ਨੌਜਵਾਨਾਂ ਨੂੰ ਨਸ਼ੇ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਨਸ਼ਾ ਮੁਕਤ ਸਮਾਜ ਲਈ ਸਮੂਹਿਕ ਪ੍ਰਯਾਸਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਅੱਜ ਪੰਜਾਬ ਯੂਨੀਵਰਸਿਟੀ ਦੇ ਗਾਂਧੀ ਭਵਨ ਵਿਖੇ ‘ਵਾਕ ਫੌਰ ਨਸ਼ਾ ਮੁਕਤ ਯੁਵਾ’ ਦਾ ਆਯੋਜਨ ਕੀਤਾ ਗਿਆ। ਇਸ ਵਿੱਚ 350 ਤੋਂ ਅਧਿਕ ਪ੍ਰਤੀਭਾਗੀਆਂ ਨੇ ਹਿੱਸਾ ਲਿਆ।
ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ‘ਮੇਰਾ ਯੁਵਾ ਭਾਰਤ ਚੰਡੀਗੜ੍ਹ’ ਵੱਲੋਂ ‘ਨਸ਼ਾ ਮੁਕਤ ਯੁਵਾ ਫੌਰ ਵਿਕਸਿਤ ਭਾਰਤ’ ਥੀਮ ਦੇ ਤਹਿਤ ‘100 ਹਫ਼ਤਿਆਂ ਦੇ ਨਸ਼ਾ-ਮੁਕਤ ਯੁਵਾ ਅਭਿਯਾਨ’ ਦੇ ਤਹਿਤ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਾਰਮ-ਅੱਪ ਐਕਸਰਸਾਇਜ਼, ਜ਼ੁੰਬਾ ਅਤੇ ਤਾਲਬੱਧ ਯੋਗ ਨਾਲ ਹੋਈ। ਇਸ ਤੋਂ ਬਾਅਦ ਗਵਰਨਮੈਂਟ ਕਾਲਜ ਆਵ੍ ਐਜੂਕੇਸ਼ਨ, ਸੈਕਟਰ-20 ਦੇ ‘ਮੇਰਾ ਯੁਵਾ ਭਾਰਤ- ਐੱਨਐੱਸਐੱਸ’ ਵਲੰਟੀਅਰਾਂ ਨੇ ਨੁੱਕੜ ਨਾਟਕ ਪ੍ਰਸਤੁਤ ਕਰਕੇ ਨਸ਼ੇ ਦੇ ਦੁਸ਼ਪ੍ਰਭਾਵਾਂ ਅਤੇ ਨਸ਼ਾ ਮੁਕਤ ਸਮਾਜ ਬਣਾਉਣ ਵਿੱਚ ਨੌਜਵਾਨਾਂ ਦੀ ਭੂਮਿਕਾ ਬਾਰੇ ਦੱਸਿਆ। ‘ਮੇਰਾ ਯੁਵਾ ਭਾਰਤ ਚੰਡੀਗੜ੍ਹ’ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਸ਼੍ਰੀ ਵਿਨੈ ਕੁਮਾਰ ਨੇ ਸਾਰੇ ਪ੍ਰਤੀਭਾਗੀਆਂ ਨੂੰ ‘ਨਸ਼ਾ ਮੁਕਤ ਯੁਵਾ’ ਦੀ ਸਹੁੰ ਚੁਕਾਈ। ਪ੍ਰਤੀਭਾਗੀਆਂ ਨੇ ਨਸ਼ੇ ਤੋਂ ਦੂਰ ਰਹਿਣ ਅਤੇ ਦੂਸਰਿਆਂ ਨੂੰ ਵੀ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦਾ ਸੰਕਲਪ ਲਿਆ।
ਪੰਜਾਬ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ (ਡਾ.) ਮੀਨਾਕਸ਼ੀ ਗੋਇਲ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਇਸ ਵਾਕ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਚੰਡੀਗੜ੍ਹ ਪ੍ਰਸ਼ਾਸਨ ਦੇ ਸਟੇਟ ਐੱਨਐੱਸਐੱਸ ਅਫ਼ਸਰ ਡਾ. ਨੇਮੀ ਚੰਦ ਗੋਲੀਆ ਵਿਸ਼ਿਸ਼ਟ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਰਹੇ। ‘ਮੇਰਾ ਯੁਵਾ ਭਾਰਤ’ ਦੇ ਯੂ.ਟੀ. ਡਾਇਰੈਕਟਰ ਸ਼੍ਰੀ ਸ਼ਿਵਧਨ ਸ਼ਰਮਾ ਨੇ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਦਾ ਸੁਆਗਤ ਕੀਤਾ, ਜਦਕਿ ਪੰਜਾਬ ਯੂਨੀਵਰਸਿਟੀ ਦੇ ਐੱਨਐੱਸਐੱਸ ਪ੍ਰੋਗਰਾਮ ਕੋਆਰਡੀਨੇਟਰ ਡਾ. ਅਨੁਪਮ ਬਹਿਰੀ ਨੇ ਧੰਨਵਾਦ ਪ੍ਰਸਤਾਵ ਰੱਖਿਆ। ਵਾਕ ਤੋਂ ਬਾਅਦ ਪ੍ਰਤੀਭਾਗੀਆਂ ਨੇ ਨਸ਼ਾ ਮੁਕਤ ਸਮਾਜ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਪ੍ਰਤੀਕ ਦੇ ਰੂਪ ਵਿੱਚ ‘ਸਿਗਨੇਚਰ ਵਾਲ’ ‘ਤੇ ਹਸਤਾਖਰ ਕੀਤੇ। ਇਸ ਤੋਂ ਬਾਅਦ ਸਰਟੀਫਿਕੇਟ ਅਤੇ ਰਿਫਰੈਸ਼ਮੈਂਟ ਵੰਡੀ ਗਈ।


