– ਭਗਵੰਤ ਮਾਨ ਮੁਕਰਨ ਨਾਲ ਗੱਲ ਨਹੀਂ ਬਣਨੀ, ਜਵਾਬ ਦੇਣਾ ਪਵੇਗਾ, ਤੁਸੀਂ ਬੈਂਗਲੋਰ ਗਏ ਤਾਂ ਪ੍ਰਿਤਪਾਲ ਸਿੰਘ ਢੀਂਡਸਾ, ਬੀਰ ਦਵਿੰਦਰ ਅਤੇ ਨਿਤਿਨ ਗੋਹਾਲ ਸਾਰੇ ਤੁਹਾਡੇ ਨਾਲ ਰਹੇ ਅਤੇ ਵਾਪਸੀ ‘ਤੇ ਸਰਕਾਰ ਨੇ ਜੋ ਚਾਰਟਰ ਜਹਾਜ ਕਿਰਾਏ ‘ਤੇ ਕੀਤਾ ਸੀ ਉਸ ਵਿੱਚ ਇਹ ਸਾਰੇ ਤੁਹਾਡੇ ਨਾਲ ਵਾਪਸ ਆਏ – ਬਿਕਰਮ ਸਿੰਘ ਮਜੀਠੀਆ

– ਕਿਹਾ, – ਪੰਜਾਬ ਨੂੰ ਜਵਾਬ ਦਿਓ ਕਿ ਜਿਨ੍ਹਾਂ ‘ਤੇ ਈਡੀ ਦੀ ਰੇਡ ਪਈ, ਉਨਾਂ ਨਾਲ ਵਿਦੇਸ਼ ਵਿਚ ਕਿੰਨਾ ਹਵਾਲਾ ਦਾ ਪੈਸਾ ਕਿੱਥੇ ਖਪਾ ਕੇ ਆਏ ਹੋ?

– ਇਹ ਸਾਰੇ ਤੁਹਾਡੀਆਂ ਅਤੇ ਤੁਹਾਡੇ ਓਐਸਡੀ ਰਾਜਬੀਰ ਘੁੰਮਣ ਦੀਆਂ ਸੱਜੀਆਂ ਖੱਬੀਆਂ ਬਾਹਾਂ ਹਨ, ਹੁਣ ਇਹ ਸਾਰਾ ਪੰਜਾਬ ਕੀ ਪੂਰੀ ਦੁਨੀਆਂ ਜਾਣ ਚੁੱਕੀ ਹੈ

– ਸਭ ਫੜੇ ਜਾਣਗੇ ਪਾਰਟ ਤਿੰਨ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਪ੍ਰਧਾਨ ਅਮਨ ਅਰੋੜਾ ਸਪਸ਼ਟ ਕਰਨ ਕਿ ਸਾਰੇ ਕਾਂਡ ਵਿਚ ਭਾਗੀਦਾਰੀ ਸਾਂਝੀ ਹੈ?

– ਮੁੱਖ ਮੰਤਰੀ ਨੇ ਆਪਣੇ ਪਾਰਟੀ ਪ੍ਰਧਾਨ ਦਾ ਨਾਮ ਮਾਮਲੇ ‘ਚ ਸਾਹਮਣੇ ਆਉਣ ਦੀ ਖੁਸ਼ੀ ਚ ਰਾਤ ਲਾਏ 4 ਪੈੱਗ

– “ਮਾਸਟਰ ਦੇ ਮੁੰਡੇ ਦੀ ‘ਇਮਾਨਦਾਰੀ’ ਦੇ ਢੋਲ ਹੁਣ ਪੰਜਾਬ ਹੀ ਨਹੀਂ, ਦੁਨੀਆ ਭਰ ਵਿੱਚ ਵੱਜਣ ਲੱਗ ਪਏ!, ਹੁਣ ਮੁਕਰਨ ਅਤੇ ਭੱਜਣ ਨਾਲ ਕੁਝ ਨਹੀਂ ਹੋਣਾ, ਹਿਸਾਬ ਤਾਂ ਦੇਣਾ ਪੈਣਾ

– ਜੋਂ ਆਪਣੀ ਮਾਂ ਦੀ ਸਹੁੰ ਖਾਕੇ ਮੁੱਕਰ ਜਾਵੇ, ਆਪਣੀ ਧੀ ਦੀ ਪਹਿਚਾਣ ਕਰਨ ਤੋਂ ਇਨਕਾਰ ਕਰ ਦੇਵੇ, ਜਿਸਦੀ ਫਿਤਰਤ ਹੀ ਝੂਠ ਬੋਲਣ ਦੀ ਹੋਵੇ, ਉਸਤੋਂ ਆਸ ਕੀ ਰੱਖੀ ਜਾ ਸਕਦੀ ਹੈ

– ਪਰਤਾਂ ਖੁੱਲਣ ਦੇ ਡਰੋਂ ਖਰੜ ਦੇ ਈ.ਓ ਦਾ ਰਾਤੋ ਰਾਤ ਕੀਤਾ ਤਬਾਦਲਾ ਸਾਰੇ ਕਾਂਡ ਪਿੱਛੇ ਮੁੱਖ ਮੰਤਰੀ ਅਤੇ ਇਸਦੇ ਕਰੀਬੀਆਂ ਦੇ ਹੱਥ ਹੋਣ ਦਾ ਵੱਡਾ ਸਬੂਤ

ਚੰਡੀਗੜ੍ਹ 8 ਮਈ ( ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਕੱਲ ਤੋਂ ਚੱਲ ਰਹੀਆਂ ਈਡੀ ਦੀਆਂ ਛਾਪੇਮਾਰੀਆਂ ਨੂੰ ਲੈ ਕੇ ਕਥਿਤ ਦੋਸ਼ੀਆਂ ਦੇ ਮੁੱਖ ਮੰਤਰੀ ਨਾਲ ਸਿੱਧੇ ਸਬੰਧਾਂ ਨੂੰ ਲੈਕੇ ਵੱਡੇ ਖੁਲਾਸੇ ਕੀਤੇ ਹਨ l ਉਨ੍ਹਾਂ ਮੁੱਖ ਮੰਤਰੀ ਵਲੋਂ ਇਸ ਮਾਮਲੇ ‘ਚ ਸਫੇਦ ਝੂਠ ਬੋਲਣ ਮਗਰੋਂ ਸ ਮਜੀਠੀਆ ਨੇ ਮੁੱਖ ਮੰਤਰੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਖੜੇ ਹੋ ਕੇ ਸਫੇਦ ਝੂਠ ਬੋਲਿਆ ਕਿ ਮੇਰਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ ਕਿਸੇ ਪੁਰਾਣੀ ਕੰਪਨੀ ਦੀ ਜਾਂਚ ਚੱਲ ਰਹੀ ਹੈ ਸ੍ਰੀ ਦਰਬਾਰ ਸਾਹਿਬ ਸਿੱਖਾਂ ਅਤੇ ਪੰਜਾਬੀਆਂ ਲਈ ਬਹੁਤ ਹੀ ਪਵਿੱਤਰ ਅਸਥਾਨ ਹੈ ਜਿੱਥੇ ਝੂਠ ਬੋਲ ਕੇ ਭਗਵੰਤ ਮਾਨ ਨੇ ਬਜਰ ਗੁਨਾਹ ਕੀਤਾ ਹੈ ਭਗਵੰਤ ਮਾਨ ਹੁਣ ਮੁਕਰਨ ਨਾਲ ਗੱਲ ਨਹੀਂ ਬਣਨੀ, ਸਾਰਾ ਪੰਜਾਬ ਪੁੱਛ ਰਿਹਾ ਹੈ, ਜਵਾਬ ਤਾਂ ਦੇਣਾ ਪਵੇਗਾ l ਉਨ੍ਹਾਂ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਜਦੋਂ ਤੁਸੀਂ ਬੈਂਗਲੋਰ ਗਏ ਸੀ ਤਾਂ ਇਹ ਤਿਨੋਂ, ਪ੍ਰਿਤਪਾਲ ਸਿੰਘ ਢੀਂਡਸਾ, ਬੀਰ ਦਵਿੰਦਰ ਅਤੇ ਨਿਤਿਨ ਗੋਹਾਲ ਜਿਨ੍ਹਾਂ ਦੇ ਟਿਕਾਣਿਆਂ ਤੇ ਈਡੀ ਦੀ ਛਾਪੇਮਾਰੀ ਕੀਤੀ ਹੈ, ਇਹ ਸਾਰੇ ਤੁਹਾਡੇ ਨਾਲ ਓਥੇ ਤੁਹਾਡੇ ਨਾਲ ਹੋਟਲ ਵਿਚ ਰਹੇ ਸੀ ਅਤੇ ਵਾਪਸੀ ‘ਤੇ ਸਰਕਾਰ ਨੇ ਜੋ ਚਾਰਟਰ ਜਹਾਜ ਕਿਰਾਏ ‘ਤੇ ਕੀਤਾ ਸੀ, ਉਸ ਵਿੱਚ ਇਹ ਸਾਰੇ ਤੁਹਾਡੇ ਨਾਲ ਵਾਪਸ ਆਏ ਸੀ ਅਤੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਕਹਿ ਰਹੇ ਹੋ ਕਿ ਮੇਰਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ, ਲੈਣਾ ਦੇਣਾ ਤਾਂ ਪੂਰਾ ਹੈ ਅਤੇ ਸੱਚ ਹੁਣ ਸਾਹਮਣੇ ਆ ਚੁੱਕਿਆ ਹੈ l ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜਵਾਬ ਦਿਓ ਕਿ ਜਿਨ੍ਹਾਂ ‘ਤੇ ਈਡੀ ਦੀ ਰੇਡ ਪਈ, ਉਨਾਂ ਨਾਲ ਕਿਹੜਾ ਹਵਾਲਾ ਦਾ ਪੈਸਾ ਕਿੱਥੇ ਖਪਾ ਕੇ ਆਏ ਹੋ? ਕਿਉਂਕਿ ਇਹ ਸਾਰੇ ਤੁਹਾਡੀਆਂ ਅਤੇ ਤੁਹਾਡੇ ਓਐਸਡੀ ਰਾਜਬੀਰ ਘੁੰਮਣ ਦੀਆਂ ਸੱਜੀਆਂ ਖੱਬੀਆਂ ਬਾਹਾਂ ਹਨ ਜਿਨਾਂ ਨਾਲ ਤੁਹਾਡੀ ਹਰ ਤਰਾਂ ਦੀ ਸਾਂਝ ਹੈ ਅਤੇ ਹੁਣ ਇਹ ਸਾਰਾ ਪੰਜਾਬ ਕੀ ਪੂਰੀ ਦੁਨੀਆਂ ਜਾਣ ਚੁੱਕੀ ਹੈ ਪਰ ਤੁਸੀਂ ਬੇਸ਼ਰਮੀ ਦੀ ਹੱਦ ਪਾਰ ਕਰਦੇ ਹੋਏ ਸਫੇਦ ਝੂਠ ਬੋਲ ਰਹੇ ਹੋ l ਉਨ੍ਹਾਂ ਕਿਹਾ ਕਿ ਸਭ ਫੜੇ ਜਾਣਗੇ ਪਾਰਟ ਤਿੰਨ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਪ੍ਰਧਾਨ ਅਮਨ ਅਰੋੜਾ ਸਪਸ਼ਟ ਕਰਨ ਕਿ ਸਾਰੇ ਕਾਂਡ ਵਿਚ ਭਾਗੀਦਾਰੀ ਸਾਂਝੀ ਹੈ ਜਾਂ ਵੱਖੋ ਵੱਖਰੀ ਕਿਉਂਕਿ ਈਡੀ ਪਹਿਲਾ ਨਸ਼ਰ ਕੀਤੀ ਜਾਣਕਾਰੀ ਵਿੱਚ ਪਾਰਟੀ ਪ੍ਰਧਾਨ ਅਮਨ ਅਰੋੜਾ ਦਾ ਜੇਕਰ ਨਾਮ ਆਇਆ ਹੈ ਤਾਂ ਉਸਦੇ ਪਿੱਛੇ ਕੋਈ ਵੱਡੇ ਤੱਥ ਲਾਜ਼ਮੀ ਤੌਰ ‘ਤੇ ਹਨ l ਉਨ੍ਹਾਂ ਕਿਹਾ ਕਿ ਦੂਜੇ ਪਾਸੇ ਮੁੱਖ ਮੰਤਰੀ ਨੇ ਆਪਣੇ ਪਾਰਟੀ ਪ੍ਰਧਾਨ ਦਾ ਨਾਮ ਮਾਮਲੇ ‘ਚ ਸਾਹਮਣੇ ਆਉਣ ਦੀ ਖੁਸ਼ੀ ‘ਚ ਰਾਤ 4 ਪੈੱਗ ਜ਼ਿਆਦਾ ਖੁਸ਼ੀ ਵਿਚ ਲਾ ਲਏ ਸਨ ਜਿਸਦਾ ਇਲਮ ਸ਼ਾਇਦ ਅਮਨ ਅਰੋੜਾ ਨੂੰ ਵੀ ਹੋ ਗਿਆ ਹੋਣਾ l ਉਨ੍ਹਾਂ ਕਿਹਾ ਕਿ “ਮਾਸਟਰ ਦੇ ਮੁੰਡੇ ਦੀ ‘ਇਮਾਨਦਾਰੀ’ ਦੇ ਢੋਲ ਹੁਣ ਪੰਜਾਬ ਹੀ ਨਹੀਂ, ਦੁਨੀਆ ਭਰ ਵਿੱਚ ਵੱਜਣ ਲੱਗ ਪਏ!, ਹੁਣ ਮੁਕਰਨ ਅਤੇ ਭੱਜਣ ਨਾਲ ਕੁਝ ਨਹੀਂ ਹੋਣਾ, ਹਿਸਾਬ ਤਾਂ ਦੇਣਾ ਹੀ ਪੈਣਾ ਹੈ l ਉਨ੍ਹਾਂ ਕਿਹਾ ਕਿ ਉਹ ਇਹ ਗੱਲ ਦੁਹਰਾਉਣਾ ਨਹੀਂ ਸੀ ਚਾਹੁੰਦੇ ਕਿਉਂਕਿ ਸਾਰੀ ਦੁਨੀਆਂ ਹੀ ਜਾਣਦੀ ਹੈ ਕਿ ਜੋਂ ਆਪਣੀ ਮਾਂ ਦੀ ਸਹੁੰ ਖਾਕੇ ਮੁੱਕਰ ਜਾਵੇ, ਆਪਣੀ ਧੀ ਨੂੰ ਪਹਿਚਾਨਣ ਤੋਂ ਇਨਕਾਰ ਕਰ ਦੇਵੇ, ਜਿਸਦੀ ਫਿਤਰਤ ਹੀ ਝੂਠ ਬੋਲਣ ਦੀ ਹੋਵੇ, ਉਸਤੋਂ ਆਸ ਕੀ ਰੱਖੀ ਜਾ ਸਕਦੀ ਹੈ l ਉਨਾਂ ਕਿਹਾ ਕਿ ਮੁੱਖ ਮੰਤਰੀ ਅਤੇ ਅਮਨ ਅਰੋੜਾ ਜਿੰਨਾ ਮਰਜੀ ਮੁੱਕਰ ਲੈਣ ਪਰ *ਮੋਹਾਲੀ ਦੇ ਫੇਜ਼-4 ਵਿੱਚ ਪ੍ਰਿਤਪਾਲ ਸਿੰਘ ਢੀਂਡਸਾ ਜੋਂ ਮੁੱਖਮੰਤਰੀ ਨਾਲ ਜਹਾਜ ਵਿੱਚ ਬੈਂਗਲੋਰ ਤੋ ਵਾਪਸ ਆਇਆ ਦੇ ਨਾਲ ਜੁੜੇ ਟਿਕਾਣਿਆਂ ਅਤੇ ਫੇਜ਼-10 ਵਿੱਚ ਐਲਟਿਸ ਕੰਪਨੀ ਦੇ ਦਫ਼ਤਰ ‘ਤੇ ਈਡੀ ਦੀ ਛਾਪੇਮਾਰੀ ਨੇ “ਕੱਟਰ ਇਮਾਨਦਾਰੀ” ਦੇ ਸਾਰੇ ਦਾਅਵਿਆਂ ਦੀ ਪੋਲ ਖੋਲ ਕੇ ਰੱਖੀ ਦਿੱਤੀ ਹੈ।
ਉਹਨੇ ਇਹਨਾਂ ਲੋਕਾਂ ਤੇ ਦੋਸ਼ ਲਾਉਂਦਿਆ ਕਿਹਾ ਕਿ ਹੁਣ ਸਾਰਾ ਕੁਝ ਸਪਸ਼ਟ ਹੋ ਚੁੱਕਿਆ ਹੈ ਕਿ ਇਹ ਸਾਰੇ ਹੀ ਮੁੱਖ ਮੰਤਰੀ ਅਤੇ ਉਸਦੇ ਓਐਸਡੀ ਰਾਜਬੀਰ ਦੇ ਬੇਹਦ ਕਰੀਬੀ ਹਨ ਅਤੇ ਇਹਨਾਂ ਸਾਰਿਆਂ ਦੀ ਸਾਂਝ ਵਿੱਚ ਕੀਤੀ ਜਾ ਰਹੀ ਕਾਲੀ ਕਮਾਈ ਦਾ ਕਾਲਾ ਪੈਸਾ ਹਵਾਲਾ ਰਾਹੀਂ ਕਨੇਡਾ, ਆਸਟਰੇਲੀਆ ਤੇ ਹੋਰ ਬਾਹਰੀ ਦੇਸ਼ਾਂ ਵਿਚ ਭੇਜਿਆ ਜਾ ਰਿਹਾ ਹੈ l ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਚਾਹੇ ਇਸ ਮਾਮਲੇ ਤੋਂ ਕਿਨਾਰਾ ਕਰਦੇ ਹੋਏ ਸਫੇਦ ਝੂਠ ਬੋਲ ਰਹੇ ਹਨ, ਪਰ ਇਸ ਗੱਲ ਤੋਂ ਕਿਵੇਂ ਮੁੱਕਰ ਸਕਦੇ ਹੋ ਕਿ ਤੁਹਾਡਾ ਧੀਰ ਐਸੋਸੀਏਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ? ਉਨ੍ਹਾਂ ਕਿਹਾ ਕਿ ਹੁਣ ਸਭ ਸਾਹਮਣੇ ਆ ਚੁੱਕਿਆ ਹੈ ਕਿ ਤੁਸੀਂ ‘ਤੇ ਤੁਹਾਡੇ ਮੁੱਖ ਮੰਤਰੀ ਅਤੇ ਤੁਹਾਡੇ ਕਰੀਬੀਆਂ ਨੇ ਕਿਸ ਤਰਾਂ ਪੰਜਾਬ ਦੇ ਖਜਾਨੇ ਦੀ ਲੁੱਟ ਖਸੁੱਟ ਕਰਦੇ ਹੋਏ ਕਿਸ ਤਰਾਂ ਗਮਾਡਾ, ਗਲਾਡਾ ਅਤੇ ਪੁੱਡਾ ਦੀਆਂ ਜਮੀਨਾਂ ਅਤੇ ਸੀਐਲਯੁ ਵਿੱਚੋਂ ਜਮੀਨਾਂ ਦੇ ਗਲਤ ਪੇਪਰ ਤਿਆਰ ਕਰਾ ਕੇ ਲੁੱਟਿਆ ਹੈ ਅਤੇ ਇਸ ਵਿੱਚ ਤੁਹਾਡੇ ਚਹੇਤੇ ਅਫਸਰ ਵੀ ਸ਼ਾਮਿਲ ਹਨ l ਉਹਨਾਂ ਕਿਹਾ ਕਿ ਜਿਨਾਂ ਲੋਕਾਂ ਨੂੰ ਹੁਣ ਪਛਾਨਣ ਤੋਂ ਮੁੱਖ ਮੰਤਰੀ ਅਤੇ ਅਮਨ ਅਰੋੜਾ ਇਨਕਾਰ ਕਰ ਰਹੇ ਹਨ, ਹਰ ਸਾਲ ਉਹਨਾਂ ਦੇ ਜਨਮ ਦਿਨਾਂ ‘ਤੇ ਕੇਕ ਵੀ ਇਹਨਾਂ ਲੋਕਾਂ ਨੇ ਖੁਦ ਕੱਟੇ ਹਨ ਅਤੇ ਹੁਣ ਬੇਸ਼ਰਮੀ ਨਾਲ ਪਾਸਾ ਵੱਟ ਰਹੇ ਹਨ l ਉਹਨਾਂ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਵੀ ਦੇਰ ਰਾਤ ਖਰੜ ਦੇ ਈਓ ਜਿਸਦਾ ਇਸ ਛਾਪੇਮਾਰੀ ਨਾਲ ਸਿਧਾ ਕਨੈਕਸ਼ਨ ਹੈ, ਜਿਸਦੇ ਗਲ ਅੰਗੂਠਾ ਦੇਕੇ ਮੁੱਖ ਮੰਤਰੀ ਉਸਦੇ ਓਐਸਡੀ ਅਤੇ ਇਸ ਦੇ ਕਰੀਬੀਆਂ ਨੇ ਗ਼ਲਤ ਕੰਮ ਕਰਵਾਏ ਹਨ ਅਤੇ ਹੁਣ ਪਰਤਾਂ ਖੁੱਲਣ ਦੇ ਡਰੋਂ ਉਸਨੂੰ ਰਾਤੋ ਰਾਤ ਬਦਲ ਦਿੱਤਾ ਗਿਆ l ਉਹਨਾਂ ਕਿਹਾ ਕਿ ਆਪਣੇ ਆਪ ਨੂੰ ਆਮ ਘਰਾਂ ਦੇ ਦੱਸ ਕੇ ਪੰਜਾਬ ਤੇ ਲੋਕਾਂ ਨੂੰ ਗੁਮਰਾਹ ਕਰਕੇ ਝੂਠ ਬੋਲ ਕੇ ਸੱਤਾ ਹਾਸਿਲ ਕਰਨ ਵਾਲੇ ਅੱਜ ਖਾਸ ਘਰਾਂ ਦੇ ਉਹ ਮੁੰਡੇ ਬਣ ਚੁੱਕੇ ਹਨ ਜਿਨਾਂ ਨੇ ਪੰਜਾਬ ਨੂੰ ਹਰ ਤਰੀਕੇ ਨਾਲ ਲੁੱਟ ਕੇ ਆਪਣੀ ਕਾਲੀ ਕਮਾਈ ਨੂੰ ਹਵਾਲਾ ਜਰੀਏ ਵਿਦੇਸ਼ਾਂ ਵਿੱਚ ਭੇਜਿਆ ਪਰ ਪੰਜਾਬ ਅਤੇ ਪੰਜਾਬੀ ਇੱਕ ਇੱਕ ਪੈਸੇ ਦਾ ਹਿਸਾਬ ਕਰਨਗੇ ਤੁਸੀਂ ਜਿੰਨਾ ਮਰਜ਼ੀ ਕਰ ਲਓ ਤੇ ਭੱਜ ਲਓ ਪਰ ਤੁਹਾਡਾ ਹਿਸਾਬ ਜਰੂਰ ਕੀਤਾ ਜਾਵੇਗਾ, ਕਿਉਂਕਿ ਦੋਸ਼ੀਆਂ ਨੂੰ ਪਛਾਣਨ ਦੀ ਤੁਹਾਡੀ ਯਾਦਾਸ਼ਤ ਕਮਜ਼ੋਰ ਹੋ ਸਕਦੀ ਹੈ ਪਰ ਪੰਜਾਬ ਨੂੰ ਸਭ ਯਾਦ ਹੈ ਜੋ ਲੁੱਟ ਪੰਜਾਬ ਦੀ ਕੀਤੀ ਗਈ ਹੈ ਉਸ ਦੀ ਪਾਈ ਪਾਈ ਦਾ ਹਿਸਾਬ ਹਰੇਕ ਉਸ ਬੰਦੇ ਤੋਂ ਲਿਆ ਜਾਵੇਗਾ ਜਿਸ ਨੇ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਹੈ।

×