ਸਰਕਾਰ ਫਰੀ ਬਿਜਲੀ ਦਾ ਘਾਟਾ ਬਿਜਲੀ ਕੱਟਾ ਵਿਚ ਪੂਰਾ ਕਰਨ ਲੱਗੀ?

“ਹੈੱਡ ਆਫਿਸ ਤੋਂ ਗੈਰਹਾਜ਼ਰ ਚੇਅਰਮੈਨ, ਚੁਟਕਲਿਆਂ ‘ਚ ਰੁੱਝਾ ਸੀਐਮ—PSPCL ਦਾ ਸਿਸਟਮ ਡੱਗਮਗਾਇਆ!”

ਪੀ ਐਸ ਪੀ ਸੀ ਐਲ ਦਾ ਚੇਅਰਮੈਨ ਆਪਣੇ ਹੀ ਹੈੱਡ ਆਫਿਸ ਵਿੱਚ ਹਾਜ਼ਰ ਨਾ ਹੋਵੇ, ਮੁੱਖ ਮੰਤਰੀ ਚੁਟਕਲਿਆਂ ਵਿੱਚ ਰੁੱਝਿਆ ਹੋਵੇ ਅਤੇ ਮੰਤਰੀ ਜ਼ਮੀਨਾਂ ਦੇ ਸੌਦਿਆਂ ਵਿੱਚ ਲੱਗੇ ਹੋਣ— PSPCL ਦਾ ਭੱਠਾ ਬਿਠਾਉਣ ਦਾ ਪੂਰਾ ਇੰਤਜਾਮ,” ਬਿਕਰਮ ਮਜੀਠੀਆ

“ਪੀ ਐਸ ਪੀ ਸੀ ਐਲ ਦੇ ਇਸ਼ਤਿਹਾਰ ਨਿਰਾ ਝੂਠ’, ਇਹਨਾਂ ਪਿੱਛੇ ਪਾਵਰ ਕੱਟਾਂ ਦਾ ਕੌੜਾ ਸੱਚ!”

ਚੰਡੀਗੜ੍ਹ, ਅਪ੍ਰੈਲ 2026

— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਪੰਜਾਬ ਵਿੱਚ ਲਗਾਤਾਰ ਡੂੰਘੇ ਹੋ ਰਹੇ ਬਿਜਲੀ ਸੰਕਟ ‘ਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ “ਬਿਜਲੀ ਸਰਪਲਸ ” ਦੇ ਵੱਡੇ ਵਾਅਦੇ ਅੱਜ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੇ ਹਨ ਅਤੇ ਸੂਬਾ ਲੰਮੇ ਪਾਵਰ ਕੱਟਾਂ ਹੇਠਾਂ ਤੜਫ ਰਿਹਾ ਹੈ। ਇਸ ਸਮੇਂ ਡਿਮਾਂਡ ਅਤੇ ਸਪਲਾਈ ਵਿੱਚ 1500 ਮੈਗਾਵਾਟ ਦਾ ਫਰਕ ਪੈਦਾ ਹੋ ਗਿਆ ਹੈ ਜੌ ਗਰਮੀ ਦੇ ਨਾਲ ਹੋਰ ਵੀ ਵਧੇਗਾ ਜਿਸ ਨਾਲ ਬਿਜਲੀ ਦੇ ਕੱਟ ਹੋਰ ਬਦਣਗੇ।

ਉਨ੍ਹਾਂ ਕਿਹਾ ਕਿ ਅਪ੍ਰੈਲ 2026 ਦੇ ਤੀਜੇ ਹਫ਼ਤੇ ਦੌਰਾਨ ਭਾਰੀ ਗਰਮੀ ਅਤੇ ਹੀਟਵੇਵ ਦੇ ਅਲਰਟ ਵਿਚਕਾਰ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ 8 ਤੋਂ 10 ਘੰਟਿਆਂ ਦੇ ਅਣ-ਯੋਜਨਾਬੱਧ ਪਾਵਰ ਕੱਟ ਲੱਗ ਰਹੇ ਹਨ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਵਿੱਚ ਹਾਲਾਤ ਸਭ ਤੋਂ ਵੱਧ ਗੰਭੀਰ ਹੋ ਚੁੱਕੇ ਹਨ। ਜੇਕਰ ਹਾਲਾਤ ਇਸੇ ਤਰ੍ਹਾਂ ਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਰਾਤ ਨੂੰ ਵੀ ਵੱਡੇ ਕਟਾ ਦਾ ਪੰਜਾਬੀਆ ਨੂੰ ਸਾਹਮਣਾ ਕਰਨਾ ਪੇ ਸਕਦਾ ਹੈ?

ਮਜੀਠੀਆ ਨੇ ਕਿਹਾ ਕਿ ਬਿਜਲੀ ਦੀ ਮੰਗ 6,500 ਮੈਗਾਵਾਟ ਤੋਂ ਵੱਧ ਕੇ 10,000 ਮੈਗਾਵਾਟ ਦੇ ਨਜਦੀਕ ਆ ਗਈ ਹੈ, ਪਰ PSPCL ਇਸ ਮੰਗ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਖੇਤੀਬਾੜੀ ਖੇਤਰ ਨੂੰ ਬਿਜਲੀ ਸਪਲਾਈ ਲਗਭਗ ਠੱਪ ਹੈ, ਉਦਯੋਗਿਕ ਇਕਾਈਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਆਮ ਘਰਾਂ ਵਿੱਚ ਲੋਕ ਗਰਮੀ ਨਾਲ ਤੜਫ ਰਹੇ ਹਨ।

ਉਹਨਾਂ ਮੁੱਖਮੰਤਰੀ ਭਗਵੰਤ ਮਾਨ ਤੇ ਦੋਸ਼ ਲਾਉਂਦਿਆ ਕਿਹਾ ਕਿ ਭਗਵੰਤ ਮਾਨ ਆਪ ਅਤੇ ਆਪਣੇ ਮੰਤਰੀ ਸਣੇ ਵਿਦੇਸ਼ ਦੀ ਸੈਰ ਕਰ ਰਿਹਾ ਹੈ ਅਤੇ ਉਸਦੀ ਸਰਕਾਰ ਦੇ ਅਧਿਕਾਰੀ ਪੰਜਾਬ ਵਿੱਚ ਫਰੀ ਬਿਜਲੀ ਦਾ ਘਾਟਾ ਲੰਬੇ ਬਿਜਲੀ ਕੱਟ ਲਾਕੇ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ PSPCL ਦਾ ਢਾਂਚਾ ਇਸ ਲਈ ਚਰਮਰਾ ਗਿਆ ਹੈ ਕਿਉਂਕਿ ਬੋਰਡ ਦੇ ਚੇਅਰਮੈਨ ਬਿਜਲੀ ਪ੍ਰਬੰਧਨ ਦੀ ਬਜਾਏ ਜ਼ਮੀਨਾਂ ਦੀ ਖਰੀਦੋ-ਫਰੋਖ਼ਤ ਵਿੱਚ ਵੱਧ ਦਿਲਚਸਪੀ ਲੈ ਰਹੇ ਹਨ।
“ਜਿਸ ਬੋਰਡ ਦਾ ਚੇਅਰਮੈਨ ਆਪਣੇ ਹੀ ਹੈੱਡ ਆਫਿਸ ਵਿੱਚ ਹਾਜ਼ਰ ਨਾ ਹੋਵੇ, ਮੁੱਖ ਮੰਤਰੀ ਚੁਟਕਲਿਆਂ ਵਿੱਚ ਰੁੱਝਿਆ ਹੋਵੇ ਅਤੇ ਮੰਤਰੀ ਜ਼ਮੀਨਾਂ ਦੇ ਸੌਦਿਆਂ ਵਿੱਚ ਲੱਗੇ ਹੋਣ—ਉਥੇ PSPCL ਦਾ ਭੱਠਾ ਬੈਠਣਾ ਤਾਂ ਲਾਜ਼ਮੀ ਹੈ,” ਉਨ੍ਹਾਂ ਕਿਹਾ।

ਮਜੀਠੀਆ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ “ ਅਪਗ੍ਰੇਡ ਸਿਸਟਮ” ਸਿਰਫ ਕਾਗਜ਼ਾਂ ‘ਚ ਹੀ ਹੈ।
ਅਸਲ ਹਕੀਕਤ ਇਹ ਹੈ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਪੰਜ ਦਿਨਾਂ ਲਈ ਬੰਦ ਰਿਹਾ, ਗਰਮੀ ਦੇ ਸੀਜ਼ਨ ਲਈ ਬਿਜਲੀ ਦੀ ਅਗੇਤੀ ਖਰੀਦ ਨਹੀਂ ਕੀਤੀ ਗਈ, ਅਤੇ ਸ਼ੋਰਟ ਟਰਮ ਪਾਵਰ ਟ੍ਰੇਡਿੰਗ ਰਾਹੀਂ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਵਿਚੋਂ ਪੀ ਐਸ ਪੀ ਸੀ ਐਲ ਨੂੰ ਬਿਜਲੀ ਮਿਲ ਨਹੀਂ ਰਹੀ।
ਉਨ੍ਹਾਂ ਕਿਹਾ ਕਿ ਜਿੱਥੇ ਸਾਰਾ ਧਿਆਨ ਬਿਜਲੀ ਪ੍ਰਬੰਧਨ ‘ਤੇ ਹੋਣਾ ਚਾਹੀਦਾ ਸੀ, ਉਥੇ ਸਰਕਾਰ ਦਾ ਫੋਕਸ ਸਿਰਫ਼ ਪੀ ਐਸ ਪੀ ਸੀ ਐਲ ਦੀਆ ਜ਼ਮੀਨਾਂ ਦੇ ਸੌਦਿਆਂ ‘ਤੇ ਕੇਂਦਰਿਤ ਰਿਹਾ।

ਉਨ੍ਹਾਂ ਹੋਰ ਕਿਹਾ ਕਿ PSPCL ਦੇ ਛੋਟੇ ਅਤੇ ਵੱਡੇ ਅਧਿਕਾਰੀਆਂ ਵਿੱਚ ਤਾਲਮੇਲ ਦੀ ਕਮੀ ਸਾਫ਼ ਤੌਰ ‘ਤੇ ਨਜ਼ਰ ਆ ਰਹੀ ਹੈ, ਜਿਸ ਕਾਰਨ ਫੈਸਲੇ ਲੈਣ ਵਿੱਚ ਦੇਰੀ ਹੋ ਰਹੀ ਹੈ ਅਤੇ ਇਸਦਾ ਸਿੱਧਾ ਨੁਕਸਾਨ ਆਮ ਪੰਜਾਬੀਆਂ ਨੂੰ ਝੱਲਣਾ ਪੈ ਰਿਹਾ ਹੈ। ਹੈਲਪਲਾਈਨ ਸਿਸਟਮ ਵੀ ਫੇਲ ਸਾਬਤ ਹੋ ਰਿਹਾ ਹੈ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਮਿਲ ਰਹੀ।

ਮਜੀਠੀਆ ਨੇ ਮੁੱਖ ਮੰਤਰੀ ਦੇ ਪੁਰਾਣੇ ਬਿਆਨਾਂ ਨੂੰ ਯਾਦ ਕਰਵਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਬਿਜਲੀ ਦੇ ਕੱਟ ਨਹੀਂ ਲੱਗਣਗੇ ਅਤੇ ਸੂਬਾ ਬਿਜਲੀ ਸਰਪਲਸ ਹੈ, ਅੱਜ ਉਹੀ ਸਰਕਾਰ ਲੋਕਾਂ ਨੂੰ ਪਾਵਰ ਕੱਟਾਂ ਵਿੱਚ ਛੱਡ ਕੇ ਇਸ਼ਤਿਹਾਰਾਂ ਰਾਹੀਂ ਝੂਠੀ ਤਸਵੀਰ ਪੇਸ਼ ਕਰ ਰਹੀ ਹੈ।

ਉਨ੍ਹਾਂ ਕਿਹਾ,“ਅੱਜ ਸਾਰਾ ਪੰਜਾਬ ਇਸ ਜੁੰਡਲੀ ਵੱਲ ਦੇਖ ਰਿਹਾ ਹੈ—ਇਸ਼ਤਿਹਾਰਾਂ ਦੇ ਪਰਦੇ ਅੱਗੇ ਕੀ ਦਿਖਾਇਆ ਜਾ ਰਿਹਾ ਹੈ ਅਤੇ ਪਰਦੇ ਦੇ ਪਿੱਛੇ ਕੀ ਚਲ ਰਿਹਾ ਹੈ। ਸੱਚ ਇਹ ਹੈ ਕਿ ਲੋਕ ਗਰਮੀ ਵਿੱਚ ਤੜਫ ਰਹੇ ਹਨ ਅਤੇ ਸਰਕਾਰ ਵਿਦੇਸ਼ੀ ਦੌਰਿਆਂ ਅਤੇ ਪ੍ਰਚਾਰ ਵਿੱਚ ਵਿਅਸਤ ਹੈ।”

ਉਨ੍ਹਾਂ ਚੇਤਾਵਨੀ ਦਿੱਤੀ ਕਿ 28 ਅਪ੍ਰੈਲ ਤੋਂ ਪਹਿਲਾਂ ਵੀ ਹਾਲਾਤ ਸੁਧਰਨ ਦੇ ਸੰਕੇਤ ਨਹੀਂ ਹਨ ਅਤੇ ਜਿਵੇਂ ਹੀ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ, ਬਿਜਲੀ ਦੀ ਮੰਗ ਹੋਰ ਵਧੇਗੀ, ਜਿਸ ਨਾਲ ਮੰਗ ਅਤੇ ਸਪਲਾਈ ਵਿੱਚ ਵੱਡਾ ਪਾੜਾ ਪੈ ਸਕਦਾ ਹੈ।

ਅਖੀਰ ਵਿੱਚ ਮਜੀਠੀਆ ਨੇ ਕਿਹਾ,
“ਇਹ ਸਿਰਫ ਪਾਵਰ ਕੱਟ ਨਹੀਂ, ਸਿਸਟਮ ਦੀ ਪੂਰੀ ਨਾਕਾਮੀ ਹੈ—ਅਤੇ ਪੰਜਾਬ ਦੇ ਲੋਕ ਹੁਣ ਹਰ ਇਕ ਯੂਨਿਟ ਦਾ ਹਿਸਾਬ ਲੈਣ ਲਈ ਤਿਆਰ ਹਨ।” ਉਹਨਾਂ ਪੰਜਾਬੀਆ ਨੂੰ ਅਪੀਲ ਕੀਤੀ ਕਿ ਸਰਕਾਰ ਨੇ ਅੱਤ ਦੀ ਗਰਮੀ ਦੇ ਕੋਈ ਪ੍ਰਬੰਧ ਨਹੀਂ ਕਰਨੇ ਅਤੇ ਜੇਕਰ ਡਿਮਾਂਡ ਅਤੇ ਸਪਲਾਈ ਵਿੱਚ ਸੁਧਾਰ ਨਾ ਹੋਇਆ ਤਾਂ ਰਾਤ ਦੇ ਲੰਬੇ ਪਾਵਰ ਕੱਟਾ ਵਾਸਤੇ ਵੀ ਤਿਆਰ ਰਹੋ।

×