ਪੰਜਾਬ ਦੇ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਕੀ ਗੁਰੂ ਦੋਖੀ ਭਗਵੰਤ ਦੇ ਹਰੇ ਪੈਨ ਦੀ ਸਿਆਹੀ ਸੁਕ ਗਈ
ਇਸ਼ਤਿਹਾਰਾਂ ‘ਚ “ਸਵੱਛ ਪੰਜਾਬ”, ਹਕੀਕਤ ‘ਚ ਬਿਮਾਰੀਆਂ ਦਾ ਗੜ੍ਹ – ਗੁਰੂ ਦੋਖੀ ਭਗਵੰਤ ਮਾਨ ਦੀ ਨਾਕਾਰਾਪਨ ਕਾਰਨ ਜਨ ਸਿਹਤ ਖ਼ਤਰੇ ‘ਚ`
“ਝਾੜੂ ਚੁੱਕ ਕੇ ਆਏ ਸਨ ਸੇਵਾ ਕਰਨ, ਹੁਣ ਪੰਜਾਬ ਨੂੰ ਹੀ ਕੂੜੇ ਦਾ ਢੇਰ ਬਣਾ ਦਿੱਤਾ”`
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਗੁਰੂ ਦੋਖੀ ਭਗਵੰਤ ਮਾਨ ਦੀ ਆਪ ਸਰਕਾਰ ‘ਤੇ ਸਖ਼ਤ ਹਮਲਾ ਬੋਲਦਿਆਂ ਕਿਹਾ ਕਿ ਪਿਛਲੇ 4.5 ਸਾਲਾਂ ‘ਚ ਇਸ ਸਰਕਾਰ ਨੇ ਪੰਜਾਬ ਦੀ ਹਰ ਗਲੀ, ਹਰ ਬਾਜ਼ਾਰ ਅਤੇ ਹਰ ਸ਼ਹਿਰ ਨੂੰ ਕੂੜੇ ਦਾ ਢੇਰ ਬਣਾ ਦਿੱਤਾ ਹੈ। ਜਿਸ ਸਰਕਾਰ ਨੇ ਝਾੜੂ ਚੁੱਕ ਕੇ ਵੋਟਾਂ ਮੰਗੀਆਂ ਸਨ, ਅੱਜ ਉਸੇ ਸਰਕਾਰ ਦੇ ਰਾਜ ‘ਚ ਪੰਜਾਬ ‘ਚੋਂ ਝਾੜੂ ਹੀ ਗਾਇਬ ਹੋ ਗਿਆ ਹੈ।
ਮਜੀਠੀਆ ਨੇ ਕਿਹਾ ਕਿ ਗੁਰੂ ਦੋਖੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਹੈ। ਸੱਤਾ ਤੋਂ ਪਹਿਲਾਂ ਦਿੱਲੀ ਦਾ “ਸਵੱਛ ਮਾਡਲ” ਦਾ ਝੂਠਾ ਢੰਡੋਰਾ ਪਿੱਟਿਆ ਸੀ। ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਵਾਂਗੇ। ਪਰ ਅੱਜ ਹਕੀਕਤ ਇਹ ਹੈ ਕਿ 30,000 ਤੋਂ ਵੱਧ ਸਫ਼ਾਈ ਕਰਮਚਾਰੀ ਆਪਣੀਆਂ ਜਾਇਜ਼ ਮੰਗਾਂ ਲਈ ਸੜਕਾਂ ‘ਤੇ ਹਨ ਅਤੇ ਪੂਰਾ ਪੰਜਾਬ ਕੂੜੇ ਦੇ ਭਿਆਨਕ ਢੇਰਾਂ ਹੇਠ ਦੱਬਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਅੰਕੜੇ ਹੀ ਇਸ ਸਰਕਾਰ ਦੀ ਨਾਕਾਮੀ ਦੀ ਗਵਾਹੀ ਦੇ ਰਹੇ ਹਨ। ਪੰਜਾਬ ‘ਚ ਰੋਜ਼ਾਨਾ 4,376 ਟਨ ਠੋਸ ਕੂੜਾ ਪੈਦਾ ਹੁੰਦਾ ਹੈ, ਪਰ ਸਿਰਫ 2,200 ਟਨ ਹੀ ਪ੍ਰੋਸੈਸ ਹੁੰਦਾ ਹੈ। ਯਾਨੀ ਹਰ ਰੋਜ਼ 2,000 ਟਨ ਤੋਂ ਵੱਧ ਕੂੜਾ ਸੜਕਾਂ, ਨਾਲਿਆਂ ਅਤੇ ਖਾਲੀ ਥਾਵਾਂ ‘ਤੇ ਸੁੱਟਿਆ ਜਾ ਰਿਹਾ ਹੈ। ਗੁਰੂ ਦੋਖੀ ਭਗਵੰਤ ਮਾਨ ਨੇ “100% ਡੋਰ ਟੂ ਡੋਰ ਕਲੈਕਸ਼ਨ” ਦਾ ਵੱਡਾ ਝੂਠ ਬੋਲਿਆ ਸੀ, ਪਰ ਅੱਜ ਹਾਲਤ ਇਹ ਹੈ ਕਿ ਕਈ ਕਈ ਦਿਨ ਤੱਕ ਕੂੜਾ ਨਹੀਂ ਚੁੱਕਿਆ ਜਾਂਦਾ ਹੈ ਅਤੇ ਹਰ ਪਾਸੇ ਗਲਿਆ ਮੁਹਲਿਆਂ ਵਿਚ ਕੂੜਾ ਖਿਲਰਿਆ ਪਿਆ ਹੈ ਜਿਸ ਨਾਲ ਆਮ ਲੋਕਾਂ ਦਾ ਘਰਾ ਵਿੱਚੋ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ
ਮਜੀਠੀਆ ਨੇ ਕਿਹਾ ਕਿ ਸਭ ਤੋਂ ਵੱਡੀ ਸ਼ਰਮ ਦੀ ਗੱਲ ਇਹ ਹੈ ਕਿ ਬਰਸਾਤ ਦਾ ਮੌਸਮ ਸਿਰ ‘ਤੇ ਖੜ੍ਹਾ ਹੈ, ਪਰ ਗੁਰੂ ਦੋਖੀ ਭਗਵੰਤ ਮਾਨ ਨੂੰ ਲੋਕਾਂ ਦੀ ਸਿਹਤ ਦੀ ਕੋਈ ਫਿਕਰ ਨਹੀਂ। 40 ਡਿਗਰੀ ਤਾਪਮਾਨ, ਜਾਮ ਨਾਲੇ ਅਤੇ ਸੜਕਾਂ ‘ਤੇ ਪਿਆ ਕੂੜਾ ਡੇਂਗੂ, ਮਲੇਰੀਆ, ਟਾਈਫਾਈਡ ਅਤੇ ਗੈਸਟਰੋ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਕਈ ਥਾਵਾਂ ‘ਤੇ ਲੋਕ ਮਜਬੂਰਨ ਕੂੜਾ ਸਾੜ ਰਹੇ ਹਨ, ਜਿਸ ਨਾਲ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਬੱਚਿਆਂ ਅਤੇ ਬਜ਼ੁਰਗਾਂ ਦੇ ਫੇਫੜੇ ਖਰਾਬ ਕਰ ਰਿਹਾ ਹੈ। ਵਪਾਰੀ ਵੀ ਤੰਗ ਆ ਚੁੱਕੇ ਹਨ। ਬਦਬੂ ਅਤੇ ਗੰਦਗੀ ਕਾਰਨ ਗਾਹਕ ਬਾਜ਼ਾਰਾਂ ‘ਚ ਪੈਰ ਨਹੀਂ ਰੱਖ ਰਹੇ। ਮੀਂਹ ਪੈਣ ਨਾਲ ਗਲੀਆਂ ਮੁੱਹਲੇ ਅਤੇ ਬਜ਼ਾਰ ਝੀਲਾਂ ਦਾ ਰੂਪ ਲਈ ਰਹੇ ਹਨ ਕਿਉਂਕਿ ਸੀਵਰੇਜ ਜਾਮ ਹੋ ਚੁੱਕੇ ਹਨ
ਉਨ੍ਹਾਂ ਕਿਹਾ ਕਿ ਇਹ ਸਿਰਫ ਪ੍ਰਸ਼ਾਸਨਿਕ ਅਸਫਲਤਾ ਨਹੀਂ ਹੈ, ਇਹ ਗੁਰੂ ਦੋਖੀ ਭਗਵੰਤ ਮਾਨ ਦੀ ਪ੍ਰਚਾਰ-ਮੁਖੀ ਅਤੇ ਨੀਤੀ-ਵਿਹੂਣੀ ਸੋਚ ਦਾ ਨਤੀਜਾ ਹੈ। ਪਿਛਲੇ 4.5 ਸਾਲਾਂ ‘ਚ ਸੂਬੇ ਦੀਆਂ ਨਗਰ ਸੰਸਥਾਵਾਂ ‘ਤੇ 171 ਕਰੋੜ ਰੁਪਏ ਦਾ ਵਾਤਾਵਰਣ ਜੁਰਮਾਨਾ ਲੱਗ ਚੁੱਕਾ ਹੈ। ਇਹ ਜੁਰਮਾਨਾ ਵੀ ਆਮ ਲੋਕਾਂ ਦੇ ਟੈਕਸ ਦੇ ਪੈਸੇ ‘ਚੋਂ ਹੀ ਭਰਿਆ ਜਾਵੇਗਾ। ਸਫ਼ਾਈ ਕਰਮਚਾਰੀਆਂ ਦੀਆਂ 40% ਅਸਾਮੀਆਂ ਅੱਜ ਵੀ ਖਾਲੀ ਪਈਆਂ ਹਨ। ਸਰਕਾਰ ਕੋਲ ਇਸ਼ਤਿਹਾਰਾਂ ਲਈ ਕਰੋੜਾਂ ਰੁਪਏ ਹਨ, ਪਰ ਸਫ਼ਾਈ ਲਈ ਪੈਸਾ ਨਹੀਂ ਹੈ।
ਮਜੀਠੀਆ ਨੇ ਸਵਾਲ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਕੂੜੇ ਦੇ ਢੇਰਾਂ ‘ਤੇ ਬੈਠ ਕੇ ਫੋਟੋਆਂ ਖਿੱਚਵਾ ਕੇ ਪੰਜਾਬ ਤੋਂ ਵੋਟਾਂ ਲਈਆਂ ਸਨ, ਅੱਜ ਉਹ ਕਿੱਥੇ ਮੂੰਹ ਲੁਕਾ ਕੇ ਬੈਠੇ ਹਨ? ਜਿਸ ਝਾੜੂ ਨਾਲ ਤੁਸੀਂ ਸੱਤਾ ਹਾਸਲ ਕੀਤੀ ਸੀ, ਅੱਜ ਉਸ ਝਾੜੂ ਨੂੰ ਦੇਖ ਕੇ ਵੀ ਸ਼ਰਮ ਆਉਂਦੀ ਹੈ?
ਉਨ੍ਹਾਂ ਮੰਗ ਕੀਤੀ ਕਿ ਗੁਰੂ ਦੋਖੀ ਭਗਵੰਤ ਮਾਨ ਸਰਕਾਰ ਤੁਰੰਤ ਸਫ਼ਾਈ ਕਰਮਚਾਰੀਆਂ ਨਾਲ ਲਿਖਤੀ ਸਮਝੌਤਾ ਕਰੇ, ਯੁੱਧ ਪੱਧਰ ‘ਤੇ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰੇ ਅਤੇ ਬਰਸਾਤ ਦੇ ਇਸ ਮੌਸਮ ਵਿਚ ਵਿਸ਼ੇਸ਼ ਸਫ਼ਾਈ ਅਤੇ ਫੌਗਿੰਗ ਮੁਹਿੰਮ ਚਲਾਵੇ।
ਅਖੀਰ ‘ਚ ਮਜੀਠੀਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਗਲੇ 7 ਦਿਨਾਂ ‘ਚ ਸਰਕਾਰ ਨੇ ਠੋਸ ਕਦਮ ਨਾ ਚੁੱਕੇ ਤਾਂ ਸ਼੍ਰੋਮਣੀ ਅਕਾਲੀ ਦਲ ਪੂਰੇ ਪੰਜਾਬ ‘ਚ “ਕੂੜਾ ਹਟਾਓ, ਮਾਨ ਸਰਕਾਰ ਹਟਾਓ” ਮੁਹਿੰਮ ਛੇੜੇਗਾ। ਪੰਜਾਬ ਦੇ ਲੋਕ ਹੁਣ ਹੋਰ ਧੋਖਾ ਬਰਦਾਸ਼ਤ ਨਹੀਂ ਕਰਨਗੇ।
