ਚੰਡੀਗੜ੍ਹ, 17 ਜੂਨ, 2025 – ਆਗਾਮੀ 21 ਜੂਨ 2025 ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਤਿਆਰੀਆਂ ਦੀ ਸਮੀਖਿਆ ਅਤੇ ਅੰਤਿਮ ਰੂਪ ਦੇਣ ਲਈ ਅੱਜ ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਸ਼੍ਰੀ ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ।
ਇਸ ਸਾਲ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਜਸ਼ਨਾਂ ਦੇ ਇੱਕ ਦਹਾਕੇ ਦੇ ਸਫ਼ਲਤਾਪੂਰਵਕ ਸੰਪੂਰਨਤਾ ਦਾ ਪ੍ਰਤੀਕ ਹੈ। ਇਸ ਮਹੱਤਵਪੂਰਨ ਮੀਲ ਪੱਥਰ ਨੂੰ ਮਨਾਉਣ ਲਈ, ਚੰਡੀਗੜ੍ਹ ਪ੍ਰਸ਼ਾਸਨ ਦੋ ਪ੍ਰਤਿਸ਼ਠਿਤ ਸਥਾਨਾਂ – ਤਿਰੰਗਾ ਪਾਰਕ, ਸੈਕਟਰ-17 ਅਤੇ ਰੌਕ ਗਾਰਡਨ, ਸੈਕਟਰ-1 ਵਿਖੇ ਰਾਜ ਪੱਧਰੀ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦਾ ਆਯੋਜਨ ਕਰੇਗਾ।
ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਤਿਰੰਗਾ ਪਾਰਕ, ਸੈਕਟਰ-17 ਵਿਖੇ ਮੁੱਖ ਮਹਿਮਾਨ ਵਜੋਂ ਇਸ ਮੌਕੇ ‘ਤੇ ਸ਼ਿਰਕਤ ਕਰਨਗੇ। ਇਨ੍ਹਾਂ ਜਸ਼ਨਾਂ ਵਿੱਚ ਹਰ ਉਮਰ ਸਮੂਹ ਅਤੇ ਜੀਵਨ ਦੇ ਸਾਰੇ ਖੇਤਰਾਂ ਦੇ ਲਗਭਗ 1800 ਨਾਗਰਿਕਾਂ ਦੀ ਉਤਸ਼ਾਹਜਨਕ ਭਾਗੀਦਾਰੀ ਦੇਖਣ ਨੂੰ ਮਿਲਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਵਿਦਿਆਰਥੀ, ਸੀਨੀਅਰ ਨਾਗਰਿਕ, ਸਰਕਾਰੀ ਅਧਿਕਾਰੀ, ਯੋਗ ਉਤਸ਼ਾਹੀ, ਪੁਲਿਸ, ਐੱਮ.ਸੀ., ਸਿਵਲ ਡਿਫੈਂਸ ਵਲੰਟੀਅਰ ਅਤੇ ਵਿਭਿੰਨ ਸੰਗਠਨਾਂ ਅਤੇ ਸੰਸਥਾਵਾਂ ਦੇ ਮੈਂਬਰ ਸ਼ਾਮਲ ਹਨ।
ਸਮਾਜ ਭਲਾਈ ਵਿਭਾਗ, ਆਯੁਸ਼ ਡਾਇਰੈਕਟੋਰੇਟ ਦੇ ਤਾਲਮੇਲ ਨਾਲ, ਰੌਕ ਗਾਰਡਨ ਵਿਖੇ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਸਮਾਰੋਹ ਆਯੋਜਿਤ ਕਰੇਗਾ, ਜਿੱਥੇ ਲਗਭਗ 1100 ਆਂਗਣਵਾੜੀ ਵਰਕਰ, ਕਰੈੱਚ ਹੈਲਪਰ, ਸੀਸੀਆਈ (CCI) ਬੱਚੇ ਅਤੇ ਹੋਰ ਹਿੱਸਾ ਲੈਣਗੇ।
ਰਾਜ ਪੱਧਰੀ ਸਮਾਗਮਾਂ ਤੋਂ ਇਲਾਵਾ, ਕੇਂਦਰ ਸ਼ਾਸਤ ਪ੍ਰਦੇਸ਼ ਦੇ 140 ਤੋਂ ਅਧਿਕ ਸਥਾਨਾਂ ‘ਤੇ ਯੋਗ ਸੈਸ਼ਨ ਅਤੇ ਸਮਾਰੋਹ ਆਯੋਜਿਤ ਕੀਤੇ ਜਾਣਗੇ, ਜਿਸ ਨਾਲ ਸਿਟੀ ਬਿਊਟੀਫੁਲ (City Beautiful) ਵਿੱਚ ਵਿਆਪਕ ਭਾਗੀਦਾਰੀ ਅਤੇ ਪਹੁੰਚ ਸੁਨਿਸ਼ਚਿਤ ਹੋਵੇਗੀ।
ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਇਸ ਸਮਾਗਮ ਦੇ ਸਫ਼ਲ ਅਤੇ ਸੁਚਾਰੂ ਆਯੋਜਨ ਨੂੰ ਸੁਨਿਸ਼ਚਿਤ ਕਰਨ ਲਈ ਨਜ਼ਦੀਕੀ ਤਾਲਮੇਲ ਵਿੱਚ ਕੰਮ ਕਰਨ ਦੇ ਨਿਰਦੇਸ਼ ਦਿੱਤੇ।
ਮੀਟਿੰਗ ਦੇ ਦੌਰਾਨ ਸ਼੍ਰੀ ਦੀਪਰਵਾ ਲਾਕੜਾ, ਸਕੱਤਰ ਵਿੱਤ; ਸ਼੍ਰੀ ਆਰ.ਕੇ. ਸਿੰਘ, ਡੀ.ਜੀ.ਪੀ; ਸ਼੍ਰੀ ਅਮਿਤ ਕੁਮਾਰ, ਕਮਿਸ਼ਨਰ ਐੱਮ.ਸੀ.; ਸ਼੍ਰੀ ਅਜੈ ਚਗਤੀ, ਸਕੱਤਰ ਸਿਹਤ; ਸ਼੍ਰੀਮਤੀ ਅਨੁਰਾਧਾ ਚਗਤੀ, ਸਕੱਤਰ ਸਮਾਜ ਭਲਾਈ; ਸ਼੍ਰੀ ਹਰੀ ਕਲਿੱਕਟ, ਸਕੱਤਰ ਆਈ.ਟੀ.; ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਭੀ ਉਪਸਥਿਤ ਸਨ।
