ਚੰਡੀਗੜ੍ਹ, 07 ਮਈ 2026:
ਅਪ੍ਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਦੇ ਅਵਸਰ ‘ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਸਿਵਲ ਡਿਫੈਂਸ ਵਲੰਟੀਅਰਾਂ (ਸੀਡੀਵੀਜ਼/CDVs) ਦੇ ਦੂਜੇ ਬੈਚ ਲਈ ਭਰਤੀ ਮੁਹਿੰਮ ਦਾ ਐਲਾਨ ਕੀਤਾ ਹੈ। ਇਹ ਪਹਿਲ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਅਤੇ ਆਪਦਾ ਪ੍ਰਬੰਧਨ ਸਮਰੱਥਾਵਾਂ ਨੂੰ ਹੋਰ ਅਧਿਕ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਸੰਨ 2025 ਵਿੱਚ ਸਿਵਲ ਡਿਫੈਂਸ ਵਲੰਟੀਅਰਾਂ ਦੇ ਪਹਿਲੇ ਬੈਚ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਕੁੱਲ 419 ਵਲੰਟੀਅਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ। ਇਨ੍ਹਾਂ ਵਲੰਟੀਅਰਾਂ ਨੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਐੱਮਜੀਐੱਸਆਈਪੀਏ/MGSIPA), ਚੰਡੀਗੜ੍ਹ ਵਿਖੇ 7 ਦਿਨਾਂ ਦਾ ਤੀਬਰ ਟ੍ਰੇਨਿੰਗ ਪ੍ਰੋਗਰਾਮ ਪੂਰਾ ਕੀਤਾ। ਟ੍ਰੇਨਿੰਗ ਵਿੱਚ ਪ੍ਰੈਕਟੀਕਲ ਸੈਸ਼ਨ, ਸਰੀਰਕ ਦਕਸ਼ਤਾ ਪਰੀਖਣ, ਲਿਖਤੀ ਪਰੀਖਿਆਵਾਂ ਅਤੇ ਮੌਕ ਡ੍ਰਿਲ ਸ਼ਾਮਲ ਸਨ।
ਇਹ ਟ੍ਰੇਨਿੰਗ ਫਾਇਰ ਡਿਪਾਰਟਮੈਂਟ, ਸਿਹਤ ਵਿਭਾਗ, ਰਾਸ਼ਟਰੀ ਆਪਦਾ ਪ੍ਰਤੀਕਿਰਿਆ ਬਲ (ਐੱਨਡੀਆਰਐੱਫ/NDRF), ਅਤੇ ਪੱਛਮੀ ਕਮਾਂਡ, ਭਾਰਤੀ ਫ਼ੌਜ ਦੇ ਮਾਹਰਾਂ ਦੁਆਰਾ ਦਿੱਤੀ ਗਈ ਸੀ। ਟ੍ਰੇਨਿੰਗ ਦੇ ਪ੍ਰਮੁੱਖ ਖੇਤਰਾਂ ਵਿੱਚ ਆਪਦਾ ਪ੍ਰਤੀਕਿਰਿਆ, ਮੁੱਢਲੀ ਸਹਾਇਤਾ, ਬਚਾਅ ਕਾਰਜ, ਨਿਕਾਸੀ ਪ੍ਰਕਿਰਿਆਵਾਂ, ਟ੍ਰੈਫਿਕ ਪ੍ਰਬੰਧਨ, ਸੰਕਟ ਸੰਚਾਰ ਅਤੇ ਅੱਗ ਬੁਝਾਉਣ ਦੇ ਮੂਲਭੂਤ ਉਪਾਅ ਸ਼ਾਮਲ ਰਹੇ। ਟ੍ਰੇਨਿੰਗ ਦੇ ਸਫ਼ਲਤਾਪੂਰਵਕ ਸੰਪੂਰਨ ਹੋਣ ‘ਤੇ ਵਲੰਟੀਅਰਾਂ ਨੂੰ ਸਿਵਲ ਡਿਫੈਂਸ ਵਰਦੀਆਂ ਅਤੇ ਬੇਰੇਟਸ (berets) ਪ੍ਰਦਾਨ ਕੀਤੇ ਗਏ।
ਸਿਵਲ ਡਿਫੈਂਸ ਦੇ ਸੰਗਠਨਾਤਮਕ ਢਾਂਚੇ ਵਿੱਚ ਚੀਫ਼ ਵਾਰਡਨ, ਡਿਪਟੀ ਚੀਫ਼ ਵਾਰਡਨ, ਡਿਵੀਜ਼ਨਲ ਵਾਰਡਨ, ਡਿਪਟੀ ਡਿਵੀਜ਼ਨਲ ਵਾਰਡਨ, ਪੋਸਟ ਵਾਰਡਨ, ਡਿਪਟੀ ਪੋਸਟ ਵਾਰਡਨ ਅਤੇ ਸੈਕਟਰ ਵਾਰਡਨ ਸ਼ਾਮਲ ਹਨ।
ਸਿਵਲ ਡਿਫੈਂਸ ਵਲੰਟੀਅਰਾਂ ਦੇ ਦੂਜੇ ਬੈਚ ਲਈ ਨਾਮਾਂਕਣ ਮੁਹਿੰਮ 8 ਮਈ 2026 ਨੂੰ ਦੁਪਹਿਰ 12:00 ਵਜੇ ਤੋਂ ਮਹਿਲਾ ਭਵਨ, ਸੈਕਟਰ 38-ਸੀ, ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਜਾਵੇਗੀ।
ਇਸ ਅਵਸਰ ‘ਤੇ ਮਾਣਯੋਗ ਪ੍ਰਸ਼ਾਸਕ, ਯੂਟੀ ਚੰਡੀਗੜ੍ਹ, ਸ਼੍ਰੀ ਗੁਲਾਬ ਚੰਦ ਕਟਾਰੀਆ, ਮੁੱਖ ਮਹਿਮਾਨ ਦੇ ਰੂਪ ਵਿੱਚ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਪ੍ਰੋਗਰਾਮ ਦੇ ਦੌਰਾਨ ਆਪਦਾ ਪ੍ਰਬੰਧਨ ਅਤੇ ਸਿਵਲ ਡਿਫੈਂਸ ਦੀਆਂ ਉਪਲਬਧੀਆਂ ‘ਤੇ ਅਧਾਰਿਤ ਇੱਕ ਕੌਫੀ ਟੇਬਲ ਬੁੱਕ ਵੀ ਜਾਰੀ ਕੀਤੀ ਜਾਵੇਗੀ ਅਤੇ
ਦੂਜੇ ਬੈਚ ਦੇ ਵਲੰਟੀਅਰਾਂ ਦਾ ਰਸਮੀ ਨਾਮਾਂਕਣ ਕੀਤਾ ਜਾਵੇਗਾ।
ਨਾਮਾਂਕਣ ਹਿਤ ਬਿਨੈਕਾਰ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ, ਜਿਸ ਦੀ ਉਮਰ 18 ਵਰ੍ਹੇ ਜਾਂ ਉਸ ਤੋਂ ਅਧਿਕ ਹੋਵੇ ਅਤੇ ਜੋ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਹੋਵੇ ਅਤੇ ਨਿਰਧਾਰੀਤ ਟ੍ਰੇਨਿੰਗ ਪ੍ਰਾਪਤ ਕਰਨ ਲਈ ਇੱਛੁਕ ਹੋਵੇ।
ਚੰਡੀਗੜ੍ਹ ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਇਸ ਪਹਿਲ ਵਿੱਚ ਸਰਗਰਮ ਭਾਗੀਦਾਰੀ ਕਰਨ ਅਤੇ ਜਨਤਕ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਉਣ।