ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 10 ਅਕਤਬੂਰ ਨੂੰ ਆਪਣੀ ਪਾਰਟੀ ਦੇ ਯੂਥ ਵਿੰਗ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਮਰਿਯਾਦਾ ਭੰਗ ਕਰਵਾਈ ਹੈ। ਜਿਸ ਲ਼ਈ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕੀਤਾ ਜਾਣਾ ਚਾਹੀਦਾ ਹੈ। ਇਹ ਮੰਗ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੀ।
ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਉਹ ਕੇਜਰੀਵਾਲ ਨੂੰ ਤਲਬ ਕਰਨ ਅਤੇ ਇਸ ਹਰਕਤ ਲਈ ਮੁਆਫ਼ੀ ਮੰਗਣ ਲਈ ਕਹਿਣ। ਉਨ੍ਹਾਂ ਕਿਹਾ ਕਿ ਕੇਜਰੀਵਾਲ ਗੁਰੂਘਰ ਦੀ ਵਰਤੋਂ ਸਿਆਸੀ ਮਕਸਦਾਂ ਲਈ ਕਰ ਰਹੇ ਹਨ, ਜੋ ਬੇਹੱਦ ਨਿੰਦਣਯੋਗ ਹੈ।
ਆਰ.ਪੀ. ਸਿੰਘ ਨੇ ਦੋ ਵੀਡੀਓ ਕਲਿੱਪ ਦਿਖਾਉਂਦਿਆਂ ਕਿਹਾ ਕਿ ਦਿੱਲੀ ਵਿੱਚ ਸੀ.ਜੇ.ਪੀ. ਦੇ ਪ੍ਰਦਰਸ਼ਨ ਦੌਰਾਨ ਇਹ ਝੂਠੀ ਖ਼ਬਰ ਫੈਲਾਈ ਗਈ ਕਿ ਦਿੱਲੀ ਪੁਲਿਸ ਜੁੱਤੇ ਪਾ ਕੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਾਖ਼ਲ ਹੋਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਅਰਵਿੰਦ ਕੇਜਰੀਵਾਲ ਵੱਲੋਂ ਰਚੀ ਗਈ ਘਟੀਆ ਸਿਆਸੀ ਚਾਲ ਹੈ। ਸੀ.ਜੇ.ਪੀ. ਹੋਰ ਕੁਝ ਨਹੀਂ, ਸਗੋਂ ਆਮ ਆਦਮੀ ਪਾਰਟੀ ਦਾ ਯੂਥ ਵਿੰਗ ਹੈ, ਇਨ੍ਹਾਂ ਦੇ ਨਾਲ ਖੱਬੇਪੱਖੀ ਵਿਦਿਆਰਥੀ ਵਿੰਗ ਵੀ ਸਨ।
ਉਨ੍ਹਾਂ ਕਿਹਾ ਕਿ ਅਸਲ ਵਿੱਚ ਦਿੱਲੀ ਪੁਲਿਸ ਉੱਥੋਂ ਸਿਰਫ਼ ਲੰਘੀ ਸੀ, ਕਿਉਂਕਿ ਉਸ ਦਿਨ ਸਾਰੇ ਰਸਤੇ ਬੰਦ ਕੀਤੇ ਗਏ ਸਨ। ਦਿੱਲੀ ਪੁਲਿਸ ਸਵੇਰੇ 11 ਵਜੇ ਉੱਥੇ ਪਹੁੰਚੀ ਸੀ, ਜਦਕਿ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨਕਾਰੀ ਦੁਪਹਿਰ 1 ਵਜੇ ਉੱਥੇ ਆਏ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਦੇ ਕਾਰਕੁਨ ਲੰਗਰ ਛਕਣ ਦੇ ਬਹਾਨੇ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਏ , ਜਦੋਂ ਉਹ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਏ ਉਨ੍ਹਾਂ ਕੋਲ ਪਿੱਠੂ ਬੈਗ ਸਨ। ਪਰ ਅੰਦਰ ਜਾ ਕੇ ਉਨ੍ਹਾਂ ਪੋਸਟਰ ਕੱਢ ਲਏ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਆਪਣੇ ਸਿਆਸੀ ਏਜੰਡੇ ਨੂੰ ਪੂਰਾ ਕਰਨ ਲਈ ਮੀਟਿੰਗ ਕਰਨ ਲੱਗੇ। ਇਸ ਤੋਂ ਬਾਅਦ ਉਨ੍ਹਾਂ ਉੱਥੇ ਤਖ਼ਤੀਆਂ ਲਹਿਰਾਈਆਂ ਅਤੇ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਕਿਹਾ ਕਿ ਗੁਰਘਰ ਕੀਰਤਨ ਕਰਨ ਦੀ ਜਗ੍ਹਾ ਹੈ, ਉੱਥੇ ਸਿਆਸੀ ਮੀਟਿੰਗਾਂ ਕਰਨ ਦੀ ਕੋਈ ਥਾਂ ਨਹੀਂ ਹੈ।
ਭਾਜਪਾ ਦੇ ਕੌਮੀ ਬੁਲਾਰੇ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਲੜਾਈ ਕੇਂਦਰ ਸਰਕਾਰ ਨਾਲ ਹੈ ਤਾਂ ਉਹ ਸੜਕਾਂ ’ਤੇ ਲੜੇ। ਉਨ੍ਹਾਂ ਸਵਾਲ ਕੀਤਾ ਕਿ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਕਰਨ ਦੀ ਇਜਾਜ਼ਤ ਉਨ੍ਹਾਂ ਨੂੰ ਕਿਸ ਨੇ ਦਿੱਤੀ? ਇਸ ਮਾਮਲੇ ਵਿੱਚ ਉਨ੍ਹਾਂ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਐੱਫ.ਆਈ.ਆਰ. ਵੀ ਦਰਜ ਕਰਵਾਈ ਹੈ।
ਭਾਜਪਾ ਦੇ ਕੌਮੀ ਬੁਲਾਰੇ ਨੇ ਕਿਹਾ ਕਿ ਭਾਜਪਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। ਦਿੱਲੀ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਜਥੇਦਾਰ ਸਾਹਿਬ ਦੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਗੁਰਦੁਆਰਾ ਸਾਹਿਬਾਨ ਨੂੰ ਬਲਾਤਕਾਰੀਆਂ ਦੇ ਅੱਡੇ ਦੱਸਦੇ ਹਨ। ਇਸ ਤੋਂ ਹੀ ਪਤਾ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਦੇ ਮਨਾਂ ਵਿੱਚ ਸਿੱਖ ਧਰਮ ਪ੍ਰਤੀ ਕਿੰਨੀ ਨਫ਼ਰਤ ਭਰੀ ਹੋਈ ਹੈ। ਆਰ.ਪੀ. ਸਿੰਘ ਨੇ ਸਵਾਲ ਉਠਾਇਆ ਕਿ ਦਿੱਲੀ ਦੇ ਗੁਰਦੁਆਰਾ ਸਾਹਿਬ ਵਿੱਚ ਪੁਲਿਸ ਦੇ ਆਉਣ ’ਤੇ ਰੌਲਾ ਪਾਉਣ ਵਾਲੀ ਆਮ ਆਦਮੀ ਪਾਰਟੀ ਇਹ ਦੱਸੇ ਕਿ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਪੁਲਿਸ ਪਹੁੰਚੀ ਸੀ, ਉਸ ਵਿਰੁੱਧ ਕੀ ਕਾਰਵਾਈ ਕੀਤੀ ਗਈ?
ਆਰ.ਪੀ. ਸਿੰਘ ਨੇ ਕਿਹਾ, “ਭਾਜਪਾ ਸਿੱਖ ਮਰਿਆਦਾ ਦਾ ਦਿਲੋਂ ਸਤਿਕਾਰ ਕਰਦੀ ਹੈ। ਅਸੀਂ ਸਿਆਸਤ ਲਈ ਗੁਰਦੁਆਰਾ ਸਾਹਿਬਾਨ ਦੀ ਮਰਿਆਦਾ ਕਦੇ ਨਹੀਂ ਤੋੜੀ ਅਤੇ ਨਾ ਹੀ ਕਦੇ ਤੋੜਾਂਗੇ।”


