ਇੰਡੀਅਨ ਬਿਲਡਿੰਗਸ ਕਾਂਗਰਸ (ਆਈਬੀਸੀ) ਦੀ ਸਰਪ੍ਰਸਤੀ ਵਿੱਚ ਆਈਬੀਸੀ ਚੰਡੀਗੜ੍ਹ ਅਤੇ ਹਰਿਆਣਾ ਸੈਂਟਰ, ਨੇ ਸ਼ਨੀਵਾਰ ਨੂੰ ਹੋਟਲ ਮਾਊਂਟਵਿਊ, ਸੈਕਟਰ 10, ਚੰਡੀਗੜ੍ਹ ਵਿਖੇ “ਹਾਈ ਰਾਇਜ਼ ਬਿਲਡਿੰਗਸ ਵਿੱਚ ਸੇਵਾਵਾਂ” ਵਿਸ਼ੇ ‘ਤੇ
ਆਪਣਾ ਮਿਡ-ਟਰਮ ਸੈਸ਼ਨ ਅਤੇ ਨੈਸ਼ਨਲ ਸੈਮੀਨਾਰ ਆਯੋਜਿਤ ਕੀਤਾ।
ਸੈਮੀਨਾਰ ਵਿੱਚ ਦੇਸ਼ ਭਰ ਤੋਂ ਇੰਜੀਨੀਅਰਾਂ, ਆਰਕੀਟੈਕਟਾਂ, ਯੋਜਨਾਕਾਰਾਂ, ਸਲਾਹਕਾਰਾਂ, ਸਿੱਖਿਆ ਸ਼ਾਸਤਰੀਆਂ, ਸਰਕਾਰੀ ਅਧਿਕਾਰੀਆਂ ਅਤੇ ਉਦਯੋਗ ਮਾਹਰਾਂ ਨੇ ਹਿੱਸਾ ਲਿਆ।
ਚੰਡੀਗੜ੍ਹ ਪ੍ਰਸ਼ਾਸਨ ਦੇ ਸਕੱਤਰ ਇੰਜੀਨੀਅਰਿੰਗ ਸ਼੍ਰੀਮਤੀ ਪ੍ਰੇਰਣਾ ਪੁਰੀ, ਆਈਏਐੱਸ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਪਰੰਪਰਾਗਤ ਦੀਪ ਜਗਾ ਕੇ ਸੈਮੀਨਾਰ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਇੰਡੀਅਨ ਬਿਲਡਿੰਗਸ ਕਾਂਗਰਸ ਦੇ ਸੰਸਥਾਪਕ ਪ੍ਰਧਾਨ ਸ਼੍ਰੀ ਓ.ਪੀ. ਗੋਇਲ; ਆਈਬੀਸੀ ਦੇ ਪ੍ਰਧਾਨ ਸ਼੍ਰੀ ਸੀ. ਦੇਬਨਾਥ; ਆਈਬੀਸੀ ਦੇ ਉਪ ਪ੍ਰਧਾਨ ਸ਼੍ਰੀ ਟੋਲੀ ਬਸਰ; ਆਈਬੀਸੀ ਹਰਿਆਣਾ ਸੈਂਟਰ ਦੇ ਚੇਅਰਮੈਨ ਅਤੇ ਇੰਜੀਨੀਅਰ-ਇਨ-ਚੀਫ਼ ਸ਼੍ਰੀ ਅਨਿਲ ਕੁਮਾਰ ਦਹੀਆ; ਉਪ-ਪ੍ਰਧਾਨ ਅਤੇ ਆਨਰੇਰੀ ਸਕੱਤਰ,
ਸ਼੍ਰੀ ਸੀ.ਬੀ. ਓਝਾ ਸਹਿਤ ਅਨੇਕ ਸੀਨੀਅਰ ਇੰਜੀਨੀਅਰ, ਆਰਕੀਟੈਕਟ ਅਤੇ ਵਿਸ਼ਿਸ਼ਟ ਪ੍ਰਤੀਨਿਧੀ ਉਪਸਥਿਤ ਰਹੇ।
ਇਕੱਠ ਨੂੰ ਸੰਬੋਧਨ ਕਰਦੇ ਹੋਏ,
ਮੁੱਖ ਮਹਿਮਾਨ ਸ਼੍ਰੀਮਤੀ ਪ੍ਰੇਰਣਾ ਪੁਰੀ ਨੇ ਇਸ ਮਹੱਤਵਪੂਰਨ ਵਿਸ਼ੇ ‘ਤੇ ਸੈਮੀਨਾਰ ਆਯੋਜਿਤ ਕਰਨ ਲਈ ਇੰਡੀਅਨ ਬਿਲਡਿੰਗਸ ਕਾਂਗਰਸ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਤੀਬਰ ਸ਼ਹਿਰੀਕਰਣ ਅਤੇ ਬਹੁਮੰਜ਼ਿਲਾ ਇਮਾਰਤਾਂ ਦੇ ਵਧਦੇ ਨਿਰਮਾਣ ਦੇ ਕਾਰਨ ਸੁਰੱਖਿਅਤ, ਊਰਜਾ ਦਕਸ਼, ਟਿਕਾਊ ਅਤੇ ਸੁਵਿਧਾਜਨਕ ਭਵਨ ਸੇਵਾਵਾਂ ਦਾ ਮਹੱਤਵ ਲਗਾਤਾਰ ਵਧ ਰਿਹਾ ਹੈ।ਉਨ੍ਹਾਂ ਨੇ ਸਮਾਰਟ ਅਤੇ ਵਾਤਾਵਰਣ ਅਨੁਕੂਲ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਆਧੁਨਿਕ ਤਕਨੀਕਾਂ, ਏਕੀਕ੍ਰਿਤ ਯੋਜਨਾ ਅਤੇ ਸੁਰੱਖਿਆ ਮਿਆਰਾਂ ਦੇ ਸਖ਼ਤੀ ਨਾਲ ਪਾਲਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਟਿਕਾਊ ਸ਼ਹਿਰੀ ਵਿਕਾਸ ਵਿੱਚ ਇੰਜੀਨੀਅਰਾਂ, ਆਰਕੀਟੈਕਟਾਂ ਅਤੇ ਤਕਨੀਕੀ ਮਾਹਰਾਂ ਦੀ ਮਹੱਤਵਪੂਰਨ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਸੈਮੀਨਾਰ ਵਿੱਚ ਗ੍ਰੀਨ ਬਿਲਡਿੰਗ ਜ਼ਰੂਰਤਾਂ, ਮਕੈਨੀਕਲ, ਇਲੈਕਟ੍ਰੀਕਲ ਅਤੇ ਪਲੰਬਿੰਗ (ਐੱਮਈਪੀ) ਸੇਵਾਵਾਂ ਵਿੱਚ ਇਨੋਵੇਸ਼ਨਸ, ਹਾਈ ਰਾਇਜ਼ ਬਿਲਡਿੰਗਾਂ ਵਿੱਚ ਅਗਨੀ ਰੱਖਿਆ ਸੇਵਾਵਾਂ ਅਤੇ ਭਵਨ ਰੱਖ-ਰਖਾਅ ਸੇਵਾਵਾਂ ਦੇ ਆਟੋਮੇਸ਼ਨ ਅਤੇ ਨਿਯੰਤਰਣ ਜਿਹੇ ਵਿਸ਼ਿਆਂ ‘ਤੇ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ।
ਮਾਹਰਾਂ, ਸਿੱਖਿਆ ਸ਼ਾਸਤਰੀਆਂ ਅਤੇ ਉਦਯੋਗ ਜਗਤ ਦੇ ਸੀਨੀਅਰ ਪੇਸ਼ੇਵਰਾਂ ਨੇ ਪ੍ਰਤੱਖ ਅਤੇ ਵਰਚੁਅਲ ਮੋਡ ਨਾਲ ਤਕਨੀਕੀ ਪ੍ਰਸਤੁਤੀਆਂ ਦਿੱਤੀਆਂ ਅਤੇ ਹਾਈ ਰਾਇਜ਼ ਭਵਨਾਂ ਦੀ ਯੋਜਨਾ, ਡਿਜ਼ਾਈਨ, ਨਿਰਮਾਣ, ਸੰਚਾਲਨ, ਸੁਰੱਖਿਆ, ਊਰਜਾ ਦਕਸ਼ਤਾ ਅਤੇ ਰੱਖ-ਰਖਾਅ ਨਾਲ ਜੁੜੇ ਆਪਣੇ ਅਨੁਭਵ, ਅਧਿਐਨ ਅਤੇ ਬਿਹਤਰੀਨ ਪਿਰਤਾਂ ਸਾਂਝੀਆਂ ਕੀਤੀਆਂ।
ਵਿਚਾਰ-ਵਟਾਂਦਰੇ ਦੇ ਦੌਰਾਨ ਬੁੱਧੀਮਾਨ ਭਵਨ ਪ੍ਰਬੰਧਨ ਪ੍ਰਣਾਲੀਆਂ, ਊਰਜਾ ਸੰਭਾਲ਼, ਗ੍ਰੀਨ ਬਿਲਡਿੰਗ ਟੈਕਨੋਲੋਜੀ, ਉੱਨਤ ਅਗਨੀ ਸੁਰੱਖਿਆ ਪ੍ਰਣਾਲੀ, ਵਰਟੀਕਲ ਟ੍ਰਾਂਸਪੋਰਟੇਸ਼ਨ, ਐੱਚਵੀਏਸੀ ਪ੍ਰਣਾਲੀ, ਸਮਾਰਟ ਆਟੋਮੇਸ਼ਨ, ਡਿਜੀਟਲ ਨਿਗਰਾਨੀ ਅਤੇ ਪ੍ਰੋਡਕਟਿਵ ਮੇਂਟੇਨੈਂਸ (ਰੱਖ-ਰਖਾਅ) ਜਿਹੇ ਵਿਸ਼ਿਆਂ ‘ਤੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਨਾਲ ਹੀ ਵਿਭਿੰਨ ਭਵਨ ਸੇਵਾਵਾਂ ਦੇ ਏਕੀਕਰਣ, ਪਰਿਚਾਲਨ ਦਕਸ਼ਤਾ, ਸੁਰੱਖਿਆ ਅਤੇ ਵਾਤਾਵਰਣਕ ਸਥਿਰਤਾ ਨਾਲ ਜੁੜੀਆਂ ਚੁਣੌਤੀਆਂ ‘ਤੇ ਵੀ ਚਰਚਾ ਹੋਈ।
ਪ੍ਰਤੀਭਾਗੀਆਂ ਨੇ ਡਿਜ਼ਾਈਨ ਮਿਆਰਾਂ, ਬਿਲਡਿੰਗ ਕੋਡਸ ਦੇ ਅਨੁਪਾਲਨ, ਲਾਗੂਕਰਨ ਸਬੰਧੀ ਚੁਣੌਤੀਆਂ ਅਤੇ ਰੱਖ-ਰਖਾਅ ਪ੍ਰਕਿਰਿਆਵਾਂ ਨਾਲ ਜੁੜੇ ਵਿਭਿੰਨ ਵਿਵਹਾਰਿਕ ਪ੍ਰਸ਼ਨ ਮਾਹਰਾਂ ਦੇ ਸਾਹਮਣੇ ਰੱਖੇ। ਸੈਮੀਨਾਰ ਨੇ ਭਵਨ ਨਿਰਮਾਣ ਖੇਤਰ ਨਾਲ ਜੁੜੇ ਪੇਸ਼ੇਵਰਾਂ ਲਈ ਗਿਆਨ ਅਤੇ ਅਨੁਭਵ ਸਾਂਝੇ ਕਰਨ ਦਾ ਪ੍ਰਭਾਵੀ ਮੰਚ ਉਪਲਬਧ ਕਰਵਾਇਆ।
ਪ੍ਰੋਗਰਾਮ ਦਾ ਸਮਾਪਨ ਧੰਨਵਾਦ ਦੇ ਪ੍ਰਸਤਾਵ ਨਾਲ ਹੋਇਆ,ਜਿਸ ਵਿੱਚ ਮੁੱਖ ਮਹਿਮਾਨ, ਪਤਵੰਤਿਆਂ, ਬੁਲਾਰਿਆਂ, ਪ੍ਰਤੀਨਿਧੀਆਂ, ਪ੍ਰਾਯੋਜਕਾਂ ਅਤੇ ਆਯੋਜਨ ਕਮੇਟੀ ਦੇ ਮੈਂਬਰਾਂ ਦਾ ਆਭਾਰ ਵਿਅਕਤ ਕੀਤਾ ਗਿਆ। ਇੰਡੀਅਨ ਬਿਲਡਿੰਗਸ ਕਾਂਗਰਸ ਨੇ ਭਵਿੱਖ ਵਿੱਚ ਵੀ ਭਵਨ ਅਤੇ ਨਿਰਮਾਣ ਖੇਤਰ ਵਿੱਚ ਗਿਆਨ, ਇਨੋਵੇਸ਼ਨਸ ਅਤੇ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣ ਲਈ ਅਜਿਹੇ ਤਕਨੀਕੀ ਪ੍ਰੋਗਰਾਮ ਆਯੋਜਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।

