ਚੰਡੀਗੜ੍ਹ ਪ੍ਰਸ਼ਾਸਨ ਦੇ ਕਿਰਤ ਅਤੇ ਰੋਜ਼ਗਾਰ ਵਿਭਾਗ ਨੇ ਡ੍ਰਾਇੰਗ ਅਤੇ ਡਿਸਬਰਸਿੰਗ ਅਧਿਕਾਰੀਆਂ (ਡੀਡੀਓਜ਼) ਅਤੇ ਸਬੰਧਿਤ ਕਾਰਜ ਦੇਖਣ ਵਾਲੇ ਕਰਮਚਾਰੀਆਂ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਅਤੇ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੇ ਪ੍ਰਾਵਧਾਨਾਂ,ਪ੍ਰਕਿਰਿਆਵਾਂ ਅਤੇ ਕਾਨੂੰਨੀ ਅਨੁਪਾਲਨ ਸਬੰਧੀ ਜ਼ਰੂਰਤਾਂ ‘ਤੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ।
ਇਸ ਪ੍ਰੋਗਰਾਮ ਵਿੱਚ ਵਿਭਿੰਨ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਪਬਲਿਕ ਸੈਕਟਰ ਦੇ ਅਦਾਰਿਆਂ (ਪੀਐੱਸਯੂਜ਼) ਅਤੇ ਨਗਰ ਨਿਗਮ, ਚੰਡੀਗੜ੍ਹ ਦੇ 253 ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ।
ਟ੍ਰੇਨਿੰਗ ਦਾ ਉਦੇਸ਼ ਪ੍ਰਤੀਭਾਗੀਆਂ ਨੂੰ ਲਾਗੂ ਕਾਨੂੰਨੀ ਪ੍ਰਾਵਧਾਨਾਂ ਅਤੇ ਕਰਮਚਾਰੀਆਂ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਉਣਾ ਸੀ। ਸੈਸ਼ਨਾਂ ਵਿੱਚ ਕਾਨੂੰਨੀ ਅੰਸ਼ਦਾਨ ਸਮੇਂ ‘ਤੇ ਜਮ੍ਹਾਂ ਕਰਨ, ਸਹੀ ਕਟੌਤੀਆਂ ਸੁਨਿਸ਼ਚਿਤ ਕਰਨ, ਰਿਕਾਰਡਾਂ ਦੇ ਰੱਖ-ਰਖਾਅ ਅਤੇ ਸਬੰਧਿਤ ਵਿਭਾਗਾਂ ਅਤੇ ਸੰਗਠਨਾਂ ਦੁਆਰਾ ਅਨੁਪਾਲਨ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਈਪੀਐੱਫਓ ਦੇ ਮਾਹਰ ਸ਼੍ਰੀ ਜਗਪ੍ਰੀਤ ਚੀਮਾ ਅਤੇ ਸ਼੍ਰੀ ਗੌਰਵ ਪਾਲ ਅਤੇ ਈਐੱਸਆਈਸੀ ਦੇ ਜੁਆਇੰਟ ਡਾਇਰੈਕਟਰ ਸ਼੍ਰੀ ਪੰਕਜ ਵਰਮਾ ਨੇ ਸਬੰਧਿਤ ਪ੍ਰਾਵਧਾਨਾਂ, ਨਵੀਨਤਮ ਪ੍ਰਕਿਰਿਆਵਾਂ ਅਤੇ ਅਨੁਪਾਲਨ ਦੇ ਵਿਵਹਾਰਿਕ ਪਹਿਲੂਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਾਧਾਰਣ ਸਮੱਸਿਆਵਾਂ, ਕਾਰਜ ਸਬੰਧੀ ਕਠਿਨਾਈਆਂ ਅਤੇ ਤਰੁਟੀਆਂ ਅਤੇ ਦੇਰੀ ਤੋਂ ਬਚਣ ਦੇ ਉਪਾਵਾਂ ‘ਤੇ ਵੀ ਚਰਚਾ ਕੀਤੀ। ਇੰਟਰਐਕਟਿਵ ਸੈਸ਼ਨਾਂ ਦੇ ਦੌਰਾਨ ਪ੍ਰਤੀਭਾਗੀਆਂ ਨੂੰ ਆਪਣੇ ਸ਼ੰਕਿਆਂ ਦਾ ਸਮਾਧਾਨ ਕਰਨ ਅਤੇ ਸਬੰਧਿਤ ਜ਼ਰੂਰਤਾਂ ਦੀ ਸਮਝ ਵਧਾਉਣ ਦਾ ਅਵਸਰ ਮਿਲਿਆ।
ਚੰਡੀਗੜ੍ਹ ਪ੍ਰਸ਼ਾਸਨ ਦੇ ਕਿਰਤ ਅਤੇ ਰੋਜ਼ਗਾਰ ਸਕੱਤਰ ਸ਼੍ਰੀਮਤੀ ਅਨੁਰਾਧਾ ਚਾਗਤੀ, ਸੀਐੱਸਐੱਸ, ਨੇ ਕਿਹਾ ਕਿ ਸੰਸਥਾਗਤ ਅਨੁਪਾਲਨ ਨੂੰ ਮਜ਼ਬੂਤ ਕਰਨ ਅਤੇ ਕਰਮਚਾਰੀਆਂ ਨੂੰ ਸਬੰਧਿਤ ਕਾਨੂੰਨਾਂ ਦੇ ਤਹਿਤ ਨਿਰਧਾਰਿਤ ਸਮਾਜਿਕ ਸੁਰੱਖਿਆ ਲਾਭ ਸੁਨਿਸ਼ਚਿਤ ਕਰਨ ਲਈ ਅਜਿਹੇ ਸਮਰੱਥਾ ਸੰਵਰਧਨ ਪ੍ਰੋਗਰਾਮ ਜ਼ਰੂਰੀ ਹਨ।
ਪ੍ਰੋਗਰਾਮ ਦਾ ਆਯੋਜਨ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਸ਼੍ਰੀ ਨਿਤੀਸ਼ ਸਿੰਗਲਾ, ਪੀਸੀਐੱਸ, ਅਤੇ ਖੇਤਰੀ ਰੋਜ਼ਗਾਰ ਐਕਸਚੇਂਜ, ਚੰਡੀਗੜ੍ਹ ਦੇ ਸ਼੍ਰੀ ਗਿਆਨੇਸ਼ਵਰ ਸ਼ੁਕਲਾ, ਡੀਸੀ (ਵਿੱਤ ਅਤੇ ਲੇਖਾ) ਦੇ ਤਾਲਮੇਲ ਅਤੇ ਸਹਿਯੋਗ ਨਾਲ ਕੀਤਾ ਗਿਆ।
ਇਸ ਪਹਿਲ ਦਾ ਉਦੇਸ਼ ਚੰਡੀਗੜ੍ਹ ਪ੍ਰਸ਼ਾਸਨ ਦੇ ਤਹਿਤ ਆਉਣ ਵਾਲੇ ਵਿਭਾਗਾਂ ਅਤੇ ਸੰਗਠਨਾਂ ਵਿੱਚ ਕਾਨੂੰਨੀ ਪ੍ਰਾਵਧਾਨਾਂ ਦਾ ਇੱਕਸਮਾਨ ਲਾਗੂਕਰਨ ਅਤੇ ਈਪੀਐੱਫਓ ਅਤੇ ਈਐੱਸਆਈਸੀ ਸਬੰਧੀ ਜ਼ਰੂਰਤਾਂ ਦਾ ਪ੍ਰਭਾਵੀ ਅਨੁਪਾਲਨ ਸੁਨਿਸ਼ਚਿਤ ਕਰਨਾ ਸੀ।


