ਕਿਹਾ ਕਿ ਸਰਕਾਰ ਵੱਲੋਂ 2.17 ਲੱਖ ਨਸ਼ਾ ਕੇਸਾਂ ਵਿਚੋਂ ਸਿਰਫ 7 ਵਿਚ ਗ੍ਰਿਫਤਾਰੀ ਦੇ ਹੁਕਮ ਦੇਣ ਤੋਂ ਸਪਸ਼ਟ ਹੈ ਕਿ ਸਰਕਾਰ ਦਾ ਉਹਨਾਂ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਦਾ ਕੋਈ ਇਰਾਦਾ ਨਹੀਂ ਜੋ ਜ਼ਮਾਨਤਾਂ ਲੈ ਰਹੇ ਹਨ ਜਾਂ ਹੋਰਾਂ ਦੇ ਨਾਂ ’ਤੇ ਕੰਮ ਕਰ ਰਹੇ ਹਨ

ਚੰਡੀਗੜ੍ਹ ਵਿਚ ਮਨੀਸ਼ ਸਿਸੋਦੀਆ ਲਈ ਸੀਸ਼ ਮਹਿਲ ਤਿਆਰ ਕਰਵਾਉਣ ਦੀ ਕੀਤੀ ਨਿਖੇਧੀ

ਮਾਨਸਾ ਤੇ ਸਰਦੂਲਗੜ੍ਹ ਵਿਚ ਕੀਤੀਆਂ ਵਿਸ਼ਾਲ ਕਾਨਫਰੰਸਾਂ, ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਣ ਵਾਸਤੇ ਇਨਸਾਫ ਮਾਰਚਾਂ ਦੀ ਕੀਤੀ ਅਗਵਾਈ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦੀਆਂ ਮਾਵਾਂ ਧੀਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ੇ ਖ਼ਤਮ ਕਰਨ ਦੀ ਉਹਨਾਂ ਦੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦੇਣਗੀਆਂ ਅਤੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਸੱਚਮੁੱਚ ਹੀ ਸੂਬੇ ਵਿਚੋਂ ਨਸ਼ਾ ਖ਼ਤਮ ਕਰਨਾ ਚਾਹੁੰਦੇ ਹਨ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦੇਣ।

ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਇਥੇ ਅਤੇ ਸਰਦੂਲਗੜ੍ਹ ਵਿਖੇ ਵਿਸ਼ਾਲ ਮਹਿਲਾ ਕਾਨਫਰੰਸ ਕੀਤੀ, ਨੇ ਦੋਵਾਂ ਥਾਵਾਂ ’ਤੇ ਇਨਸਾਫ ਮਾਰਚਾਂ ਦੀ ਵੀ ਅਗਵਾਈ ਕੀਤੀ ਤੇ ਬਾਅਦ ਵਿਚ ਕਾਰਜਕਾਰੀ ਮੈਜਿਸਟਰੇਟਾਂ ਨੂੰ ਰਾਜਪਾਲ ਦੇ ਨਾਮ ’ਤੇ ਮੰਗ ਪੱਤਰ ਸੌਂਪੇ ਗਏ ਜਿਹਨਾਂ ਵਿਚ ਮੰਗ ਕੀਤੀ ਗਈ ਕਿ ਜਿਹੜੇ ਪਰਿਵਾਰ ਨਸ਼ਿਆਂ ਕਾਰਨ ਤਬਾਹ ਹੋਏ ਹਨ, ਉਹਨਾਂ ਨੂੰ ਇਨਸਾਫ ਮਿਲੇ ਤੇ ਉਹਨਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁੜ ਵਸੇਬਾ ਹੋਵੇ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਦੋ ਜ਼ਬਰ ਜਨਾਹ ਕੇਸਾਂ ਵਿਚ ਮੁਲਜ਼ਮਾਂ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾਉਣ ਵਾਸਤੇ 5 ਕਰੋੜ ਰੁਪਏ ਰਿਸ਼ਵਤ ਲੈਣ ਦੇ ਗੰਭੀਰ ਦੋਸ਼ਾਂ ਦੀ ਨਿਸ਼ਚਿਤ ਸਮੇਂ ਅੰਦਰ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ। ਉਹਨਾਂ ਨੇ ਮੋਹਣਜੀਤ ਸਿੰਘ ’ਤੇ ਹੋਏ ਤਸ਼ੱਦਦ ਤੇ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਸਮੇਤ ਪੁਲਿਸ ਤਸ਼ੱਦਦ ਦੇ ਸਾਰੇ ਕੇਸਾਂ ਵਿਚ ਵੀ ਨਿਆਂ ਦੀ ਮੰਗ ਕੀਤੀ।

ਉਹਨਾਂ ਨੇ ਚੰਡੀਗੜ੍ਹ ਵਿਚ ਮਨੀਸ਼ ਸਿਸੋਦੀਆ ਲਈ ਸੀਸ਼ ਮਹਿਲ ਤਿਆਰ ਕਰਵਾਉਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਪੰਜਾਬ ਦਾ ਪੈਸਾ ਅਜਿਹੇ ਅਜਿਹੇ ਫਜ਼ੂਲ ਖਰਚਿਆਂ ’ਤੇ ਉਜਾੜਿਆ ਜਾ ਰਿਹਾ ਹੈ।

ਕਾਨਫਰੰਸਾਂ ਨੂੰ ਸੰਬੋਧਨ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਆਪ ਸਰਕਾਰ ਨੇ ਨਜਾਇਜ਼ ਨਸ਼ਾ ਤਸਕਰੀ ਕੇਸਾਂ (ਪੀ ਆਈ ਟੀ ਐਨ ਡੀ ਪੀ ਐਸ ਕੇਸਾਂ) ਦੇ ਦਰਜ ਹੋਏ ਕੁੱਲ 2.17 ਲੱਖ ਕੇਸਾਂ ਵਿਚੋਂ ਸਿਰਫ 7 ਕੇਸਾਂ ਵਿਚ ਹੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਨਸ਼ਾ ਤਸਕਰੀ ਖ਼ਤਮ ਕਰਨ ਵਾਸਤੇ ਸੰਜੀਦਾ ਨਹੀਂ ਹੈ। ਉਹਨਾਂ ਕਿਹਾ ਕਿ ਇਸ ਐਕਟ ਦੀ ਵਰਤੋਂ ਉਹਨਾਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਈ ਹੋ ਸਕਦੀ ਸੀ ਜੋ ਦੂਜਿਆਂ ਦੇ ਨਾਮ ’ਤੇ ਇਹ ਧੰਦਾ ਕਰਦੇ ਹਨ ਤੇ ਜੋ ਪੁਲਿਸ ਜਾਂਚਾਂ ਵਿਚ ਕਮੀਆਂ ਕਾਰਨ ਵਾਰ-ਵਾਰ ਜ਼ਮਾਨਤ ਲੈ ਜਾਂਦੇ ਹਨ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਦੀ ਆਪ ਆਗੂਆਂ ਤੇ ਪੁਲਿਸ ਵਿਚਾਲੇ ਗੰਢਤੁੱਪ ਤੋੜਨ ਦਾ ਕੋਈ ਇਰਾਦਾ ਨਹੀਂ ਹੈ ਜਿਸ ਕਾਰਨ ਅੱਜ ਸੂਬੇ ਵਿਚ ਨਸ਼ਾ ਘਰ-ਘਰ ਸਪਲਾਈ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਆਪ ਦੇ ਰਾਜ ਵਿਚ ਨਸ਼ਾ ਤਸਕਰੀ ਵਿਚ ਪੰਜਾਬ ਪਹਿਲੇ ਅਤੇ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋਣ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਹੈ।

ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਹਾਲਾਤਾਂ ਨੂੰ ਅਜਿਹੇ ਹੀ ਬਣੇ ਨਹੀਂ ਰਹਿਣ ਦਿੱਤਾ ਜਾ ਸਕਦਾ। ਉਹਨਾਂ ਕਿਹਾ ਕਿ ਸਾਡੀਆਂ ਧੀਆਂ ਭੈਣਾਂ ਨੇ ਹੁਣ ਆਪ ਬੀੜਾ ਚੁੱਕ ਲਿਆ ਹੈ ਤੇ ਅਸੀਂ ਨਸ਼ਾ ਤਸਕਰਾਂ ਨੂੰ ਜਵਾਬਦੇਹ ਠਹਿਰਾਵਾਂਗੇ ਤੇ ਸਰਕਾਰ ਨੂੰ ਉਹਨਾਂ ਖਿਲਾਫ ਕਾਰਵਾਈ ਵਾਸਤੇ ਮਜਬੂਰ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਵੀ ਵਾਅਦੇ ਮੁਤਾਬਕ ਨਸ਼ਿਆਂ ਨੂੰ ਨਕੇਲ ਪਾਉਣ ਦੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦਿਆਂਗੇ। ਨਸ਼ਾ ਘਰ-ਘਰ ਪੁੱਜਣ ਤੇ ਸਾਰੀ ਪੀੜੀ ਲਈ ਖ਼ਤਰਾ ਬਣਨ ਲਈ ਮੁੱਖ ਮੰਤਰੀ ਖੁਦ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਨਸ਼ਾ ਜੇਲ੍ਹਾਂ ਵਿਚ ਵੀ ਆਮ ਮਿਲ ਰਿਹਾ ਹੈ ਜਦੋਂ ਕਿ ਇਹ ਵਿਭਾਗ ਮੁੱਖ ਮੰਤਰੀ ਦੇ ਕੋਲ ਹੈ। ਉਹਨਾਂ ਕਿਹਾ ਕਿ ਸਿਖ਼ਰ ਤੋਂ ਲੈ ਕੇ ਹੇਠਾਂ ਤੱਕ ਸਾਰਾ ਸਿਸਟਮ ਹੀ ਰਲਿਆ ਹੋਇਆ ਹੈ ਤੇ ਆਪ ਆਗੂ ਨਸ਼ਾ ਤਸਕਰਾਂ ਤੋਂ ਮਹੀਨੇ ਲੈ ਰਹੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵਿਚ ਕਿਸੇ ਦੀ ਵੀ ਗਲੀਆਂ ਵਿਚ ਚਿੱਟਾ ਵੇਚਣ ਦੀ ਜ਼ੁਰੱਅਤ ਨਹੀਂ ਸੀ ਹੁੰਦੀ।

ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਦੋਵੇਂ ਸਰਕਾਰਾਂ ਫੇਲ੍ਹ ਸਾਬਤ ਹੋਈਆਂ ਹਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਸੀ ਕਿ ਉਹ ਚਾਰ ਹਫਤਿਆਂ ਵਿਚ ਨਸ਼ਾ ਖ਼ਤਮ ਕਰ ਦੇਣਗੇ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ 4 ਮਹੀਨਿਆਂ ਵਿਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਇਸ ਬੁਰਾਈ ਨੂੰ ਖ਼ਤਮ ਕਰ ਸਕਦਾ ਹੈ ਅਤੇ ਇਸ ਵਾਸਤੇ ਉਸਨੇ ਕਾਰਜ ਯੋਜਨਾ ਵੀ ਬਣਾਈ ਹੈ। ਉਹਨਾਂ ਕਿਹਾ ਕਿ ਅਸੀਂ ਨਵਾਂ ਕਾਨੂੰਨ ਲਿਆ ਕਿ ਨਸ਼ਾ ਕੇਸਾਂ ਵਿਚ 10 ਸਾਲਾਂ ਤੱਕ ਜ਼ਮਾਨਤ ਨਾ ਮਿਲਣਾ ਯਕੀਨੀ ਬਣਾਵਾਂਗੇ ਤੇ ਨਾ ਹੀ ਇਸ ਅਪਰਾਧ ਵਾਸਤੇ ਉਮਰ ਕੈਦ ਸ਼ੁਰੂ ਕਰਾਂਗੇ ਅਤੇ ਨਸ਼ਾ ਤਸਕਰਾਂ ਦੀਆਂ ਸਾਰੀਆਂ ਜਾਇਦਾਦਾਂ ਜ਼ਬਤ ਕਰਾਂਗੇ।

ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਕੀਤੇ ਵਾਅਦੇ ਮੁਤਾਬਕ ਔਰਤਾਂ ਵੱਲ ਆਪ ਸਰਕਾਰ ਦਾ 60-60 ਹਜ਼ਾਰ ਰੁਪਏ ਬਕਾਇਆ ਹੈ ਪਰ ਆਪ ਸਰਕਾਰ ਉਹਨਾਂ ਨੂੰ 3-3 ਹਜ਼ਾਰ ਰੁਪਏ ਦੇ ਕੇ ਖਰੀਦਣ ਲਈ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਔਰਤਾਂ ਨੂੰ ਆਪਣਾ ਬਕਾਇਆ ਮੰਗਣ ਦਾ ਹੱਕ ਹੈ ਅਤੇ ਇਹ ਪੈਸਾ ਉਹਨਾਂ ਨੂੰ ਤੁਰੰਤ ਮਿਲਣਾ ਚਾਹੀਦਾ ਹੈ।

ਸਰਦਾਰਨੀ ਹਰਸਿਮਰਤ ਬਾਦਲ ਨੇ ਇਸ ਮੌਕੇ ਔਰਤਾਂ ਨਾਲ ਗੱਲਬਾਤ ਕੀਤੀ ਜਿਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਨਾਲ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਹਨ ਤੇ ਉਹਨਾਂ ਨੂੰ ਖਦਸ਼ਾ ਹੈ ਕਿ ਇਹ ਕੰਮ ਉਹਨਾਂ ਦੇ ਘਰ ਤੱਕ ਨਾ ਪਹੁੰਚ ਜਾਵੇ। ਔਰਤਾਂ ਨੇ ਐਮ ਪੀ ਨੂੰ ਦੱਸਿਆ ਕਿ ਨਸ਼ਿਆਂ ਦੀ ਹੋਮ ਡਲੀਵਰੀ ਹੋ ਰਹੀ ਹੈ ਅਤੇ ਜੇਕਰ ਉਹ ਆਪਣੇ ਪਿੰਡਾਂ ਵਿਚ ਨਸ਼ਿਆਂ ਦੀ ਵਿਕਰੀ ਦਾ ਵਿਰੋਧ ਕਰਦੇ ਹਨ ਤਾਂ ਉਹਨਾਂ ਨੂੰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਇਸ ਮੌਕੇ ਸੀਨੀਅਰ ਆਗੂ ਪ੍ਰੇਮ ਅਰੋੜਾ ਤੇ ਦਿਲਰਾਜ ਸਿੰਘ ਭੂੰਦੜ ਵੀ ਬਠਿੰਡਾ ਐਮ ਪੀ ਦੇ ਨਾਲ ਸਨ।