ਅੰਮ੍ਰਿਤਸਰ ਵਿੱਚ ‘ਆਪ’ ਆਗੂ ਦੇ ਪੀਏ ਵੱਲੋਂ ਦੁਕਾਨਦਾਰ ’ਤੇ ਕਿਰਚ ਨਾਲ ਹਮਲੇ ਦੇ ਮਾਮਲੇ ’ਤੇ ਭਾਜਪਾ ਆਗੂ ਨੇ ਘੇਰੀ ਸੂਬਾ ਸਰਕਾਰ
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸ਼ਵੇਤ ਮਲਿਕ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗੁੰਡਿਆਂ ਦੀ ਸਰਕਾਰ ਕਰਾਰ ਦਿੱਤਾ ਹੈ। ਵੀਰਵਾਰ ਨੂੰ ਚੰਡੀਗੜ੍ਹ ਵਿਖੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਆਮ ਲੋਕਾਂ ਦੀ ਨਹੀਂ, ਸਗੋਂ ਗੁੰਡਿਆਂ ਦੀ ਸਰਕਾਰ ਚੱਲ ਰਹੀ ਹੈ। ਇਹ ਗੁੰਡੇ ਸ਼ਰੇਆਮ ਆਮ ਲੋਕਾਂ ’ਤੇ ਹਮਲੇ ਕਰ ਰਹੇ ਹਨ। ਅੰਮ੍ਰਿਤਸਰ ਵਿੱਚ ਅੱਜ ਸਾਹਮਣੇ ਆਏ ਤਾਜ਼ਾ ਮਾਮਲੇ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ।
ਸ਼ਵੇਤ ਮਲਿਕ ਨੇ ਕਿਹਾ ਕਿ ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਵਿਧਾਇਕਾ ਜੀਵਨਜੋਤ ਕੌਰ ਦੇ ਪੀਏ ਮਨਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਇੱਕ ਦੁਕਾਨਦਾਰ ਅਸ਼ਵਨੀ ਕੁਮਾਰ ਨੂੰ ਬਾਜ਼ਾਰ ਵਿੱਚ ਘੇਰ ਕੇ ਉਸ ’ਤੇ ਜਾਨਲੇਵਾ ਹਮਲਾ ਕੀਤਾ। ਦੁਕਾਨਦਾਰ ਦੇ ਪੇਟ ’ਤੇ ਤੇਜ਼ਧਾਰ ਹਥਿਆਰ ਕਿਰਚ ਨਾਲ ਵਾਰ ਕੀਤੇ ਗਏ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ।
ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਨਾਭਾ ਵਿੱਚ ‘ਆਪ’ ਵਿਧਾਇਕ ਗੁਰਦੇਵ ਦੇਵ ਮਾਨ ਵੱਲੋਂ ਇੱਕ ਨੌਜਵਾਨ ਦੀ ਸ਼ਰੇਆਮ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ। ਫਗਵਾੜਾ ਵਿੱਚ ‘ਆਪ’ ਆਗੂ ਗੁਰਸਿਮਰਨ ਸਿੰਘ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਦੀ ਹਵੇਲੀ ਵਿੱਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਹੋਇਆ, ਕਿਉਂਕਿ ਉਸ ਨੇ ‘ਆਪ’ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਤਰ੍ਹਾਂ ਲੁਧਿਆਣਾ ਵਿੱਚ ‘ਆਪ’ ਵਿਧਾਇਕਾ ਰਾਜਿੰਦਰ ਕੌਰ ਛੀਨਾ ’ਤੇ ਇੱਕ ਟਿੱਪਰ ਚਾਲਕ ਨੂੰ ਥੱਪੜ ਮਾਰਨ ਦਾ ਦੋਸ਼ ਲੱਗਿਆ।
ਸ਼ਵੇਤ ਮਲਿਕ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਿੱਚ ਵਿਧਾਇਕਾਂ ਤੋਂ ਲੈ ਕੇ ਉਨ੍ਹਾਂ ਦੇ ਪੀਏ ਅਤੇ ਵਰਕਰਾਂ ਤੱਕ, ਆਮ ਲੋਕਾਂ ’ਤੇ ਰੋਅਬ ਝਾੜ ਰਹੇ ਹਨ। ਪੰਜਾਬ ਦੀ ਜਨਤਾ ਨੇ ਇਨ੍ਹਾਂ ਨੂੰ ਆਮ ਆਦਮੀ ਸਮਝ ਕੇ ਸੱਤਾ ਸੌਂਪੀ ਸੀ, ਪਰ ਅੱਜ ਇਹੀ ਲੋਕ ਆਮ ਜਨਤਾ ਦੀ ਕੁੱਟਮਾਰ ਕਰ ਰਹੇ ਹਨ। ਇਹ ਬੇਹੱਦ ਸ਼ਰਮਨਾਕ ਹੈ ਅਤੇ ਪੰਜਾਬ ਦੇ ਲੋਕ ਇਸ ਗੁੰਡਾਰਾਜ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰਨਗੇ।


