ਪਿਛਲੇ ਹਫ਼ਤੇ ਹੋਈ ਭਾਰੀ ਬਾਰਸ਼ ਦੇ ਮੱਦੇਨਜ਼ਰ, ਸ਼੍ਰੀ ਸੀ. ਬੀ. ਓਝਾ, ਮੁੱਖ ਇੰਜੀਨੀਅਰ, ਯੂ.ਟੀ., ਨੇ ਇੰਜੀਨੀਅਰਿੰਗ ਵਿਭਾਗ, ਯੂ.ਟੀ., ਚੰਡੀਗੜ੍ਹ ਦੇ ਹੋਰ ਅਧਿਕਾਰੀਆਂ ਨਾਲ ਸੁਖਨਾ ਚੋਅ, ਕਿਸ਼ਨਗੜ੍ਹ, ਮਨੀਮਾਜਰਾ, ਬਾਪੂ ਧਾਮ, ਰਾਏਪੁਰ ਕਲਾਂ ਅਤੇ ਸੁਖਨਾ ਝੀਲ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੰਭਾਵਿਤ ਨੁਕਸਾਨ ਦਾ ਮੁਆਇਨਾ ਕੀਤਾ।

ਭਾਰੀ ਬਾਰਸ਼ ਅਤੇ ਵਾਧੂ ਪਾਣੀ ਛੱਡਣ ਲਈ ਸੁਖਨਾ ਝੀਲ ਦੇ ਗੇਟਾਂ ਨੂੰ ਜ਼ਰੂਰੀ ਤੌਰ ‘ਤੇ ਖੋਲ੍ਹਣ ਦੇ ਬਾਵਜੂਦ ਵੀ ਦੌਰਾ ਕੀਤੇ ਗਏ ਖੇਤਰਾਂ ਵਿੱਚ ਕਿਸੇ ਵੱਡੇ ਨੁਕਸਾਨ ਦੀ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਇਸ ਦਾ ਕ੍ਰੈਡਿਟ ਮੌਨਸੂਨ ਸੀਜ਼ਨ ਤੋਂ ਪਹਿਲਾਂ ਉਠਾਏ ਗਏ ਸਰਗਰਮ ਕਦਮਾਂ ਅਤੇ ਕੀਤੀਆਂ ਗਈਆਂ ਵਿਆਪਕ ਤਿਆਰੀਆਂ ਨੂੰ ਜਾਂਦਾ ਹੈ।

ਫਿਰ ਵੀ, ਕੁਝ ਸਥਾਨਾਂ ‘ਤੇ ਮਾਮੂਲੀ ਨੁਕਸਾਨ ਦੇਖਿਆ ਗਿਆ ਹੈ, ਜਿਨ੍ਹਾਂ ਦੀ ਮੁਰੰਮਤ ਦਾ ਕਾਰਜ ਤੁਰੰਤ ਅਰੰਭ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਜਲਦੀ ਪੂਰਾ ਕਰਕੇ ਜਨਤਾ ਨੂੰ ਕਿਸੇ ਪ੍ਰਕਾਰ ਦੀ ਅਸੁਵਿਧਾ ਤੋਂ ਬਚਾਇਆ ਜਾਵੇਗਾ।

ਮੁੱਖ ਇੰਜੀਨੀਅਰ, ਯੂ.ਟੀ. ਅਤੇ ਇੰਜੀਨੀਅਰਿੰਗ ਵਿਭਾਗ, ਯੂ.ਟੀ. ਦੇ ਹੋਰ ਅਧਿਕਾਰੀਆਂ ਨੇ ਸੁਖਨਾ ਝੀਲ ‘ਤੇ ਸਥਾਪਿਤ ਕੰਟਰੋਲ ਰੂਮ ਦਾ ਵੀ ਨਿਰੀਖਣ ਕੀਤਾ। ਇਹ
ਕੰਟਰੋਲ ਰੂਮ 24×7 ਸੰਚਾਲਿਤ ਹੁੰਦਾ ਹੈ,ਜਿੱਥੇ ਪਾਣੀ ਦੇ ਪੱਧਰ ਦੀ ਨਿਰੰਤਰ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਪੰਜਾਬ ਅਤੇ ਹਰਿਆਣਾ ਰਾਜਾਂ ਦੇ ਨਾਲ ਤਾਲਮੇਲ ਸਥਾਪਿਤ ਕੀਤਾ ਜਾਂਦਾ ਹੈ, ਤਾਕਿ ਸੁਖਨਾ ਝੀਲ ਤੋਂ ਪਾਣੀ ਛੱਡਣ ਦੀ ਸਥਿਤੀ ਵਿੱਚ ਕਿਸੇ ਵੀ ਪ੍ਰਕਾਰ ਦੇ ਹੜ੍ਹ ਜਿਹੀ ਪਰਿਸਥਿਤੀ ਉਤਪੰਨ ਨਾ ਹੋਵੇ।

ਇੰਜੀਨੀਅਰਿੰਗ ਵਿਭਾਗ ਸਦਾ ਸਜਗ ਰਹਿੰਦੇ ਹੋਏ ਜਨਤਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਯੂ.ਟੀ. ਚੰਡੀਗੜ੍ਹ ਦੇ ਵਾਸੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਹਿਤ ਪ੍ਰਤੀਬੱਧ ਹੈ।

ਇਸ ਤੋਂ ਇਲਾਵਾ, ਇੰਜੀਨੀਅਰਿੰਗ ਵਿਭਾਗ, ਯੂ.ਟੀ., ਚੰਡੀਗੜ੍ਹ ਨੇ ਗ੍ਰੀਨ ਐਕਸ਼ਨ ਪਲਾਨ ਅਤੇ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਪ੍ਰਸ਼ਾਸਕ, ਯੂ.ਟੀ. ਚੰਡੀਗੜ੍ਹ ਦੇ ਦੂਰਦਰਸ਼ੀ ਨਿਰਦੇਸ਼ਾਂ ਅਨੁਸਾਰ ਅਗਸਤ ਮਹੀਨੇ ਤੱਕ 1.50 ਲੱਖ ਰੁੱਖ ਲਗਾਉਣ ਦਾ ਲਕਸ਼ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ।

×