ਗ੍ਰਹਿ-ਅਤੇ-ਸਿਹਤ ਸਕੱਤਰ ਮਨਦੀਪ ਸਿੰਘ ਬਰਾੜ ਨੇ ਕੈਮਿਸਟਾਂ ਨੂੰ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਬਣਾਉਣ ਦੇ ਪ੍ਰਸ਼ਾਸਨ ਦੇ ਮਿਸ਼ਨ ਵਿੱਚ ਸਹਿਯੋਗ ਦੇਣ ਦਾ ਸੱਦਾ ਦਿੱਤਾ
ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਦੇ ਮਾਰਗਦਰਸ਼ਨ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਗ੍ਰਹਿ-ਅਤੇ-ਸਿਹਤ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ ਨੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਅਤੇ ਚੰਡੀਗੜ੍ਹ ਦੇ ਕੈਮਿਸਟਾਂ ਨਾਲ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਆਦਤ ਪੈਦਾ ਕਰਨ ਵਾਲੀਆਂ ਦਵਾਈਆਂ ਅਤੇ ਨਸ਼ੀਲੇ ਪਦਾਰਥਾਂ ਦੀ ਅਵੈਧ ਵਿਕਰੀ ਅਤੇ ਦੁਰਉਪਯੋਗ ਨੂੰ ਰੋਕਣ, ਇਨ੍ਹਾਂ ਦੀ ਗ਼ੈਰ-ਕਾਨੂੰਨੀ ਸਪਲਾਈ ਵਿਵਸਥਾ ਨੂੰ ਰੋਕਣ ਅਤੇ ਪ੍ਰਸ਼ਾਸਨ ਤੇ ਕੈਮਿਸਟਾਂ ਦੇ ਦਰਮਿਆਨ ਤਾਲਮੇਲ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਵਿਸ਼ੇਸ਼ ਤੌਰ ‘ਤੇ ਚਰਚਾ ਕੀਤੀ ਗਈ। ਇਹ ਪਹਿਲ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਬਣਾਉਣ ਲਈ ਪ੍ਰਸ਼ਾਸਨ ਦੇ ਨਿਰੰਤਰ ਮਿਸ਼ਨ ਅਤੇ ਨਸ਼ੇ ਦੇ ਵਿਰੁੱਧ ਦ੍ਰਿੜ੍ਹ ਅਭਿਯਾਨ ਦਾ ਹਿੱਸਾ ਹੈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਆਦਤ ਪੈਦਾ ਕਰਨ ਵਾਲੀਆਂ ਦਵਾਈਆਂ ਦੀ ਅਵੈਧ ਸਪਲਾਈ ਅਤੇ ਦੁਰਉਪਯੋਗ ਨੂੰ ਰੋਕਣ ਵਿੱਚ ਕੈਮਿਸਟਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਸਾਰੇ ਕੈਮਿਸਟਾਂ ਨੂੰ ਲਾਗੂ ਕਾਨੂੰਨਾਂ ਅਤੇ ਨਿਰਧਾਰਿਤ ਨਿਯਮਾਂ ਦਾ ਸਖ਼ਤੀ ਨਾਲ ਪਾਲਨ ਕਰਨ ਅਤੇ ਅਜਿਹੀਆਂ ਦਵਾਈਆਂ ਦੀ ਵਿਕਰੀ ਦਾ ਉਚਿਤ ਰਿਕਾਰਡ ਰੱਖਣ ਦੇ ਨਿਰਦੇਸ਼ ਦਿੱਤੇ।
ਗ੍ਰਹਿ-ਅਤੇ-ਸਿਹਤ ਸਕੱਤਰ ਨੇ ਕੈਮਿਸਟਾਂ ਨੂੰ ਸਤਰਕ ਰਹਿਣ ਅਤੇ ਅਜਿਹੀਆਂ ਦਵਾਈਆਂ ਅਤੇ ਨਸ਼ੀਲੇ ਪਦਾਰਥਾਂ ਦੀ ਅਵੈਧ ਵਿਕਰੀ, ਸਪਲਾਈ ਜਾਂ ਦੁਰਉਪਯੋਗ ਨਾਲ ਸਬੰਧਿਤ ਕਿਸੇ ਵੀ ਸੂਚਨਾ ਨੂੰ ਤੁਰੰਤ ਪ੍ਰਸ਼ਾਸਨ ਨਾਲ ਸਾਂਝੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਅਜਿਹੀ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਸ਼੍ਰੀ ਬਰਾੜ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਪ੍ਰਸ਼ਾਸਨ, ਲਾਗੂਕਰਨ ਏਜੰਸੀਆਂ, ਸਿਹਤ ਅਧਿਕਾਰੀਆਂ, ਕੈਮਿਸਟਾਂ ਅਤੇ ਨਾਗਰਿਕਾਂ ਦੇ ਸਮੂਹਿਕ ਅਤੇ ਤਾਲਮੇਲ ਵਾਲੇ ਪ੍ਰਯਾਸ ਜ਼ਰੂਰੀ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕਰਕੇ ਕਿਸੇ ਵੀ ਦਵਾਈ ਜਾਂ ਨਸ਼ੀਲੇ ਪਦਾਰਥ ਦੀ ਵਿਕਰੀ ਜਾਂ ਸਪਲਾਈ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਸੁਮਨ ਸਿੰਘ ਨੇ ਪ੍ਰਤੀਭਾਗੀਆਂ ਨੂੰ ਜਾਣੂ ਕਰਵਾਇਆ ਕਿ ਕੈਮਿਸਟ ਦੀਆਂ ਦੁਕਾਨਾਂ ਦੀ ਨਿਯਮਿਤ ਜਾਂਚ ਦੇ ਨਾਲ-ਨਾਲ ਅਚਾਨਕ ਜਾਂਚ ਵੀ ਕੀਤੀ ਜਾਵੇਗੀ। ਜੇਕਰ ਨਿਰੀਖਣ ਦੌਰਾਨ ਕੋਈ ਉਲੰਘਣਾ ਪਾਈ ਜਾਂਦੀ ਹੈ, ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਇਸ ਮਹੱਤਵਪੂਰਨ ਅਤੇ ਨਿਰੰਤਰ ਚਲਾਈ ਜਾ ਰਹੀ ਮੁਹਿੰਮ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸਾਰੇ ਕਾਨੂੰਨੀ ਪ੍ਰਾਵਧਾਨਾਂ ਦੀ ਪਾਲਣਾ ਕਰਨ ਅਤੇ ਨਸ਼ੇ ਦੀ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਕੇ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦੇ ਪ੍ਰਸ਼ਾਸਨ ਦੇ ਦ੍ਰਿੜ੍ਹ ਯਤਨਾਂ ਵਿੱਚ ਸਰਗਰਮ ਸਹਿਯੋਗ ਦੇਣ ਦੀ ਪ੍ਰਤੀਬੱਧਤਾ ਦੁਹਰਾਈ।


