– ਪ੍ਰੋ. ਬਾਂਸਲ ਨੇ ਯੂਨੀਵਰਸਿਟੀ ਦੇ ਮੁੱਖ ਕੈਂਪਸ ਦਾ ਦੌਰਾ ਕੀਤਾ ਤੇ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ
ਕਪੂਰਥਲਾ/ਜਲੰਧਰ – ਪ੍ਰੋ. ਅਰਵਿੰਦ ਕੇ. ਬੰਸਲ ਨੇ ਆਈ.ਕੇ. ਗੁਜਰਾਲ ਪੰਜਾਬ ਟੈਕਨਿਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਦੇ 21ਵੇਂ ਉਪ-ਕੁਲਪਤੀ ਵਜੋਂ ਯੂਨੀਵਰਸਿਟੀ ਦੇ ਮੋਹਾਲੀ ਕੈਂਪਸ ਵਿੱਚ ਅਧਿਕਾਰਕ ਤੌਰ ‘ਤੇ 25 ਅਗਸਤ 2026 ਨੂੰ ਚਾਰਜ ਸੰਭਾਲਿਆ ਹੈ। ਚਾਰਜ ਸੰਭਾਲਣ ਤੋਂ ਬਾਅਦ, ਪ੍ਰੋ. ਬੰਸਲ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਜਲੰਧਰ-ਕਪੂਰਥਲਾ ਹਾਈਵੇ ‘ਤੇ ਸਥਿਤ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ਜਿਮੇਦਾਰੀ ਸੰਭਾਲੀ।
ਪ੍ਰੋ. ਬੰਸਲ ਨੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਆਪਣੀ ਪਹਿਲੀ ਮੁਲਾਕਾਤ ਕੀਤੀ ਅਤੇ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਅਕਾਦਮਿਕ ਅਤੇ ਪ੍ਰਸ਼ਾਸਕੀ ਪ੍ਰਕਿਰਿਆਵਾਂ ਵਿੱਚ ਕੁਸ਼ਲਤਾ, ਪਾਰਦਰਸ਼ਤਾ ਅਤੇ ਨਵੀਨਤਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਰਜਿਸਟਰਾਰ ਡਾ. ਨਵਦੀਪਕ ਸੰਧੂ ਨਾਲ ਮੀਟਿੰਗ ਦੌਰਾਨ ਉਪ-ਕੁਲਪਤੀ ਵੱਲੋਂ ਵੱਖ-ਵੱਖ ਵਿਭਾਗਾਂ ਦੇ ਪਹਿਲ ਦੇ ਆਧਾਰ ਤੇ ਕਰਨ ਵਾਲੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਤੇ ਰਿਸਰਚ ਇਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਪ੍ਰੋ. ਬੰਸਲ ਨੇ ਆਪਣੀ ਅਕਾਦਮਿਕ ਦ੍ਰਿਸ਼ਟੀ ਸਾਂਝੀ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੂੰ ਤਕਨੀਕੀ ਸਿੱਖਿਆ ਦਾ ਵਿਸ਼ਵ ਪੱਧਰੀ ਕੇਂਦਰ ਬਣਾਇਆ ਜਾਵੇਗਾ, ਜਿਸ ਵਿੱਚ ਇੰਟਰਡਿਸ਼ਪਲਿਨਰੀ (ਅੰਤਰ-ਅਕਾਦਮਿਕ ਵਿਸ਼ੇ) ਸਿੱਖਿਆ ਅਤੇ ਗਲੋਬਲ ਮਿਆਰਾਂ ‘ਤੇ ਖਾਸ ਧਿਆਨ ਦਿੱਤਾ ਜਾਵੇਗਾ।
ਉਨ੍ਹਾਂ ਨੇ ਪ੍ਰਮੁੱਖ ਸੰਸਥਾਵਾਂ ਅਤੇ ਉਦਯੋਗਿਕ ਭਾਗੀਦਾਰਾਂ ਨਾਲ ਰਿਸਰਚ ਸਹਿਯੋਗ ਨੂੰ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ, ਤਾਂ ਜੋ ਨਵੀਨਤਾ ਅਤੇ ਗਿਆਨ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਪ੍ਰੋ. ਬੰਸਲ ਨੇ ਵਿਦਿਆਰਥੀ ਪਹਿਲਾ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ਅਤੇ ਅਜਿਹੇ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਜੋ ਹੁਨਰ ਵਿਕਾਸ, ਉਦਯਮਤਾ ਅਤੇ ਸਮੁੱਚੇ ਵਿਕਾਸ ਨੂੰ ਪ੍ਰੋਤਸਾਹਿਤ ਕਰਨ।
ਯੂਨੀਵਰਸਿਟੀ ਦੇ ਫੈਕਲਟੀ, ਅਧਿਕਾਰੀਆਂ ਅਤੇ ਸਟਾਫ਼ ਨੇ ਪ੍ਰੋ. ਬੰਸਲ ਦੀ ਸਰਗਰਮ ਭਾਗੀਦਾਰੀ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੇ ਨੇਤ੍ਰਿਤਵ (ਦੀ ਅਗਵਾਈ) ਹੇਠ ਆਈ.ਕੇ.ਜੀ ਪੀ.ਟੀ.ਯੂ ਨਵੀਂ ਊਰਜਾ ਅਤੇ ਦਿਸ਼ਾ ਪ੍ਰਾਪਤ ਕਰੇਗੀ! ਉਹਨਾਂ ਉੱਚ ਸਿੱਖਿਆ ਦੇ ਖੇਤਰ ਵਿੱਚ ਆਪਣੀ ਅਗਵਾਈ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਲਈ ਉਪ-ਕੁਲਪਤੀ ਜੀ ਦਾ ਸਾਥ ਦੇਵੇਗਾ!

