ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਅਤੇ ਬੇਲਗਾਮ ਨਸ਼ਾ ਸੰਕਟ ਨੂੰ ਲੈ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਯੂਥ ਅਕਾਲੀ ਦਲ ਵੱਲੋਂ ਵੀਰਵਾਰ ਨੂੰ ਨਕੋਦਰ ਵਿਖੇ ਵਿਸ਼ਾਲ ਯੂਥ ਮਿਲਣੀ ਕਰਵਾਈ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਹਲਕਾ ਇੰਚਾਰਜ ਸ. ਰਾਜਕਮਲ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ ਇਸ ਮਿਲਣੀ ਵਿੱਚ ਇਲਾਕੇ ਦੇ ਨੌਜਵਾਨਾਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ।

ਜੋਸ਼ ਨਾਲ ਭਰੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਇਸ ਨੂੰ ਪੂਰੀ ਤਰ੍ਹਾਂ ਨਾਕਾਮ, ਧੱਕੇਸ਼ਾਹੀ ਕਰਨ ਵਾਲੀ ਅਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਵਿਸ਼ਵਾਸਘਾਤ ਕਰਨ ਵਾਲੀ ਸਰਕਾਰ ਕਰਾਰ ਦਿੱਤਾ।

ਝਿੰਜਰ ਨੇ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕੀਤੇ ਗਏ ਬੇਰਹਿਮ ਕਤਲ ਨੂੰ ਸੂਬੇ ਵਿੱਚ ਢਹਿ-ਢੇਰੀ ਹੋਈ ਕਾਨੂੰਨ ਵਿਵਸਥਾ ਦਾ ਸਪੱਸ਼ਟ ਸਬੂਤ ਦੱਸਿਆ। ਉਨ੍ਹਾਂ ਨਸ਼ੇ ਦੀ ਭੇਟ ਚੜ੍ਹੇ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰੀ ਪੁਲਿਸ ਫੋਰਸ ਦੀ ਵਰਤੋਂ ਕਰਕੇ ਖੋਹਣ ਲਈ ਵੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ, ਜੋ ਉਸ ਦੇ ਪਰਿਵਾਰ ਦੀ ਆਵਾਜ਼ ਦਬਾਉਣ ਅਤੇ ਉਨ੍ਹਾਂ ਨੂੰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਕੀਤਾ ਗਿਆ।

ਝਿੰਜਰ ਨੇ ਕਿਹਾ, “ਆਪ ਸਰਕਾਰ ਨਸ਼ਿਆਂ ਦੀ ਲਾਹਨਤ ਨੂੰ ਰੋਕਣ ਵਿੱਚ ਤਾਂ ਨਾਕਾਮ ਰਹੀ ਹੀ ਹੈ, ਸਗੋਂ ਨਸ਼ਿਆਂ ਕਾਰਨ ਆਪਣੇ ਪੁੱਤ ਗੁਆਉਣ ਵਾਲੇ ਪਰਿਵਾਰਾਂ ਦੀ ਆਵਾਜ਼ ਦਬਾਉਣ ਲਈ ਸਰਕਾਰੀ ਮਸ਼ੀਨਰੀ ਦੀ ਵਰਤੋਂ ਵੀ ਕਰ ਰਹੀ ਹੈ। ਝੋਟਾ ਵਰਗੇ ਕਾਰਕੁਨਾਂ ਦੇ ਦਿਨ-ਦਿਹਾੜੇ ਕਤਲਾਂ ਤੋਂ ਲੈ ਕੇ ਨਸ਼ੇ ਦੇ ਪੀੜਤਾਂ ਦੀਆਂ ਲਾਸ਼ਾਂ ਜ਼ਬਰਦਸਤੀ ਖੋਹਣ ਤੱਕ, ਇਸ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਪ੍ਰਤੀ ਆਪਣੀ ਬੇਰਹਿਮੀ ਜੱਗ ਜ਼ਾਹਰ ਕਰ ਦਿੱਤੀ ਹੈ।”

ਝਿੰਜਰ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ, ਤਾਂ ਨੌਜਵਾਨ ਉੱਦਮੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਦਾ ਬਿਨਾਂ ਵਿਆਜ ਕਰਜ਼ਾ ਦਿੱਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ, “ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਨੌਜਵਾਨਾਂ ਦਾ ਰਖਵਾਲਾ ਰਿਹਾ ਹੈ। ਜਿੱਥੇ ਮੌਜੂਦਾ ਸਰਕਾਰ ਖੋਖਲੇ ਪ੍ਰਚਾਰ ਅਤੇ ਪੀ.ਆਰ. ਮੁਹਿੰਮਾਂ ‘ਤੇ ਨਿਰਭਰ ਹੈ, ਉੱਥੇ ਸ. ਸੁਖਬੀਰ ਸਿੰਘ ਬਾਦਲ ਦੀ ਦੂਰਦਰਸ਼ੀ ਸੋਚ ਸਥਾਨਕ ਆਰਥਿਕ ਸਸ਼ਕਤੀਕਰਨ ਅਤੇ ਨੌਜਵਾਨਾਂ ਦੀ ਪ੍ਰਤੀਨਿਧਤਾ ਨੂੰ ਪਹਿਲ ਦੇਵੇਗੀ।”

ਇਸ ਸਮਾਗਮ ਦੌਰਾਨ ਪਾਰਟੀ ਲੀਡਰਸ਼ਿਪ ਅਤੇ ਸਥਾਨਕ ਨੌਜਵਾਨਾਂ ਵਿਚਕਾਰ ਖੁੱਲ੍ਹਾ ਸੰਵਾਦ ਹੋਇਆ, ਜਿਸ ਵਿੱਚ ਨੌਜਵਾਨਾਂ ਨੇ ਰੁਜ਼ਗਾਰ, ਸੁਰੱਖਿਆ ਅਤੇ ਖੇਤਰੀ ਵਿਕਾਸ ਸਬੰਧੀ ਆਪਣੇ ਵਿਚਾਰ ਤੇ ਚਿੰਤਾਵਾਂ ਸਾਂਝੀਆਂ ਕੀਤੀਆਂ।

ਇਸ ਮੌਕੇ ਸ. ਰਵਿੰਦਰ ਸਿੰਘ ਖੇੜਾ ਹਲਕਾ ਇੰਚਾਰਜ ਖਰੜ, ਗੁਰਪ੍ਰੀਤ ਸਿੰਘ ਭੰਤਾਲ ਸਰਕਲ ਪ੍ਰਧਾਨ ਦਿਹਾਤੀ ਨੂਰਮਹਿਲ, ਲਾਬਾ ਸਿੰਘ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ, ਸੁਖਦੇਵ ਸਿੰਘ ਗਹੀਰ ਪ੍ਰਧਾਨ ਬੀ.ਸੀ. ਵਿੰਗ, ਮਾਧਵ ਕੁੰਦੀ ਯੂਥ ਆਗੂ, ਜੋਤ ਜੀਵਨ ਸਿੰਘ, ਅਕਾਸ਼ਦੀਪ ਸਿੰਘ ਭੱਠਲ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ, ਰਾਜਵਿੰਦਰ ਸਿੰਘ ਮਾਂਗਟ ਲੁਧਿਆਣਾ, ਅੰਮ੍ਰਿਤਬੀਰ ਸਿੰਘ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ ਜਲੰਧਰ, ਪ੍ਰਧਾਨ ਮੋਨੂੰ ਸਮੇਤ ਸੈਂਕੜੇ ਪਾਰਟੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।