ਦੋ ਦਿਨਾਂ ਦੀ ਇਸ ਕਾਨਫਰੰਸ ਵਿੱਚ ਕਲੀਨਿਕਲ ਟ੍ਰੇਨਿੰਗ, ਖੋਜ ਪ੍ਰਸਤੁਤੀਆਂ ਅਤੇ ਅਕਾਦਮਿਕ ਅਦਾਨ-ਪ੍ਰਦਾਨ ਲਈ ਉੱਤਰੀ ਭਾਰਤ ਦੇ 200 ਤੋਂ ਅਧਿਕ ਐੱਮਬੀਬੀਐੱਸ ਵਿਦਿਆਰਥੀ ਸ਼ਾਮਲ ਹੋਏ
ਗਵਰਨਮੈਂਟ ਮੈਡੀਕਲ ਕਾਲਜ ਐਂਡ ਹੌਸਪਿਟਲ (ਜੀਐੱਮਸੀਐੱਚ),ਸੈਕਟਰ-32, ਚੰਡੀਗੜ੍ਹ ਵਿੱਚ ਕੇਵਲ ਅੰਡਰਗ੍ਰੈਜੂਏਟ ਐੱਮਬੀਬੀਐੱਸ ਵਿਦਿਆਰਥੀਆਂ ਲਈ ਆਯੋਜਿਤ ਦੋ ਦਿਨਾਂ ਦੀ ਮੈਡੀਕਲ ਕਾਨਫਰੰਸ ‘ਮੈਡਮੌਰਫੌਸਿਸ’ ਦੇ ਪਹਿਲੇ ਸੰਸਕਰਣ ਦਾ ਸਮਾਪਨ 11 ਅਕਤੂਬਰ, 2026 ਨੂੰ ਹੋ ਗਿਆ। ਸੰਸਥਾ ਦੇ ਰਿਸਰਚ ਸੈੱਲ ਦੁਆਰਾ 10 ਅਤੇ 11 ਅਕਤੂਬਰ ਨੂੰ ਆਯੋਜਿਤ ਇਸ ਕਾਨਫਰੰਸ ਵਿੱਚ ਉੱਤਰ ਭਾਰਤ ਦੇ 200 ਤੋਂ ਅਧਿਕ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਇਸ ਕਾਨਫਰੰਸ ਦਾ ਮੁੱਖ ਉਦੇਸ਼ ਅਕਾਦਮਿਕ ਸੈਸ਼ਨਾਂ ਅਤੇ ਵਿਵਹਾਰਿਕ ਟ੍ਰੇਨਿੰਗ ਦੇ ਤਾਲਮੇਲ ਨਾਲ ਵਿਦਿਆਰਥੀਆਂ ਦੇ ਕਲੀਨਿਕਲ ਕੌਸ਼ਲ, ਖੋਜ ਯੋਗਤਾ ਅਤੇ ਮੈਡੀਕਲ ਸਾਇੰਸ ਦੀ ਵਿਵਹਾਰਿਕ ਸਮਝ ਨੂੰ ਮਜ਼ਬੂਤ ਕਰਨਾ ਸੀ। ਕਾਨਫਰੰਸ ਦੇ ਦੌਰਾਨ ਬੇਸਿਕ ਸੂਚਰਿੰਗ (ਟਾਂਕੇ ਲਗਾਉਣ ਦੀਆਂ) ਤਕਨੀਕਾਂ ਅਤੇ ‘ਏਅਰਵੇਅ ਮੈਨੇਜਮੈਂਟ’ (ਸਾਹ ਨਾਲੀ ਪ੍ਰਬੰਧਨ) ‘ਤੇ ਆਯੋਜਿਤ ਵਰਕਸ਼ਾਪਾਂ ਨੇ ਪ੍ਰਤੀਭਾਗੀਆਂ ਨੂੰ ਜ਼ਰੂਰੀ ਕਲੀਨਿਕਲ ਪ੍ਰਕਿਰਿਆਵਾਂ ਦਾ ਵਿਵਹਾਰਿਕ ਅਨੁਭਵ ਪ੍ਰਦਾਨ ਕੀਤਾ।
ਇਸ ਪ੍ਰੋਗਰਾਮ ਵਿੱਚ ਮੈਡੀਕਲ ਕੁਇਜ਼ ਅਤੇ ਕੇਸ ਪ੍ਰੈਜੈਂਟੇਸ਼ਨ ਮੁਕਾਬਲਿਆਂ ਦਾ ਵੀ ਆਯੋਜਨ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਗਿਆਨ ਦਾ ਪ੍ਰਦਰਸ਼ਨ ਕਰਨ,ਆਪਣੇ ਖੋਜ ਕਾਰਜਾਂ ਨੂੰ ਪ੍ਰਸਤੁਤ ਕਰਨ ਅਤੇ ਸਹਿਪਾਠੀਆਂ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਅਵਸਰ ਦਿੱਤਾ। ਫੈਕਲਟੀ ਮੈਂਬਰਾਂ ਨੇ ਪ੍ਰਤੀਭਾਗੀਆਂ ਦਾ ਮਾਰਗਦਰਸ਼ਨ ਕੀਤਾ ਅਤੇ ਉਨ੍ਹਾਂ ਵਿੱਚ ਕਲੀਨਿਕਲ ਨਿਰਣੇ ਲੈਣ ਦੀ ਸਮਰੱਥਾ ਅਤੇ ਵਿਵਹਾਰਿਕ ਕੌਸ਼ਲ ਵਿਕਸਿਤ ਕਰਨ ਵਿੱਚ ਮਦਦ ਕੀਤੀ।
ਡਾਇਰੈਕਟਰ ਪ੍ਰਿੰਸੀਪਲ ਡਾ. ਰਵਨੀਤ ਕੌਰ ਦੀ ਪਰਿਕਲਪਨਾ ਨਾਲ ਤਿਆਰ ‘ਮੈਡਮੌਰਫੌਸਿਸ’ ਨੂੰ ਸੰਸਥਾਨ ਦੇ ਅਕਾਦਮਿਕ ਕੈਲੰਡਰ ਦਾ ਇੱਕ ਵਾਰਸ਼ਿਕ ਹਿੱਸਾ ਬਣਾਉਣ ਦੀ ਯੋਜਨਾ ਹੈ।
ਇਸ ਪਹਿਲ ਦਾ ਉਦੇਸ਼ ਸਿਧਾਂਤਕ ਲਰਨਿੰਗ ਅਤੇ ਬੈੱਡਸਾਇਡ ਕਲੀਨਿਕਲ ਪ੍ਰੈਕਟਿਸ ਵਿਚਕਾਰ ਪਾੜੇ ਨੂੰ ਘਟਾਉਣਾ ਸੀ, ਅਤੇ ਨਾਲ ਹੀ ਭਵਿੱਖ ਦੇ ਡਾਕਟਰਾਂ ਵਿੱਚ ਵਿਗਿਆਨਿਕ ਉਤਸੁਕਤਾ ਅਤੇ ਪੇਸ਼ੇਵਰ ਉਤਕ੍ਰਿਸ਼ਟਤਾ ਨੂੰ ਉਤਸ਼ਾਹਿਤ ਕਰਨਾ ਸੀ।
ਸਾਰੇ ਪ੍ਰਤੀਨਿਧੀਆਂ ਦਾ ਸੁਆਗਤ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਗੁਗਲਾਨੀ, ਪ੍ਰੋਫੈਸਰ-ਇਨ-ਚਾਰਜ (ਅਕੈਡਮਿਕਸ) ਡਾ. ਉਮਾ ਹਾਂਡਾ ਅਤੇ ਰਿਸਰਚ ਸੈੱਲ ਦੇ ਕਨਵੀਨਰ ਡਾ. ਸੂਕਸ਼ਮ ਜੈਨ ਨੇ ਕੀਤਾ। ਇਸ ਉਦਘਾਟਨੀ ਸੰਸਕਰਣ ਦਾ ਤਾਲਮੇਲ ਐੱਮਬੀਬੀਐੱਸ ਦੇ ਅੰਤਿਮ ਵਰ੍ਹੇ ਦੇ ਵਿਦਿਆਰਥੀਆਂ ਅਤਿਸ਼ੈ ਜੈਨ ਅਤੇ ਅਰਣਵ ਚੁਘ ਦੁਆਰਾ ਕੀਤਾ ਗਿਆ।
ਆਪਣੇ ਅਕਾਦਮਿਕ ਅਤੇ ਪ੍ਰੈਕਟੀਕਲ ਕੰਪੋਨੈਂਟਸ ਦੇ ਜ਼ਰੀਏ, ‘ਮੈਡਮੌਰਫੌਸਿਸ’ ਨੇ ਅੰਡਰਗ੍ਰੈਜੂਏਟ ਮੈਡੀਕਲ ਵਿਦਿਆਰਥੀਆਂ ਨੂੰ ਆਪਣੇ ਕਲੀਨੀਕਲ ਕੌਸ਼ਲ ਨੂੰ ਵਧਾਉਣ, ਖੋਜ ਅਨੁਭਵਾਂ ਨੂੰ ਸਾਂਝਾ ਕਰਨ ਅਤੇ ਮਾਹਰ ਫੈਕਲਟੀ ਤੋਂ ਸਿੱਖਣ ਲਈ ਇੱਕ ਬਿਹਤਰੀਨ ਮੰਚ ਪ੍ਰਦਾਨ ਕੀਤਾ।


