’84 ਦੇ ਜ਼ਖ਼ਮ’ ਅਤੇ ‘ਚਿੱਟੇ ਦੀ ਪੀੜਾ’ ਪੰਜਾਬ ਦੇ ਦੋ ਡੂੰਘੇ ਦਾਗ਼: ਭਾਜਪਾ ਦੇ ‘ਜ਼ਖ਼ਮ 84 ਦੇ’ ਨੂੰ ਸੰਬੋਧਨ ਕਰਦਿਆਂ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ ’ਤੇ ਸਾਧੇ ਤਿੱਖੇ ਨਿਸ਼ਾਨੇਲੋਕਤੰਤਰ ਤੇ ਇਨਸਾਫ਼ ਦੀ ਗੱਲ ਕਰਨ ਵਾਲਾ ਰਾਹੁਲ

ਕਤਲੇਆਮ ਦੀ ਪੀੜਤਾਂ ਨੂੰ ਜਵਾਬ ਦੇਵੇ: ਰਵੀ ਸ਼ੰਕਰ ਪ੍ਰਸਾਦ

ਸਿੱਖ ਕਤਲੇਆਮ ਦਾ ਜਖ਼ਮ ਨਾ ਭੁੱਲੇ ਹਨ, ਨਾ ਭੁੱਲਣ ਦੇਵਾਂਗੇ: ਕੇਵਲ ਸਿੰਘ ਢਿੱਲੋਂ

ਗੈਰਤ ਹੈ ਤਾਂ ਰਾਹੁਲ ਗਾਂਧੀ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਜਵਾਬ ਦਏ- ਡਾ. ਪੂਨੀਆਂ

ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਚੰਡੀਗੜ੍ਹ ਵਿੱਚ 1984 ਸਿੱਖ ਕਤਲੇਆਮ ਬਾਰੇ ਕਰਵਾਏ ਗਏ ਇੱਕ-ਰੋਜ਼ਾ ਸੰਮੇਲਨ ‘ਜ਼ਖ਼ਮ 84 ਦੇ’ ਦੌਰਾਨ ਬੁਲਾਰਿਆਂ ਨੇ ਜਿੱਥੇ ਸਿੱਖ ਕਤਲੇਆਮ ਨੂੰ ਕਾਂਗਰਸ ਦੀ ਸੋਚੀ-ਸਮਝੀ ਤੇ ਮਿੱਥ ਕੇ ਕੀਤੀ ਗਈ ਸਾਜ਼ਿਸ਼ ਕਰਾਰ ਦਿੱਤਾ, ਉੱਥੇ 42 ਸਾਲਾਂ ਦੌਰਾਨ ਨਿਆਂ ਨਾ ਹੋਣ ਦੇਣ ਅਤੇ ਦੋਸ਼ੀਆਂ ਨੂੰ ਬਚਾਉਣ ਦੇ ਰਵੱਈਏ ’ਤੇ ਵੀ ਸਵਾਲ ਖੜ੍ਹੇ ਕੀਤੇ।
6 ਵੱਖ-ਵੱਖ ਸੈਸ਼ਨਾਂ ਦੌਰਾਨ ਕਤਲੇਆਮ ਦੇ ਪੀੜਤਾਂ ਤੇ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਨੇ ਜਖ਼ਮਾਂ ਉੱਤੇ ਮੱਲ੍ਹਮ ਲਾਉਣ ਦੀ ਥਾਂ ਵਾਰ-ਵਾਰ ਕੁਰੇਦਿਆਂ ਹੈ, ਦਿੱਲੀ ਵਿੱਚ 1 ਨਵਬੰਰ ਨੂੰ ਤੇ ਸੰਗਰੂਰ ਵਿੱਚ 4 ਨਵੰਬਰ ਨੂੰ ਕੀਤੀਆਂ ਗਈਆਂ ਰੈਲੀਆਂ ਇਸ ਦੀ ਤਾਜ਼ਾ ਮਿਸਾਲ ਹਨ। ਪੀੜਤਾਂ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਪਰਿਵਾਰ, ਕਾਂਗਰਸ ਪਾਰਟੀ ਅਤੇ ਕਾਂਗਰਸ ਸਰਕਾਰਾਂ ਦੀ ਭੂਮਿਕਾ ਉੱਤੇ ਖੁੱਲ੍ਹੀ ਬਹਿਸ ਦੀ ਵੀ ਚੁਣੌਤੀ ਦਿੱਤੀ। ਇਸ ਪੂਰੇ ਸੰਮੇਲਨ ਦੌਰਾਨ ਭਾਵੁਕ ਤੇ ਸ਼ਰਮਸਾਰ ਕਰਨ ਵਾਲੀ ਗੱਲ ਇਹ ਸੀ ਜਿੰਨਾ ਘਿਨਾਉਣਾ ਸਿੱਖ ਕਤਲੇਆਮ ਸੀ, ਉਸ ਤੋਂ ਵੱਧ ਘਿਨਾਉਣੀ ਪੀੜਤਾਂ ਨਾਲ ਇਨਸਾਫ਼ ਦੀ ਲੜਾਈ ਦੌਰਾਨ ਹੋਈ ਧੱਕੇਸ਼ਾਹੀ ਸੀ। ਜਿਹੜੇ ਅੱਜ ਵੀ ਪੂਰੇ ਇਨਸਾਫ਼ ਅਤੇ ਮੁੜ ਵਸੇਬੇ ਲ਼ਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।
ਇਸ ਸੰਮੇਲਨ ਦੌਰਾਨ ਸਾਰੀ ਕਾਰਵਾਈ ਦਾ ਸੰਚਾਲਨ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਕੀਤਾ, ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਮਾਮਲਿਆਂ ਦੇ ਇੰਚਾਰਜ ਡਾਕਟਰ ਸਤੀਸ਼ ਪੂਨੀਆ, ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਮੰਥਰੀ ਨਿਵਾਸਲੂ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਵਿਜੇ ਸਾਂਪਲਾ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ (ਤਿੰਨੇ ਸਾਬਕਾ ਸੂਬਾ ਪ੍ਰਧਾਨ), ਅਨਿਲ ਸਰੀਨ, ਜੀਵਨ ਗਰਗ, ਰਜਨੀਸ਼ ਧੀਮਾਨ (ਤਿੰਨੇ ਸੂਬਾ ਜਰਨਲ ਸਕੱਤਰ) ਪੰਜਾਬ ਭਾਜਪਾ ਦੇ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ, ਮਨਜੀਤ ਸਿੰਘ ਰਾਏ, ਇਕਬਾਲ ਸਿੰਘ ਲਾਲਪੁਰਾ ਅਤੇ ਹੋਰ ਕਈ ਆਗੂ ਹਾਜ਼ਰ ਸਨ।

ਰਾਹੁਲ ਗਾਂਧੀ ਨੂੰ ਰਵੀ ਸ਼ੰਕਰ ਪ੍ਰਸਾਦ ਦਾ ਸਿੱਧਾ ਸਵਾਲ
ਉਦਘਾਟਨੀ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ “ਅੱਜ ਪੰਜਾਬ ਦੀ ਰੂਹ ’ਤੇ ਦੋ ਡੂੰਘੇ ਦਾਗ਼ ਹਨ—‘84 ਦੇ ਜ਼ਖ਼ਮ’ ਅਤੇ ‘ਚਿੱਟੇ ਦੀ ਪੀੜਾ’। ਇਨ੍ਹਾਂ ਜ਼ਖ਼ਮਾਂ ’ਤੇ ਮੱਲ੍ਹਮ ਉਦੋਂ ਤੱਕ ਨਹੀਂ ਲੱਗ ਸਕਦੀ, ਜਦੋਂ ਤੱਕ ਬਿਨਾਂ ਕਿਸੇ ਸਮਝੌਤੇ ਦੇ ਇਨਸਾਫ਼ ਨਹੀਂ ਮਿਲਦਾ।”
ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ ਕਰਦਿਆਂ ਪ੍ਰਸਾਦ ਨੇ ਪੰਜਾਬ ਵਿੱਚ ਉਨ੍ਹਾਂ ਦੇ ਸਿਆਸੀ ਸਮਾਗਮਾਂ ਦੇ ਸਮੇਂ ਅਤੇ ਮਨਸ਼ਾ ’ਤੇ ਸਵਾਲ ਉਠਾਏ।
ਉਨ੍ਹਾਂ ਕਿਹਾ, “1 ਨਵੰਬਰ ਨੂੰ ਕਾਂਗਰਸ ਨੇ ਦਿੱਲੀ ਵਿੱਚ ਰੈਲੀ ਕੀਤੀ ਅਤੇ ਅੱਜ ਇੱਥੇ ਪੰਜਾਬ ਵਿੱਚ ਸਿਆਸੀ ਸਮਾਗਮ ਕਰ ਰਹੀ ਹੈ। ਇਨ੍ਹਾਂ ਤਾਜ਼ਾ ਜ਼ਖ਼ਮਾਂ ’ਤੇ ਲੂਣ ਛਿੜਕਣ ਦੀ ਕੀ ਲੋੜ ਹੈ? 19 ਨਵੰਬਰ 1984 ਨੂੰ ਰਾਜੀਵ ਗਾਂਧੀ ਵੱਲੋਂ ਦਿੱਤਾ ਗਿਆ ਵਿਵਾਦਤ ਬਿਆਨ—‘ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ’—ਹਜ਼ਾਰਾਂ ਬੇਕਸੂਰ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਸੀ।”
ਉਨ੍ਹਾਂ ਅੱਗੇ ਕਿਹਾ, “ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਵਜੋਂ ਮੈਂ ਉਸ ਭਿਆਨਕ ਬਿਆਨ ਦੀ ਵੀਡੀਓ ਨੂੰ ਮੁੜ ਜਨਤਕ ਪੁਰਾਲੇਖਾਂ ਵਿੱਚ ਉਪਲਬਧ ਕਰਵਾਉਣਾ ਯਕੀਨੀ ਬਣਾਇਆ, ਜੋ ਜਨਤਕ ਰਿਕਾਰਡ ਵਿੱਚੋਂ ਗਾਇਬ ਹੋ ਚੁੱਕੀ ਸੀ।”
ਰਾਹੁਲ ਗਾਂਧੀ ਨੂੰ ਸਿੱਧਾ ਸਵਾਲ ਕਰਦਿਆਂ ਉਨ੍ਹਾਂ ਕਿਹਾ, “ਤੁਹਾਡੇ ਪਿਤਾ ਦੇ ਉਸ ਬਿਆਨ ਬਾਰੇ ਤੁਹਾਡਾ ਕੀ ਸਟੈਂਡ ਹੈ? ਤੁਸੀਂ ਜਾਂ ਤੁਹਾਡੇ ਪਰਿਵਾਰ ਨੇ ਅੱਜ ਤੱਕ ਦੇਸ਼ ਤੋਂ ਦਿਲੋਂ ਮੁਆਫ਼ੀ ਕਿਉਂ ਨਹੀਂ ਮੰਗੀ?”
ਚਾਰ ਦਹਾਕਿਆਂ ਤੋਂ ਚੱਲ ਰਹੇ ਕਥਿਤ ਸੰਸਥਾਗਤ ਪਰਦਾ ਪਾਉਣ ਦੇ ਰਵੱਈਏ ਦੀ ਨਿੰਦਾ ਕਰਦਿਆਂ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਦਾ ਫਾਰਮੂਲਾ ਹਮੇਸ਼ਾ ‘ਲਟਕਾਉਣਾ, ਭਟਕਾਉਣਾ ਅਤੇ ਝਟਕਾਉਣਾ’ ਰਿਹਾ ਹੈ।
ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਮਿਸ਼ਨ ਬਣਾਏ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਦੀ ਨੀਅਤ ਕਦੇ ਵੀ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਨਹੀਂ ਸੀ।
ਉਨ੍ਹਾਂ ਕਿਹਾ, “ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਵੀ ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਸਫ਼ਲਤਾ ਨਹੀਂ ਮਿਲੀ।”
ਉਨ੍ਹਾਂ ਅੱਗੇ ਕਿਹਾ, “ਕਾਂਗਰਸ ਨੂੰ 3,500 ਬੇਕਸੂਰ ਲੋਕਾਂ ਦੀ ਮੌਤ ਦੀ ਕੋਈ ਚਿੰਤਾ ਨਹੀਂ ਸੀ। ਉਸ ਨੇ ਆਪਣੀ ਪੂਰੀ ਤਾਕਤ ਸਿਰਫ਼ ਤਿੰਨ-ਚਾਰ ਪ੍ਰਮੁੱਖ ਆਗੂਆਂ ਨੂੰ ਬਚਾਉਣ ਵਿੱਚ ਲਗਾਈ। ਇਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸੀ, ਜਿਸ ਨੇ ਐੱਸ.ਆਈ.ਟੀ. ਦਾ ਗਠਨ ਕੀਤਾ ਅਤੇ ਜਸਟਿਸ ਢੀਂਗਰਾ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਵਾਇਆ, ਜਿਸ ਤੋਂ ਬਾਅਦ ਸੱਜਣ ਕੁਮਾਰ ਵਰਗੇ ਆਗੂਆਂ ਨੂੰ ਸਜ਼ਾਵਾਂ ਮਿਲ ਸਕੀਆਂ।”

ਇਹ ਜ਼ਖ਼ਮ ਸਾਨੂੰ ਭੁੱਲਣੇ ਨਹੀਂ : ਕੇਵਲ ਸਿੰਘ ਢਿੱਲੋਂ
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਾਲ ਵਿੱਚ ਮੌਜੂਦ ਪੀੜਤ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ 42 ਸਾਲ ਬੀਤ ਜਾਣ ਦੇ ਬਾਵਜੂਦ, ਰਾਜੀਵ ਗਾਂਧੀ ਵੱਲੋਂ ਦਿੱਤੀ ਗਈ ਉਹ ਬੇਰਹਿਮ ਦਲੀਲ ਅੱਜ ਵੀ ਰੂਹ ਕੰਬਾ ਦਿੰਦੀ ਹੈ।
“ਜਿਹੜਾ ਸਮਾਜ ਆਪਣੇ ਅਤੀਤ ਨੂੰ ਭੁੱਲ ਜਾਂਦਾ ਹੈ, ਉਹ ਆਪਣੇ ਭਵਿੱਖ ਨੂੰ ਵੀ ਭੁੱਲ ਜਾਂਦਾ ਹੈ। ਅਸੀਂ ਨਾ ਤਾਂ 1984 ਨੂੰ ਭੁੱਲੇ ਹਾਂ ਅਤੇ ਨਾ ਹੀ ਇਸ ਨੂੰ ਭੁੱਲਣ ਦੇਵਾਂਗੇ। ਜਿੱਥੇ ਇੱਕ ਪਾਸੇ ਰਾਹੁਲ ਗਾਂਧੀ ਸੰਗਰੂਰ ਵਿੱਚ ਰੈਲੀਆਂ ਕਰਕੇ ਦਿਖਾਵੇ ਵਜੋਂ ‘ਇਨਸਾਫ਼’ ਦੀ ਗੱਲ ਕਰ ਰਹੇ ਹਨ, ਉੱਥੇ ਹੀ ਪੰਜਾਬ ਦੇ ਲੋਕ ਜਾਣਦੇ ਹਨ ਕਿ ਇਨਸਾਫ਼ ਉਨ੍ਹਾਂ ਹੱਥਾਂ ਤੋਂ ਕਦੇ ਨਹੀਂ ਮਿਲ ਸਕਦਾ ਜਿਨ੍ਹਾਂ ਨੇ ਇਹ ਜ਼ਖ਼ਮ ਦਿੱਤੇ ਹਨ,” ਢਿੱਲੋਂ ਨੇ ਕਿਹਾ। ਉਨ੍ਹਾਂ ਅੱਗੇ ਕਿਹਾ, “ਭਾਜਪਾ ਉਦੋਂ ਤੱਕ ਚੈਨ ਨਾਲ ਨਹੀਂ ਬੈਠੇਗੀ ਜਦੋਂ ਤੱਕ ਆਖਰੀ ਦੋਸ਼ੀ ਨੂੰ ਵੀ ਸਜ਼ਾ ਨਹੀਂ ਦਿਵਾਈ ਜਾਂਦੀ।”

ਰਾਹੁਲ ਗਾਂਧੀ 1984 ਦਾ ਜਵਾਬ ਦੇਣ : ਡਾ. ਸਤੀਸ਼ ਪੂਨੀਆ
ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਵਿੱਚ ਜ਼ਰਾ ਵੀ ਗੈਰਤ ਹੈ ਤਾਂ ਉਹ 1984 ਸਿੱਖ ਕਤਲੇਆਮ ਦੀ ਪੀੜਤਾ ਨਿਰਪ੍ਰੀਤ ਕੌਰ ਨੂੰ 1984 ਉੱਤੇ ਜਵਾਬ ਦੇਣ। ਉਨ੍ਹਾਂ ਕਿਹਾ ਕਿ ਲੋਕਤੰਤਰ ਅਤੇ ਇਨਸਾਫ਼ ਦੀਆਂ ਗੱਲਾਂ ਕਰਨ ਵਾਲੇ ਰਾਹੁਲ ਗਾਂਧੀ ਨੂੰ 1984 ਦੇ ਪੀੜਤਾਂ ਦੇ ਦਰਦ ਦਾ ਜਵਾਬ ਦੇਣਾ ਚਾਹੀਦਾ ਹੈ। ਸਿੱਖ ਕਤਲੇਆਮ ਦਾ ਪਾਪ ਨਹਿਰੂ-ਗਾਂਧੀ ਪਰਿਵਾਰ ਦੇ ਮੱਥੇ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦਾ ਪਾਪ ਹੈ, ਜੋ ਇਸ ਜਨਮ ਵਿੱਚ ਮਾਫ਼ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਅਸੀਂ ਇਸ ਲੜਾਈ ਨੂੰ ਅੰਜ਼ਾਮ ਤੱਕ ਲੈ ਕੇ ਜਾਵਾਂਗੇ।

ਫੂਲਕਾ ਵਲੋਂ ਵਾਜਪਾਈ ਤੇ ਮੋਦੀ ਸਰਕਾਰ ਦੀ ਪ੍ਰਸ਼ੰਸ਼ਾ
ਐੱਚ.ਐੱਸ. ਫੂਲਕਾ ਨੇ 1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਨਿਆਂ ਦੀ ਲੰਬੀ ਲੜਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੀ.ਪੀ. ਸਿੰਘ ਸਰਕਾਰ ਦੇ ਸਮੇਂ ਇਸ ਦਿਸ਼ਾ ਵਿੱਚ ਪ੍ਰਗਤੀ ਹੋਈ, ਜਦਕਿ ਬਾਅਦ ਵਿੱਚ ਕਈ ਸਾਲ ਖੜੋਤ ਰਹੀ। ਉਨ੍ਹਾਂ ਦੱਸਿਆ ਕਿ ਵਾਜਪਾਈ ਸਰਕਾਰ ਦੌਰਾਨ ਨਾਨਾਵਤੀ ਕਮਿਸ਼ਨ ਨੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸਮੇਂ ਕਾਨੂੰਨੀ ਪੈਰਵੀ ਵਿੱਚ ਤੇਜ਼ੀ ਆਈ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਸਮੇਤ ਹੋਰ ਮਾਮਲਿਆਂ ਵਿੱਚ ਸਜ਼ਾਵਾਂ ਹੋਈਆਂ। ਉਨ੍ਹਾਂ ਮੁਤਾਬਕ ਟਾਈਟਲਰ ਖ਼ਿਲਾਫ਼ ਕੇਸ ਜਾਰੀ ਹੈ, ਜਦਕਿ ਕਮਲ ਨਾਥ ਖ਼ਿਲਾਫ਼ ਕਾਰਵਾਈ ਬਾਕੀ ਹੈ।

ਅਦਾਲਤੀ ਢਾਂਚੇ ਨਾਕਾਮ ਕੀਤਾ ਗਿਆ- ਜਸਟਿਸ ਢੀਂਗਰਾ
ਇਨਸਾਫ਼ ਦੀ ਪ੍ਰਣਾਲੀ ਨੂੰ ਯੋਜਨਾਬੱਧ ਢੰਗ ਨਾਲ ਨਾਕਾਮ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਸ਼ਿਵ ਨਾਰਾਇਣ ਢੀਂਗਰਾ (ਸੇਵਾਮੁਕਤ) ਨੇ ਖੁਲਾਸਾ ਸੰਮੇਲਨ ਦੇ ਚੌਥੇ ਸੈਸ਼ਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ 1984 ਦਾ ਸਿੱਖ ਕਤਲੇਆਮ ਇੱਕ ਯੋਜਨਾਬੱਧ ਅਤੇ ਸਰਕਾਰੀ ਸਰਪ੍ਰਸਤੀ ਹੇਠ ਅੰਜਾਮ ਦਿੱਤਾ ਗਿਆ ਕਤਲੇਆਮ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਲਗਾਤਾਰ ਸਰਕਾਰਾਂ ਦੌਰਾਨ ਇਸ ਸਬੰਧੀ ਚੱਲੇ ਅਪਰਾਧਿਕ ਮੁਕੱਦਮਿਆਂ ਦੀ ਕਾਰਵਾਈ ਦੇਸ਼ ਦੀ ਜ਼ਮੀਰ ਨਾਲ ਕੀਤੇ ਗਏ ਇੱਕ “ਧੋਖੇ” ਵਾਂਗ ਸੀ।
‘ਜ਼ਖ਼ਮ 84 ਦੇ’ ਸੰਮੇਲਨ ਦੇ ਚੌਥੇ ਸੈਸ਼ਨ ‘ਇਨਸਾਫ਼ ਦਾ ਕਤਲ’ ਨੂੰ ਸੰਬੋਧਨ ਕਰਦਿਆਂ ਜਸਟਿਸ ਢੀਂਗਰਾ ਨੇ ਦੱਸਿਆ ਕਿ ਕਿਵੇਂ ਪ੍ਰਸ਼ਾਸਨਿਕ, ਪੁਲਿਸ ਅਤੇ ਕਾਨੂੰਨੀ ਸੰਸਥਾਵਾਂ ਨੇ ਯੋਜਨਾਬੱਧ ਢੰਗ ਨਾਲ ਦੋਸ਼ੀਆਂ ਨੂੰ ਬਚਾਉਣ ਲਈ ਕੰਮ ਕੀਤਾ।

ਕਤਲੇਆਮ ਇੱਕ ਸਾਜ਼ਿਸ਼ ਸੀ- ਤਰਲੋਚਨ ਸਿੰਘ
ਤੀਜੇ ਸੈਸ਼ਨ ‘ਕੀ 1984 ਦੀ ਸਿੱਖ ਕਤਲੇਆਮ ਇੱਕ ਸਾਜਿਸ਼ ਸੀ ?’ ਦੌਰਾਨ ਵਰਚੂਅਲੀ ਸੰਬੋਧਨ ਕਰਦਿਆਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਖੁਲਾਸਾ ਕੀਤਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਹੋਈ ਇੱਕ ਗੁਪਤ ਬੈਠਕ ਦੌਰਾਨ ਕਤਲੇਆਮ ਦੀ ਸਾਜ਼ਿਸ਼ ਘੜੀ ਗਈ ਸੀ। ਰਾਅ ਦੇ ਸਾਬਕਾ ਸਪੈਸ਼ਲ ਡਾਇਰੈਕਟਰ ਜੀਬੀਐੱਸ ਸਿੱਧੂ ਨੇ ਦੱਸਿਆ ਕਿ ਕਤਲੇਆਮ ਦੌਰਾਨ ਗ੍ਰਹਿ ਮੰਤਰੀ ਵੀਪੀ ਸਿੰਘ ਤੋਂ ਦਿੱਲੀ ਪੁਲਿਸ ਦਾ ਚਾਰਜ ਵਾਪਸ ਲੈ ਲਿਆ ਗਿਆ ਸੀ।
ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਵੀ ਕਤਲੇਆਮ ਦੌਰਾਨ ਆਪਣਾ ਨਿੱਜੀ ਤਜਰਬਾ ਸਾਂਝਾ ਕੀਤਾ।

ਪੀੜਤਾਂ ਦੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਕਹਾਣੀਆਂ
ਦੂਜੇ ਸੈਸ਼ਨ ਦੌਰਾਨ ਕਤਲੇਆਮ ਦੇ ਪੀੜਤਾਂ ਨੇ ਆਪਣੇ ਉੱਤੇ ਹੋਏ ਜ਼ੁਲਮ ਦੀਆਂ ਕਹਾਣੀਆਂ ਸਾਂਝੀ ਕੀਤੀ। ਇਸ ਮੌਕੇ ਮਾਹੌਲ ਬਹੁਤ ਹੀ ਭਾਵੁਕ ਬਣ ਗਿਆ, ਮੰਚ ਤੋਂ ਬੋਲ਼ਣ ਵਾਲਿਆਂ ਦੇ ਵੀ ਹੰਝੂ ਵਹਿ ਰਹੇ ਸਨ ਤੇ ਸੁਣਨ ਵਾਲਿਆਂ ਦੇ ਵੀ। ਇਸ ਮੌਕੇ ਆਤਮਾ ਸਿੰਘ ਲੁਬਾਣਾ, ਬੀਬੀ ਨਿਰਪ੍ਰੀਤ, ਦਰਸ਼ਣ ਕੌਰ, ਸਤਪਾਲ ਕੌਰ, ਸੋਨੀਆ ਕੌਰ, ਜੰਗਸ਼ੇਰ ਸਿੰਘ ਸਣੇ ਹੋਰ ਪੀੜ੍ਤਤਾਂ ਨੇ ਆਪਣੀਆਂ ਹੱਡਬੀਤੀਆਂ ਸਾਂਝੀਆਂ ਕੀਤੀਆਂ ਅਤੇ ਰਾਹੁਲ ਗਾਂਧੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ।

’84 ਦੇ ਜ਼ਖ਼ਮਾਂ ਨੂੰ ਬਿਆਨ ਕਰਦੀ ਫੋਟੋ ਪ੍ਰਦਰਸ਼ਨੀ
1984 ਦੇ ਸਿੱਖ ਕਤਲੇਆਮ ਦੌਰਾਨ ਹੋਈ ਕਤਲੋਗਾਰਦ ਅਤੇ ਲੁੱਟ-ਖੋਹ ਲੁੱਟਣ ਵਰਗੇ ਦੁੱਖਦਾਈ ਵਰਤਾਏ ਨੂੰ ਸੰਮੇਲਨ ਦੌਰਾਨ ਫੋਟੋ ਪ੍ਰਦਰਸ਼ਨੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ। ਪੰਜਾਬੀ ਵਿੱਚ ਲਿਖੇ ਕੈਪਸ਼ਨਾਂ ਵਾਲੇ ਵੱਡੇ ਪੈਨਲਾਂ ‘ਤੇ ਲਗਾਈਆਂ ਗਈਆਂ ਬਲੈਕ ਐਂਡ ਵ੍ਹਾਈਟ ਪੁਰਾਲੇਖੀ ਤਸਵੀਰਾਂ 1984 ਦੀਆਂ ਘਟਨਾਵਾਂ ਨੂੰ ਨੌਜਵਾਨ ਪੀੜ੍ਹੀ ਦੇ ਸਾਹਮਣੇ ਲਿਆਉਂਦੀਆਂ ਸਨ। ਇਹ ਤ੍ਰਿਲੋਕਪੁਰੀ ਵਿੱਚ ਸਿੱਖਾਂ ਦੇ ਘਰਾਂ ਅਤੇ ਝੁੱਗੀਆਂ ਨੂੰ ਸਾੜੇ ਜਾਣ, ਕਨਾਟ ਪਲੇਸ ਵਿਖੇ ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਗਾਏ ਜਾਣ ਅਤੇ ਦਿੱਲੀ ਦੀਆਂ ਗਲੀਆਂ ਵਿੱਚ ਹੋਈ ਤਬਾਹੀ ਦੇ ਮੰਜ਼ਰ ਨੂੰ ਦਰਸਾਉਂਦੀਆਂ ਹਨ। ਇੱਕ ਹੋਰ ਪੈਨਲ ਆਪਣੇ ਘਰਾਂ ਤੋਂ ਬੇਘਰ ਹੋਏ ਪਰਿਵਾਰਾਂ ਨੂੰ ਦਰਸਾਉਂਦਾ ਹੈ, ਜੋ ਆਪਣੇ ਬਚਾਏ ਹੋਏ ਸਾਮਾਨ ਦੇ ਨਾਲ ਬੈਠੇ ਸਨ, ਜਦੋਂ ਕਿ ਦੂਜਾ ਸਿੱਖਾਂ ਨੂੰ ਬੱਸਾਂ ਵਿੱਚੋਂ ਘੜੀਸ ਕੇ ਬਾਹਰ ਕੱਢੇ ਜਾਣ ਬਾਰੇ ਹੈ।