ਜਨਗਣਨਾ 2027 ਦੇ ਦੂਸਰੇ ਪੜਾਅ ਦੇ ਤਹਿਤ ਚਾਰਜ ਪੱਧਰ ਦੇ ਅਧਿਕਾਰੀਆਂ ਲਈ ਦੋ-ਦਿਨਾਂ ਦਾ ਵਿਆਪਕ ਟ੍ਰੇਨਿੰਗ ਪ੍ਰੋਗਰਾਮ ਅੱਜ ਯੂਟੀ ਗੈਸਟ ਹਾਊਸ, ਚੰਡੀਗੜ੍ਹ ਵਿਖੇ ਸ਼ੁਰੂ ਹੋਇਆ। ਇਸ ਦਾ ਉਦੇਸ਼ ਆਗਾਮੀ ਜਨਗਣਨਾ ਕਾਰਜ ਲਈ ਅਧਿਕਾਰੀਆਂ ਦੀਆਂ ਤਿਆਰੀਆਂ ਨੂੰ ਮਜ਼ਬੂਤ ​​ਕਰਨਾ ਹੈ।

ਟ੍ਰੇਨਿੰਗ ਸੈਸ਼ਨਾਂ ਵਿੱਚ ਅਧਿਕਾਰੀਆਂ ਨੂੰ ਪਰਿਚਾਲਨ ਪ੍ਰਕਿਰਿਆਵਾਂ, ਡਿਜੀਟਲ ਪਲੈਟਫਾਰਮਾਂ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ ਗਿਆ।ਇਸ ਦੌਰਾਨ ਪ੍ਰਭਾਵੀ ਤਾਲਮੇਲ, ਸਟੀਕਤਾ ਅਤੇ ਅੰਕੜਿਆਂ ਦੀ ਗੁਣਵੱਤਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਵਿਵਹਾਰਿਕ ਅਨੁਭਵ ਪ੍ਰਦਾਨ ਕਰਨ ਲਈ ਸਿਧਾਂਤਕ ਸੈਸ਼ਨਾਂ ਦੇ ਨਾਲ ਪ੍ਰਤੱਖ ਪ੍ਰਦਰਸ਼ਨ ਅਤੇ ਵਿਵਹਾਰਿਕ ਅਭਿਆਸ ਵੀ ਕਰਵਾਏ ਗਏ।

ਇਸ ਪ੍ਰੋਗਰਾਮ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਚੰਡੀਗੜ੍ਹ ਦੇ ਪ੍ਰਿੰਸੀਪਲ ਜਨਗਣਨਾ ਅਧਿਕਾਰੀ-ਅਤੇ-ਡਿਪਟੀ ਕਮਿਸ਼ਨਰ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ ਨੇ ਕਿਹਾ, “ਜਨਗਣਨਾ ਸਬੂਤ-ਅਧਾਰਿਤ ਸ਼ਾਸਨ ਅਤੇ ਰਾਸ਼ਟਰੀ ਯੋਜਨਾਬੰਦੀ ਦਾ ਅਧਾਰ ਹੈ। ਇਸ ਦੀ ਭਰੋਸੇਯੋਗਤਾ ਜ਼ਮੀਨੀ ਪੱਧਰ ‘ਤੇ ਇਕੱਠੇ ਕੀਤੇ ਗਏ ਅੰਕੜਿਆਂ ਦੀ ਸਟੀਕਤਾ ‘ਤੇ ਨਿਰਭਰ ਕਰਦੀ ਹੈ। ਚਾਰਜ ਲੈਵਲ ਦੇ ਅਧਿਕਾਰੀ ਜਨਗਣਨਾ ਤੰਤਰ ਅਤੇ ਜ਼ਮੀਨੀ ਕਾਰਜ ਦੇ ਦਰਮਿਆਨ ਮਹੱਤਵਪੂਰਨ ਕੜੀਆਂ ਹਨ। ਉਨ੍ਹਾਂ ਦੀ ਤਿਆਰੀ ਇਸ ਪੂਰੀ ਪ੍ਰਕਿਰਿਆ ਦੀ ਗੁਣਵੱਤਾ, ਸਮਾਂਬੱਧਤਾ ਅਤੇ ਭਰੋਸੇਯੋਗਤਾ ਨੂੰ ਸਿੱਧੇ ਨਿਰਧਾਰਿਤ ਕਰੇਗੀ।”

ਉਨ੍ਹਾਂ ਨੇ ਅਧਿਕਾਰੀਆਂ ਨੂੰ ਟ੍ਰੇਨਿੰਗ ਵਿੱਚ ਸਰਗਰਮ ਭਾਗੀਦਾਰੀ ਕਰਨ, ਆਪਣੇ ਸ਼ੰਕਿਆਂ ਦਾ ਸਮਾਧਾਨ ਕਰਨ ਅਤੇ ਪ੍ਰਾਪਤ ਗਿਆਨ ਦਾ ਉਪਯੋਗ ਕਰਨ ਦਾ ਸੱਦਾ ਦਿੱਤਾ, ਤਾਕਿ ਚੰਡੀਗੜ੍ਹ ਵਿੱਚ ਜਨਗਣਨਾ 2027 ਦੇ ਦੂਸਰੇ ਪੜਾਅ ਦਾ ਕਾਰਜ ਸੁਚਾਰੂ, ਵਿਵਸਥਿਤ ਅਤੇ ਸਮਾਂਬੱਧ ਢੰਗ ਨਾਲ ਸੰਪੰਨ ਹੋ ਸਕੇ।

ਟ੍ਰੇਨਿੰਗ ਵਿੱਚ ਜਨਗਣਨਾ ਦੇ ਸੰਕਲਪਾਂ, ਪਰਿਭਾਸ਼ਾਵਾਂ ਅਤੇ ਗਣਨਾ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਵਿਅਕਤੀਆਂ ਦੀਆਂ ਸ਼੍ਰੇਣੀਆਂ, ਨਿਰਧਾਰਿਤ ਪ੍ਰਸ਼ਨਾਂ ਅਤੇ ਅੰਕੜਿਆਂ ਦੀ ਗੁਣਵੱਤਾ ਦੀ ਨਿਗਰਾਨੀ ਜਿਹੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ।ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਲਰਕਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਸੀਐੱਮਐੱਮਐੱਸ ਪੋਰਟਲ ‘ਤੇ ਵਿਵਹਾਰਿਕ ਸੈਸ਼ਨਾਂ ਵਿੱਚ ਗਣਨਾ ਬਲਾਕ (ਈਬੀ) ਦਾ ਗਠਨ, ਟ੍ਰੇਨਿੰਗ ਮੈਨੇਜਮੈਂਟ, ਲੌਜਿਸਟਿਕਸ ਅਤੇ ਡੈਸ਼ਬੋਰਡ ਦੀ ਕਾਰਜਪ੍ਰਣਾਲੀ ਦੇ ਨਾਲ ਸੰਖੇਪ ਹਾਊਸਲਿਸਟਾਂ ਅਤੇ ਚਾਰਜ ਰਜਿਸਟਰ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਗਈ। ਅਧਿਕਾਰੀਆਂ ਨੂੰ ਜਨਸੰਖਿਆ ਗਣਨਾ (ਪੀਈ) ਮੋਬਾਈਲ ਐਪਲੀਕੇਸ਼ਨ ਦੀ ਸੈੱਟਅਪ ਅਤੇ ਉਪਯੋਗ ਦੀ ਵਿਵਹਾਰਿਕ ਟ੍ਰੇਨਿੰਗ ਵੀ ਪ੍ਰਦਾਨ ਕੀਤੀ ਗਈ।

ਹੋਰ ਪ੍ਰਮੁੱਖ ਵਿਸ਼ਿਆਂ ਵਿੱਚ ਈਬੀ ਕ੍ਰਿਏਟਰ ਦੇ ਜ਼ਰੀਏ ਉਪ-ਗਣਨਾ ਬਲਾਕ ਦਾ ਸੀਮਾਂਕਣ, ਈਬੀ ਲੇਆਉਟ ਨਕਸ਼ੇ ਤਿਆਰ ਕਰਨਾ ਅਤੇ ਐੱਸਈ ਪੋਰਟਲ ਦੀ ਸੰਖੇਪ ਜਾਣਕਾਰੀ ਸ਼ਾਮਲ ਰਹੇ। ਸੈਸ਼ਨਾਂ ਵਿੱਚ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ, ਪ੍ਰਿੰਟਿਡ ਸਮੱਗਰੀ ਅਤੇ ਟ੍ਰੇਨਿੰਗ ਕਿੱਟਾਂ ਦੇ ਪ੍ਰਬੰਧਨ, ਲੌਜਿਸਟਿਕਸ ਅਤੇ ਜਨਸੰਖਿਆ ਗਣਨਾ ਨਾਲ ਸਬੰਧਿਤ ਮੀਡੀਆ ਤੇ ਪ੍ਰਚਾਰ-ਪ੍ਰਸਾਰ ਗਤੀਵਿਧੀਆਂ ‘ਤੇ ਵੀ ਜਾਣਕਾਰੀ ਦਿੱਤੀ ਗਈ।