਂ ਵਰਕਰ ਦਾ ਨਾਮ ਜਾਂਚ ਵਿਚ ਨਹੀਂ ਲਿਆ।
ਉਹਨਾਂ ਨੇ ਜਸਟਿਸ ਜ਼ੋਰਾ ਸਿੰਘ (ਰਿਟਾ.) ਦਾ ਹਵਾਲਾ ਵੀ ਦਿੱਤਾ ਜਿਹਨਾਂ ਨੇ ਆਪ ਲੀਡਰਸ਼ਿਪ ’ਤੇ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਹੋਣ ਦਾ ਦੋਸ਼ ਲਗਾਇਆ ਸੀ। ਉਹਨਾਂ ਨੇ ਭਗਵੰਤ ਮਾਨ ਵੱਲੋਂ ਖੁਦ ਜਾਰੀ ਕੀਤੀ ਬਰਗਾੜੀ ਬੇਅਦਬੀ ਜਾਂਚ ਰਿਪੋਰਟ ਦਾ ਵੀ ਜ਼ਿਕਰ ਕੀਤਾ ਜਿਸ ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜਾਬ ਵਿਚ ਬੇਅਦਬੀਆਂ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਤਾਂ ਰਿਪੋਰਟ ਵਿਚ ਦੋਸ਼ੀ ਠਹਿਰਾਏ ਵਿਅਕਤੀਆਂ ਖਿਲਾਫ ਅੱਜ ਤੱਕ ਕਾਰਵਾਈ ਹੀ ਨਹੀਂ ਕੀਤੀ। ਉਹਨਾਂ ਕਿਹਾ ਕਿ ਸੱਚਾਈਇਹ ਹੈ ਕਿ ਭਗਵੰਤ ਮਾਨ ਸਰਕਾਰ ਨੇ ਅੱਜ ਤੱਕ ਡੇਰਾ ਸਿਰਸਾ ਮੁਖੀ ਖਿਲਾਫ ਮੁਕੱਦਮਾ ਚਲਾਉਣ ਦੀ ਆਗਿਆ ਵੀ ਨਹੀਂ ਦਿੱਤੀ।
