ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੰਸਦ ਵਿੱਚ ਡੱਟ ਕੇ ਬੋਲਾਂਗਾ – ਡਾ: ਗਾਂਧੀ

ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਹਰ ਮੁਲਾਜ਼ਮ ਦਾ ਬੁਨਿਆਦੀ ਹੱਕ – ਡਾ: ਗਾਂਧੀ

ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਡੇਢ ਦਰਜਨ ਦੇ ਕਰੀਬ ਪਿੰਡਾਂ ਵਿੱਚ ਚੋਣ ਦੌਰਾ ਕਰਦਿਆਂ ਆਪਣੀ ਚੋਣ ਮੁਹਿੰਮ ਨੂੰ ਭਖਾਇਆ ਗਿਆ। ਹਰ ਪਿੰਡ ਵਿੱਚ ਡਾਕਟਰ ਗਾਂਧੀ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਅਤੇ ਸਭ ਨੇ ਡਾ: ਗਾਂਧੀ ਦੀ ਜਿੱਤ ਲਈ ਹੱਥ ਖੜ੍ਹੇ ਕਰਕੇ ਭਰੋਸਾ ਦਿੱਤਾ।

ਇਸ ਮੌਕੇ ਬੋਲਦਿਆਂ ਡਾਕਟਰ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਕੇਂਦਰ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਮਗਰੋਂ ਹਰ ਲੋੜਵੰਦ ਗ਼ਰੀਬ ਪਰਿਵਾਰ ਦੀ ਇੱਕ ਔਰਤ ਨੂੰ ਸਲਾਨਾ ਇੱਕ ਲੱਖ ਰੁਪਏ ਸਹਾਇਤਾ ਵਜੋਂ ਮਿਲਣਗੇ ਅਤੇ ਇਹ ਸਕੀਮ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੀ ਆਰਥਿਕ ਦਸ਼ਾ ਸੁਧਾਰਨ ਲਈ ਇੱਕ ਇਨਕਲਾਬੀ ਕਦਮ ਹੋਵੇਗਾ।

ਇਸਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੰਗ ਪੱਤਰ ਦੇਣ ਆਏ ਵਫ਼ਦ ਨੂੰ ਭਰੋਸਾ ਦਿੰਦਿਆਂ ਡਾਕਟਰ ਗਾਂਧੀ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਹਰ ਮੁਲਾਜ਼ਮ ਦਾ ਹੱਕ ਹੈ ਅਤੇ ਇਸਦੀ ਮੁੜ ਬਹਾਲੀ ਲਈ ਮੈਂ ਜਿੱਤ ਕੇ ਸੰਸਦ ਅੰਦਰ ਡੱਟ ਕੇ ਅਵਾਜ਼ ਬੁਲੰਦ ਕਰਾਂਗਾ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਮਗਰੋਂ ਅਸੀਂ ਹਰ ਹਾਲਤ ਇਸਨੂੰ ਲਾਗੂ ਵੀ ਕਰਵਾਵਾਂਗੇ।

ਸ਼ੁਤਰਾਣਾ ਤੋਂ ਹਲਕਾ ਇੰਚਾਰਜ ਦਰਬਾਰਾ ਸਿੰਘ ਬਨਵਾਲਾ ਵੱਲੋਂ ਸਮੁੱਚੇ ਹਲਕੇ ਤੋਂ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਦੁਆਉਣ ਦਾ ਭਰੋਸਾ ਦਵਾਇਆ ਗਿਆ।

×