ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ (ਜੀਐੱਮਐੱਸਐੱਚ), ਸੈਕਟਰ 16, ਚੰਡੀਗੜ੍ਹ ਵਿਖੇ ਲਗਭਗ 11 × 8 ਸੈਂਟੀਮੀਟਰ ਅਤੇ ਲਗਭਗ 500 ਗ੍ਰਾਮ ਵਜ਼ਨ ਦੀ ਇੱਕ ਦੁਰਲੱਭ ਵਿਸ਼ਾਲ ਪਿਸ਼ਾਬ ਬਲੈਡਰ ਦੀ ਪੱਥਰੀ (ਬਲੈਡਰ ਸਟੋਨ) ਨੂੰ ਸਫ਼ਲਤਾਪੂਰਵਕ ਕੱਢਿਆ ਗਿਆ ਹੈ। ਇਹ ਉਪਲਬਧੀ ਕਿ ਜਟਿਲ ਅਤੇ ਅਸਾਧਾਰਣ ਯੂਰੋਲੋਜੀਕਲ ਸਥਿਤੀਆਂ ਦੇ ਇਲਾਜ ਵਿੱਚ ਹਸਪਤਾਲ ਦੀ ਸਮਰੱਥਾ ਨੂੰ ਦਰਸਾਉਂਦੀ ਹੈ।
ਦਰਦ, ਡਾਇਸੂਰੀਆ (ਪਿਸ਼ਾਬ ਵਿੱਚ ਜਲਣ ਤੇ ਦਰਦ) ਅਤੇ ਵਾਰ-ਵਾਰ ਪਿਸ਼ਾਬ ਨਾਲੀ ਦੇ ਸੰਕ੍ਰਮਣ (ਯੂਟੀਆਈ) ਦੀ ਸ਼ਿਕਾਇਤ ਨਾਲ ਆਏ 45 ਵਰ੍ਹਿਆਂ ਦੇ ਪੁਰਸ਼ ਮਰੀਜ਼ ਦੀ ਵਿਸਤ੍ਰਿਤ ਜਾਂਚ ਅਤੇ ਸਰਜਰੀ ਤੋਂ ਪਹਿਲਾਂ ਦੀ ਯੋਜਨਾ ਦੇ ਬਾਅਦ
ਜੀਐੱਮਐੱਸਐੱਚ-16 ਦੀ ਸਰਜੀਕਲ ਟੀਮ ਦੁਆਰਾ ਇਸ ਵਿਸ਼ਾਲ ਪੱਥਰੀ ਨੂੰ ਸਫ਼ਲਤਾਪੂਰਵਕ ਕੱਢ ਦਿੱਤਾ ਗਿਆ।
ਇਹ ਪ੍ਰਕਿਰਿਆ ਡਾਕਟਰ ਸਰਬਜੀਤ ਸਿੰਘ, ਡਾਕਟਰ ਗਗਨ ਅਤੇ ਡਾਕਟਰ ਬਨਮੀਤ ਦੀ ਅਗਵਾਈ ਵਾਲੀ ਟੀਮ ਦੁਆਰਾ ਜ਼ਰੂਰੀ ਪੈਰੀਅਪ੍ਰੇਟਿਵ ਦੇਖਭਾਲ਼ ਅਤੇ ਸਹਾਇਤਾ ਨਾਲ ਸੰਪੰਨ ਕੀਤੀ ਗਈ।
ਬਲੈਡਰ ਕੈਲਕੂਲੀ ਸਾਰੇ ਪਿਸ਼ਾਬ ਕੈਲਕੂਲੀ ਦਾ ਲਗਭਗ 5 ਪ੍ਰਤੀਸ਼ਤ ਹੁੰਦੀ ਹੈ। 4 ਸੈਂਟੀਮੀਟਰ ਤੋਂ ਵੱਧ ਜਾਂ 100 ਗ੍ਰਾਮ ਤੋਂ ਵੱਧ ਵਜ਼ਨ ਵਾਲੀ ਪਿਸ਼ਾਬ ਬਲੈਡਰ ਪੱਥਰੀ ਨੂੰ ਆਮ ਤੌਰ ‘ਤੇ ‘ਵਿਸ਼ਾਲ ਬਲੈਡਰ ਕੈਲਕੂਲਸ (ਪੱਥਰੀ)’ ਕਿਹਾ ਜਾਂਦਾ ਹੈ। ਇਸ ਅਕਾਰ ਦੀਆਂ ਪੱਥਰੀਆਂ ਬਹੁਤ ਹੀ ਦੁਰਲੱਭ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਇਲਾਜ ਲਈ ਵਿਸ਼ੇਸ਼ ਯੂਰੋਲੋਜੀਕਲ ਮੁਹਾਰਤ ਅਤੇ ਵਿਆਪਕ ਪੈਰੀਅਪ੍ਰੇਟਿਵ ਦੇਖਭਾਲ਼ ਦੀ ਜ਼ਰੂਰਤ ਹੁੰਦੀ ਹੈ।
ਡਾਇਰੈਕਟਰ ਹੈਲਥ ਸਰਵਿਸਿਜ਼, ਯੂ.ਟੀ. ਚੰਡੀਗੜ੍ਹ, ਡਾ. ਸੁਮਨ ਸਿੰਘ ਨੇ ਇਲਾਜ ਕਰਨ ਵਾਲੀ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੁਰਲੱਭ ਅਤੇ ਜਟਿਲ ਮਾਮਲੇ ਦਾ ਸਫ਼ਲ ਪ੍ਰਬੰਧਨ ਜਨ ਸਿਹਤ ਸੇਵਾ ਪ੍ਰਣਾਲੀ ਦੇ ਤਹਿਤ ਮੁਹਾਰਤ ਵਾਲੀ ਤੀਸਰੇ ਦਰਜੇ ਦੀ ਦੇਖਭਾਲ਼ (ਟਰਸ਼ਰੀ ਕੇਅਰ) ਸੇਵਾਵਾਂ ਪ੍ਰਦਾਨ ਕਰਨ ਲਈ ਜੀਐੱਮਐੱਸਐੱਚ-16 ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਇਹ ਸਫ਼ਲ ਪਰਿਣਾਮ ਵਿਸ਼ੇਸ਼ ਮੁਹਾਰਤ, ਆਧੁਨਿਕ ਸਰਜੀਕਲ ਸੁਵਿਧਾਵਾਂ ਅਤੇ ਸਮਰਪਿਤ ਮਰੀਜ਼ ਦੇਖਭਾਲ਼ ਦੇ ਜ਼ਰੀਏ ਜਟਿਲ ਅਤੇ ਦੁਰਲੱਭ ਬਿਮਾਰੀਆਂ ਦੇ ਪ੍ਰਬੰਧਨ ਵਿੱਚ ਜੀਐੱਮਐੱਸਐੱਚ-16 ਦੀ ਵਧਦੀ ਸਮਰੱਥਾ ਨੂੰ ਰੇਖਾਂਕਿਤ ਕਰਦਾ ਹੈ।

