ਪ੍ਰਸ਼ਾਸਕ ਨੇ 526 ਵਿਦਿਆਰਥੀਆਂ, 35 ਸਕੂਲ ਮੁਖੀਆਂ ਅਤੇ ਇੰਡੀਆ ਸਕਿੱਲਸ ਜੇਤੂਆਂ ਨੂੰ ਕੀਤਾ ਸਨਮਾਨਿਤ
ਪ੍ਰਸ਼ਾਸਕ ਨੇ ਹੋਣਹਾਰ ਵਿਦਿਆਰਥੀਆਂ ਲਈ ਫੀਸ ਵਾਪਸੀ ਅਤੇ ਨਕਦ ਪੁਰਸਕਾਰਾਂ ਦਾ ਐਲਾਨ ਕੀਤਾ
ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਟੈਗੋਰ ਥੀਏਟਰ,।ਚੰਡੀਗੜ੍ਹ ਵਿਖੇ ਸਿੱਖਿਆ ਵਿਭਾਗ ਦੁਆਰਾ ਆਯੋਜਿਤ “ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਸਮਾਰੋਹ” ਵਿੱਚ 508 ਹੋਣਹਾਰ ਵਿਦਿਆਰਥੀਆਂ,
ਸੀਬੀਐੱਸਈ ਵਿੱਚ 100% ਨਤੀਜੇ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲਾਂ ਦੇ 35 ਪ੍ਰਿੰਸੀਪਲਾਂ ਅਤੇ 18 ਇੰਡੀਆਸਕਿੱਲਸ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਅਵਸਰ ‘ਤੇ ਪ੍ਰਸ਼ਾਸਕ ਦੀ ਸਿੱਖਿਆ ਸਬੰਧੀ ਸਥਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਜਤਿੰਦਰ ਪਾਲ ਮਲਹੋਤਰਾ; ਯੂ.ਟੀ. ਚੰਡੀਗੜ੍ਹ ਦੇ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਅਤੇ ਸਿੱਖਿਆ ਸਕੱਤਰ ਸੁਸ਼੍ਰੀ ਪ੍ਰੇਰਣਾ ਪੁਰੀ ਵੀ ਉਪਸਥਿਤ ਸਨ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਪ੍ਰਸ਼ਾਸਕ ਨੇ ਕਿਹਾ ਕਿ ਇਹ ਸਮਾਰੋਹ ਕੇਵਲ।ਅਕਾਦਮਿਕ ਉਤਕ੍ਰਿਸ਼ਟਤਾ ਦਾ ਹੀ ਨਹੀਂ, ਬਲਕਿ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਕੌਸ਼ਲ ਦਾ ਵੀ ਉਤਸਵ ਹੈ। ਉਨ੍ਹਾਂ ਨੇ ਵਿਦਿਆਰਥੀਆਂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ।ਉਪਲਬਧੀਆਂ ਚੰਡੀਗੜ੍ਹ ਦੀ ਮਜ਼ਬੂਤ ਸਿੱਖਿਆ ਵਿਵਸਥਾ ਦਾ ਪ੍ਰਮਾਣ ਹਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਧਿਆਪਕਾਂ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਸਾਰੀਆਂ ਵਿੱਦਿਅਕ ਸੰਸਥਾਵਾਂ ਨੂੰ ਉਤਕ੍ਰਿਸ਼ਟਤਾ ਦੀ ਦਿਸ਼ਾ ਵਿੱਚ ਨਿਰੰਤਰ ਕਾਰਜ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੜੇ ਸੁਪਨੇ ਦੇਖਣ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈਕੇ ਹਰ ਚੁਣੌਤੀ ਨੂੰ ਅਵਸਰ ਵਿੱਚ ਬਦਲਣ ਦਾ ਸੰਦੇਸ਼ ਦਿੱਤਾ।
ਸ਼੍ਰੀ ਕਟਾਰੀਆ ਨੇ
ਸਿੱਖਿਆ ਵਿਭਾਗ ਦੀਆਂ ਉਪਲਬਧੀਆਂ ਦਾ ਉਲੇਖ ਕਰਦੇ ਹੋਏ ਕਿਹਾ ਕਿ ਸੀਬੀਐੱਸਈ ਪਰੀਖਿਆਵਾਂ ਵਿੱਚ 90% ਜਾਂ ਉਸ ਤੋਂ ਅਧਿਕ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੰਖਿਆ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸੀਬੀਐੱਸਈ ਦਸਵੀਂ ਕਲਾਸ ਦੀ ਪਾਸ ਪ੍ਰਤੀਸ਼ਤਤਾ 88.20% ਤੋਂ ਵਧ ਕੇ 95.02% ਹੋ ਗਈ ਹੈ, ਜੋ 6.82% ਦਾ ਵਾਧਾ ਦਰਸਾਉਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ 100% ਪਾਸ ਨਤੀਜਾ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲਾਂ ਦੀ ਸੰਖਿਆ 17 ਤੋਂ ਵਧ ਕੇ 35 ਹੋ ਗਈ ਹੈ, ਜੋ ਕਿ ਸਰਕਾਰੀ ਸਿੱਖਿਆ ਦੀ ਗੁਣਵੱਤਾ ਵਿੱਚ ਨਿਰੰਤਰ ਸੁਧਾਰ ਦਾ ਪ੍ਰਮਾਣ ਹੈ।
ਕੌਸ਼ਲ ਅਧਾਰਿਤ ਸਿੱਖਿਆ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਸ਼੍ਰੀ ਕਟਾਰੀਆ ਨੇ ਇੰਡੀਆਸਕਿੱਲਸ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਰਾਸ਼ਟਰੀ ਅਤੇ ਖੇਤਰੀ ਇੰਡੀਆਸਕਿੱਲਸ ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕੁਸ਼ਲ ਯੁਵਾ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਹਨ। ਉਨ੍ਹਾਂ ਨੇ ਚੰਡੀਗੜ੍ਹ ਸਕਿੱਲ ਡਿਵੈਲਪਮੈਂਟ ਮਿਸ਼ਨ, ਤਕਨੀਕੀ ਸਿੱਖਿਆ ਵਿਭਾਗ ਅਤੇ ਸਹਿਭਾਗੀ ਸੰਸਥਾਵਾਂ ਦੇ ਪ੍ਰਯਾਸਾਂ ਦੀ ਵੀ ਸ਼ਲਾਘਾ ਕੀਤੀ।
ਪ੍ਰਸ਼ਾਸਕ ਨੇ ਬੋਰਡ ਪਰੀਖਿਆਵਾਂ ਵਿੱਚ 75% ਜਾਂ ਉਸ ਤੋਂ ਅਧਿਕ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੀ ਸਕੂਲ ਫੀਸ ਦੀ ਪੂਰੀ ਅਦਾਇਗੀ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਨਮਾਨਿਤ ਕੀਤੇ ਜਾ ਰਹੇ 526 ਵਿਦਿਆਰਥੀਆਂ ਨੂੰ 5,000 ਪ੍ਰਤੀ ਵਿਦਿਆਰਥੀ ਦੀ ਦਰ ਨਾਲ ਕੁੱਲ 26.30 ਲੱਖ ਦੀ ਨਕਦ ਪੁਰਸਕਾਰ ਰਾਸ਼ੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਆਈਆਈਟੀ ਰੁੜਕੀ ਵਿੱਚ ਦਾਖਲਾ ਪ੍ਰਾਪਤ ਕਰਨ ਵਾਲੇ ਅਨੂਪ ਸੈਣੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਉੱਚ ਸਿੱਖਿਆ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ।
ਇਸ ਅਵਸਰ ‘ਤੇ ਡਾਇਰੈਕਟਰ ਸਕੂਲ ਸਿੱਖਿਆ ਸ਼੍ਰੀ ਨਿਤੀਸ਼ ਸਿੰਗਲਾ; ਡਾਇਰੈਕਟਰ ਉੱਚ ਸਿੱਖਿਆ ਸੁਸ਼੍ਰੀ ਪਾਲਿਕਾ ਅਰੋੜਾ, ਸੀਨੀਅਰ ਅਧਿਕਾਰੀ, ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ, ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਮਾਪੇ ਵੀ ਉਪਸਥਿਤ ਰਹੇ।
