ਇਸ਼ਤਿਹਾਰਾਂ ਲਈ ਖਜ਼ਾਨਾ ਖੁੱਲ੍ਹਾ, ਮੁਲਾਜ਼ਮਾਂ ਦੀ ਮਿਹਨਤ ਲਈ ਜੇਬ ਖਾਲੀ – ਭਗਵੰਤ ਮਾਨ ਦਾ ਦੋਗਲਾ ਚਿਹਰਾ ਬੇਨਕਾਬ!
ਸਾਢੇ 4 ਲੱਖ ਮੁਲਾਜ਼ਮ ਸੜਕਾਂ ‘ਤੇ, ਤਾਨਾਸ਼ਾਹ ਸਰਕਾਰ ਦਾ ਤਖਤ ਹਿੱਲਿਆ – ਮਜੀਠੀਆ ਨੇ ਗੁਰੂ ਦੋਖੀ ਮਾਨ ਨੂੰ ਲਲਕਾਰਿਆ!
ਮੁਲਾਜ਼ਮ ਭੀਖ ਨਹੀਂ, ਆਪਣੀ ਮਿਹਨਤ ਦਾ ਹੱਕ ਮੰਗ ਰਹੇ ਨੇ; ਇਹ ਗੁਰੂ ਦੋਖੀ ਦੀ ਤਾਨਾਸ਼ਾਹ ਸਰਕਾਰ ਹੁਣ ਧਮਕੀਆਂ ‘ਤੇ ਉਤਰ ਆਈ ਹੈ! – ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ, 27 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਬਿਕਰਮ ਸਿੰਘ ਮਜੀਠੀਆ ਨੇ ਗੁਰੂ-ਦੋਖੀ ਭਗਵੰਤ ਮਾਨ ਅਤੇ ਉਸਦੇ ਪੀਪਾ ਮੰਤਰੀ ਹਰਪਾਲ ਚੀਮਾ ‘ਤੇ ਸਭ ਤੋਂ ਵੱਡਾ ਹਮਲਾ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਸ਼ਰਮ-ਹਯਾ ਸਾਰੀ ਲਾਹ ਕੇ ਸੁੱਟ ਦਿੱਤੀ ਹੈ।
ਮਜੀਠੀਆ ਨੇ ਕਿਹਾ ਕਿ ਜਿਸ ਵਿਅਕਤੀ ਦਾ ਆਪਣਾ ਪਿਓ ਸਰਕਾਰੀ ਮਾਸਟਰ ਹੋਵੇ ਅਤੇ ਜਿਸਦੀ ਆਪਣੀ ਮਾਂ ਅੱਜ ਵੀ ਸਰਕਾਰੀ ਪੈਨਸ਼ਨ ਲੈਂਦੀ ਹੋਵੇ, ਉਸ ਵਿਅਕਤੀ ਨੂੰ ਤਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਦਰਦ ਸਭ ਤੋਂ ਜ਼ਿਆਦਾ ਸਮਝਣਾ ਚਾਹੀਦਾ ਸੀ। ਪਰ ਭਗਵੰਤ ਮਾਨ ਨੇ ਆਪਣੇ ਪਿਓ ਦੀ ਮਾਸਟਰੀ ਅਤੇ ਆਪਣੀ ਮਾਂ ਦੀ ਪੈਨਸ਼ਨ ਨੂੰ ਵੀ ਭੁਲਾ ਦਿੱਤਾ ਅਤੇ ਅੱਜ ਉਹੀ ਵਿਅਕਤੀ ਪੰਜਾਬ ਦੇ ਸਾਢੇ 4 ਲੱਖ ਮੁਲਾਜ਼ਮਾਂ ਅਤੇ ਲੱਖਾਂ ਪੈਨਸ਼ਨਰਾਂ ਦੇ 15 ਹਜ਼ਾਰ ਕਰੋੜ ਰੁਪਏ ਡਕਾਰ ਕੇ ਬੈਠਾ ਹੈ ਅਤੇ ਉਲਟਾ ਉਨ੍ਹਾਂ ਨੂੰ ਹੀ ਅੱਖਾਂ ਵਿਖਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ 15 ਹਜ਼ਾਰ ਕਰੋੜ ਕੋਈ ਛੋਟੀ ਰਕਮ ਨਹੀਂ। ਇਸ ‘ਚ ਮੁਲਾਜ਼ਮਾਂ ਦੇ 3-3 ਡੀਏ ਦੀਆਂ ਕਿਸ਼ਤਾਂ, ਪੰਜਵੇਂ ਅਤੇ ਛੇਵੇਂ ਪੇ-ਕਮਿਸ਼ਨ ਦੇ ਬਕਾਏ, ਪੈਨਸ਼ਨਰਾਂ ਦੀ ਮਹਿੰਗਾਈ ਰਾਹਤ, ਲੀਵ ਇਨਕੈਸ਼ਮੈਂਟ ਅਤੇ ਸਭ ਤੋਂ ਵੱਡਾ ਧੋਖਾ ਪੁਰਾਣੀ ਪੈਂਸ਼ਨ ਸਕੀਮ ਦੇ ਨਾਂ ‘ਤੇ ਕੀਤਾ ਗਿਆ ਹੈ। ਸਰਕਾਰ ਨੇ ਦਿੱਲੀ ‘ਚ ਵੱਡਾ ਇਸ਼ਤਿਹਾਰ ਲਾ ਕੇ ਕਿਹਾ ਸੀ ਕਿ ਅਸੀਂ ਪੁਰਾਣੀ ਪੈਂਸ਼ਨ ਲਾਗੂ ਕਰ ਦਿੱਤੀ, ਪਰ ਅਸਲੀਅਤ ਇਹ ਹੈ ਕਿ ਅੱਜ ਤੱਕ ਇੱਕ ਵੀ ਮੁਲਾਜ਼ਮ ਨੂੰ ਪੁਰਾਣੀ ਪੈਂਸ਼ਨ ਦਾ ਨੋਟੀਫਿਕੇਸ਼ਨ ਤੱਕ ਨਹੀਂ ਮਿਲਿਆ। ਇਹ ਪੰਜਾਬ ਦੇ ਮੁਲਾਜ਼ਮਾਂ ਨਾਲ ਸਭ ਤੋਂ ਵੱਡਾ ਵਿਸ਼ਵਾਸਘਾਤ ਹੈ।
ਮਜੀਠੀਆ ਨੇ ਕਿਹਾ ਕਿ ਅੱਜ ਪੰਜਾਬ ਦਾ ਮੁਲਾਜ਼ਮ ਆਪਣੀ ਹੱਕ ਦੀ ਕਮਾਈ ਮੰਗ ਰਿਹਾ ਹੈ, ਕੋਈ ਭੀਖ ਨਹੀਂ ਮੰਗ ਰਿਹਾ। ਜਦੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਕਈ ਵਾਰ ਮੁਲਾਜ਼ਮਾਂ ਦੇ ਹੱਕ ‘ਚ ਫੈਸਲਾ ਸੁਣਾ ਦਿੱਤਾ ਹੈ ਅਤੇ ਸਰਕਾਰ ਨੂੰ ਕਿਹਾ ਹੈ ਕਿ ਇਹ ਪੈਸਾ ਮੁਲਾਜ਼ਮਾਂ ਦਾ ਬਣਦਾ ਹੱਕ ਹੈ, ਤਾਂ ਇਹ ਗੁਰੂ-ਦੋਖੀ ਸਰਕਾਰ ਆਪਣੇ ਆਪ ਨੂੰ ਅਦਾਲਤ ਤੋਂ ਵੀ ਉਪਰ ਸਮਝ ਕੇ ਉਹ ਪੈਸਾ ਰੋਕੀ ਬੈਠੀ ਹੈ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਵੀ ਪੈਸਾ ਨਾ ਦੇਣਾ ਇਹ ਸਿੱਧੀ ਅਦਾਲਤ ਦੀ ਤੌਹੀਨ ਹੈ।
ਇਸ ਸਰਕਾਰ ਦਾ ਦੋਗਲਾਪਣ ਅਤੇ ਲੁੱਟ ਦੇਖੋ – ਦਿੱਲੀ ਦਰਬਾਰ ਦੀ ਝੋਲੀ ਭਰਨ ਲਈ, ਕੇਜਰੀਵਾਲ ਦੇ ਸ਼ੀਸ਼ ਮਹਿਲ ਲਈ, ਗੁਜਰਾਤ, ਗੋਆ ਤੇ ਹੋਰ ਰਾਜਾਂ ‘ਚ ਵੋਟਾਂ ਖਰੀਦਣ ਲਈ ਅਤੇ ਆਪਣੀਆਂ ਫੋਟੋਆਂ ਚਮਕਾਉਣ ਲਈ ਕਰੋੜਾਂ ਦੇ ਇਸ਼ਤਿਹਾਰਾਂ ‘ਤੇ ਅਰਬਾਂ ਰੁਪਏ ਫੂਕਣ ਲਈ ਖਜ਼ਾਨਾ ਖੁੱਲ੍ਹਾ ਹੈ। ਪਰ ਜਦੋਂ ਪੰਜਾਬ ਦੇ ਮੁਲਾਜ਼ਮ ਦੀ ਮਿਹਨਤ ਦਾ ਪੈਸਾ ਦੇਣ ਦੀ ਵਾਰੀ ਆਉਂਦੀ ਹੈ ਤਾਂ ਪੀਪਾ ਮੰਤਰੀ ਹਰਪਾਲ ਚੀਮਾ ਰੋਜ਼ ਖਜ਼ਾਨਾ ਖਾਲੀ ਦਾ ਚਿੱਟਾ ਝੂਠ ਬੋਲਦਾ ਹੈ। ਇਹ ਪੀਪਾ ਮੰਤਰੀ ਅਰਥਵਿਵਸਥਾ ਸੰਭਾਲਣ ਦੀ ਬਜਾਏ ਸਿਰਫ਼ ਰੋਜ਼ ਕਰਜ਼ਾ ਚੁੱਕ ਕੇ ਪੰਜਾਬ ਨੂੰ ਗਹਿਣੇ ਰੱਖੀ ਜਾ ਰਿਹਾ ਹੈ।
ਅੱਜ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਮਹਾਂ-ਹੜਤਾਲ ਨੇ ਇਸ ਤਾਨਾਸ਼ਾਹ ਦੇ ਤਖਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ। ਸਾਢੇ 4 ਲੱਖ ਮੁਲਾਜ਼ਮ ਸੜਕਾਂ ‘ਤੇ ਨੇ, ਸਾਰੇ ਦਫਤਰਾਂ ‘ਚ ਤਾਲੇ ਲੱਗੇ ਨੇ। ਇਹ ਸਿਰਫ਼ ਹੜਤਾਲ ਨਹੀਂ, ਇਹ ਇਸ ਹੰਕਾਰੀ ਸਰਕਾਰ ਖਿਲਾਫ ਪੰਜਾਬ ਦਾ ਫਤਵਾ ਹੈ। ਪੰਜਾਬ ਦਾ ਹਰ ਵਰਗ, ਹਰ ਦੁਕਾਨਦਾਰ, ਹਰ ਕਿਸਾਨ, ਹਰ ਮਜ਼ਦੂਰ ਅੱਜ ਮੁਲਾਜ਼ਮਾਂ ਦੇ ਨਾਲ ਖੜ੍ਹਾ ਹੈ।
ਪਰ ਸ਼ਰਮ ਦੀ ਗੱਲ ਹੈ ਕਿ ਗੁਰੂ-ਦੋਖੀ ਭਗਵੰਤ ਮਾਨ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ, ਉਨ੍ਹਾਂ ਨਾਲ ਗੱਲਬਾਤ ਕਰਨ ਦੀ ਬਜਾਏ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ, ਮੁਅੱਤਲ ਕਰਨ ਅਤੇ ਬਦਲੇ ਦੀਆਂ ਕਾਰਵਾਈਆਂ ਦੀਆਂ ਧਮਕੀਆਂ ਦੇ ਰਿਹਾ ਹੈ। ਜਿਨ੍ਹਾਂ ਬਜ਼ੁਰਗਾਂ ਨੇ ਆਪਣੀ ਸਾਰੀ ਉਮਰ ਪੰਜਾਬ ਸਿਰਜਿਆ, ਆਪਣਾ ਖੂਨ-ਪਸੀਨਾ ਲਾਇਆ, ਅੱਜ ਉਹ ਆਪਣੀ ਪੈਨਸ਼ਨ ਲਈ ਤਰਸ ਰਹੇ ਨੇ ਤੇ ਮੁੱਖ ਮੰਤਰੀ ਉਨ੍ਹਾਂ ਨੂੰ ਡਰਾ ਰਿਹਾ ਹੈ। ਇਹ ਲੋਕਤੰਤਰ ਨਹੀਂ, ਇਹ ਹਿਟਲਰਸ਼ਾਹੀ ਹੈ। ਸਵਰਗੀ ਬਾਦਲ ਸਾਹਿਬ ਮੁਲਾਜ਼ਮਾਂ ਨੂੰ ਆਪਣਾ ਪਰਿਵਾਰ ਸਮਝਦੇ ਸੀ, ਇਹ ਦਿੱਲੀ ਵਾਲੇ ਅਤੇ ਗੁਰੂ ਦੋਖੀ ਹਾਈਕੋਰਟ ‘ਚ ਜਾ ਕੇ ਮੁਲਾਜ਼ਮਾਂ ਦੇ ਖਿਲਾਫ ਖੜ੍ਹਦੇ ਨੇ।
ਮਜੀਠੀਆ ਨੇ ਲਲਕਾਰਦਿਆਂ ਕਿਹਾ – ਗੁਰੂ ਦੋਖੀ ਭਗਵੰਤ ਮਾਨ ਦੱਸੇ, ਤੂੰ ਕਿਸ-ਕਿਸ ‘ਤੇ ਕਾਰਵਾਈ ਕਰੇਂਗਾ? ਸਾਢੇ 4 ਲੱਖ ਮੁਲਾਜ਼ਮਾਂ ‘ਤੇ? ਲੱਖਾਂ ਬਜ਼ੁਰਗ ਪੈਨਸ਼ਨਰਾਂ ‘ਤੇ? ਉਨ੍ਹਾਂ ਦੇ ਪਰਿਵਾਰਾਂ ‘ਤੇ? ਜਾਂ ਉਸ ਪੂਰੇ ਪੰਜਾਬ ‘ਤੇ ਜੋ ਅੱਜ ਤੇਰੇ ਖਿਲਾਫ ਖੜ੍ਹਾ ਹੈ? ਤੇਰੀਆਂ ਗਿੱਦੜ ਧਮਕੀਆਂ ਤੋਂ ਕੋਈ ਡਰਨ ਵਾਲਾ ਨਹੀਂ ਹੈ। ਪੰਜਾਬ ਦਾ ਬਹਾਦੁਰ ਮੁਲਾਜ਼ਮ ਡਰਨ ਵਾਲਾ ਨਹੀਂ, ਲੜਨ ਵਾਲਾ ਹੈ।ਇਸ ਲੜਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਇਹਨਾਂ ਦਾ ਡੱਟਕੇ ਸਾਥ ਦੇਵੇਗਾ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ। ਅਕਾਲੀ ਦਲ ਦਾ ਹਰ ਵਰਕਰ, ਹਰ ਆਗੂ ਮੁਲਾਜ਼ਮਾਂ ਦੀ ਪਿੱਠ ‘ਤੇ ਚੱਟਾਨ ਵਾਂਗ ਖੜ੍ਹਾ ਹੈ। ਮੁਲਾਜ਼ਮ ਜਥੇਬੰਦੀਆਂ ਜੋ ਵੀ ਸੰਘਰਸ਼ ਦੀ ਰੂਪਰੇਖਾ ਤੈਅ ਕਰਨਗੀਆਂ, ਭਾਵੇਂ ਜੇਲ੍ਹ ਭਰੋ ਅੰਦੋਲਨ ਹੋਵੇ ਜਾਂ ਪੱਕਾ ਮੋਰਚਾ, ਅਸੀਂ ਮੋਹਰੀ ਹੋ ਕੇ ਲੜਾਂਗੇ ਅਤੇ ਹਰ ਮੁਲਾਜ਼ਮ ਨੂੰ ਇਨਸਾਫ ਦਿਵਾ ਕੇ ਰਹਾਂਗੇ।
ਗੁਰੂ-ਦੋਖੀ ਭਗਵੰਤ ਮਾਨ ਤੇ ਪੀਪਾ ਮੰਤਰੀ ਕੰਨ ਖੋਲ੍ਹ ਕੇ ਸੁਣ ਲੈਣ – 15 ਹਜ਼ਾਰ ਕਰੋੜ ਦੇਣਾ ਤੁਹਾਡੀ ਜ਼ਿੰਮੇਵਾਰੀ ਹੈ, ਕੋਈ ਅਹਿਸਾਨ ਨਹੀਂ। ਮੁਲਾਜ਼ਮਾਂ ਦੀ ਆਵਾਜ਼ ਨੂੰ ਸੋਟੀਆ ਡੰਡਿਆਂ ਅਤੇ ਪੁਲੀਸ ਨਾਲ ਨਹੀਂ ਦਬਾਇਆ ਜਾ ਸਕਦਾ, ਇਹ ਲੜਾਈ ਹੁਣ ਅੰਜਾਮ ਤੱਕ ਜਾਵੇਗੀ ਅਤੇ ਇਸ ਗੁਰੂ ਦੋਖੀ ਦੀ ਤਾਨਾਸ਼ਾਹ ਸਰਕਾਰ ਨੂੰ ਝੁਕਣਾ ਹੀ ਪਵੇਗਾ।
