ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਯੂ.ਟੀ. ਸਕੱਤਰੇਤ, ਸੈਕਟਰ-9, ਚੰਡੀਗੜ੍ਹ ਵਿਖੇ ਰਸਮੀ ਤੌਰ ‘ਤੇ ਨਸ਼ਾ-ਵਿਰੋਧੀ ਹੈਲਪਲਾਇਨ ਨੰਬਰ ਜਾਰੀ ਕੀਤੇ। ਇਸ ਮੌਕੇ ਪੰਜਾਬ ਦੇ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ; ਯੂ.ਟੀ. ਚੰਡੀਗੜ੍ਹ ਦੇ ਗ੍ਰਹਿ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ; ਡਾ. ਸਾਗਰ ਪ੍ਰੀਤ ਹੁੱਡਾ, ਆਈਪੀਐੱਸ, ਡਾਇਰੈਕਟਰ ਜਨਰਲ ਆਵ੍ ਪੁਲਿਸ, ਯੂ.ਟੀ. ਚੰਡੀਗੜ੍ਹ; ਵਿੱਤ ਸਕੱਤਰ ਸ਼੍ਰੀ ਦੀਪਰਵਾ ਲਾਕੜਾ; ਸ਼੍ਰੀ ਸਵਪਨਿਲ ਐੱਮ. ਨਾਇਕ, ਸਕੱਤਰ ਪ੍ਰਸੋਨਲ ਅਤੇ ਸਥਾਪਨਾ; ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਸਪੈਸ਼ਲ ਕਮਿਸ਼ਨਰ ਨਗਰ ਨਿਗਮ ਚੰਡੀਗੜ੍ਹ; ਸੁਸ਼੍ਰੀ ਕੰਵਰਦੀਪ ਕੌਰ, ਆਈਪੀਐੱਸ, ਐੱਸਐੱਸਪੀ/ਯੂ.ਟੀ., ਚੰਡੀਗੜ੍ਹ; ਸ਼੍ਰੀ ਸੁਮੇਰ ਪ੍ਰਤਾਪ ਸਿੰਘ, ਆਈਪੀਐੱਸ, ਸੀਨੀਅਰ ਪੁਲਿਸ ਕਪਤਾਨ (ਸੁਰੱਖਿਆ ਅਤੇ ਟ੍ਰੈਫਿਕ); ਸ਼੍ਰੀ ਰਾਜੇਸ਼ ਸ਼ਰਮਾ, ਐੱਸਐੱਸਪੀ/ਅਪ੍ਰੇਸ਼ਨ; ਸ਼੍ਰੀ ਵਿਨੀਤ ਕੁਮਾਰ, ਐੱਸਪੀ/ਹੈੱਡਕੁਆਰਟਰਸ ਅਤੇ ਸ੍ਰੀ ਵਿਜੈ ਕੁਮਾਰ, ਆਈਪੀਐੱਸ, ਐੱਸਪੀ/ਸਿਟੀ ਚੰਡੀਗੜ੍ਹ ਮੌਜੂਦ ਸਨ।

ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਜਨਤਾ ਦੀ ਭਾਗੀਦਾਰੀ ਸਭ ਤੋਂ ਅਹਿਮ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ, ਨਸ਼ੇ ਵੇਚਣ ਅਤੇ ਨਸ਼ਾ ਕਰਨ ਦੇ ਮਾਮਲਿਆਂ ਦੀ ਜਾਣਕਾਰੀ ਦੇਣ ਅਤੇ ਸਮਰਪਿਤ ਹੈਲਪਲਾਇਨ ਦੇ ਜ਼ਰੀਏ ਮਦਦ ਲੈਣ। ਉਨ੍ਹਾਂ ਨੇ ਭਰੋਸਾ ਦਿੱਤਾ ਕੀ ਕਾਲ ਕਰਨ ਵਾਲੇ ਜਾਂ ਸ਼ਿਕਾਇਤਕਰਤਾ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਇਸ ਨੂੰ ਰਿਕਾਰਡ ਵਿੱਚ ਦਰਜ ਨਹੀਂ ਕੀਤਾ ਜਾਵੇਗਾ। ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ ਸੁਨਿਸ਼ਚਿਤ ਕਰਨ ਲਈ ਸੀਨੀਅਰ ਅਧਿਕਾਰੀ ਖ਼ੁਦ ਇਨ੍ਹਾਂ ਦੀ ਨਿਗਰਾਨੀ ਕਰਨਗੇ। ਨਸ਼ਾ-ਵਿਰੋਧੀ ਹੈਲਪਲਾਇਨ ਨੰਬਰ ਹਨ: 8283040100 (ਚੰਡੀਗੜ੍ਹ
ਨਸ਼ਾ-ਵਿਰੋਧੀ ਹੈਲਪਲਾਇਨ – ਮੋਬਾਈਲ), 0172-2677037 (ਚੰਡੀਗੜ੍ਹ ਨਸ਼ਾ-ਵਿਰੋਧੀ ਹੈਲਪਲਾਇਨ – ਲੈਂਡਲਾਇਨ) ਅਤੇ 1933 (ਮਾਨਸ ਹੈਲਪਲਾਇਨ)।

ਪ੍ਰਸ਼ਾਸਕ ਨੇ ਦੱਸਿਆ ਕਿ ਇਸ ਨਸ਼ਾ-ਮੁਕਤ ਅਭਿਯਾਨ ਦਾ ਅਗਲਾ ਕਦਮ ਪੂਰੇ ਚੰਡੀਗੜ੍ਹ ਵਿੱਚ ਘਰ-ਘਰ ਜਾ ਕੇ ਸਰਵੇਖਣ ਕਰਨਾ ਹੋਵੇਗਾ। ਇਸ ਨਾਲ ਅਜਿਹੇ ਲੋਕਾਂ ਅਤੇ ਪਰਿਵਾਰਾਂ ਦੀ ਪਹਿਚਾਣ ਕੀਤੀ ਜਾਵੇਗੀ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ, ਤਾਕਿ ਉਨ੍ਹਾਂ ਨੂੰ ਸਹੀ ਕਾਉਂਸਲਿੰਗ, ਇਲਾਜ ਅਤੇ ਪੁਨਰਵਾਸ ਦੀ ਸੁਵਿਧਾ ਮਿਲ ਸਕੇ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਅਜਿਹੀਆਂ ਦਵਾਈਆਂ ਦੀ ਵਿਕਰੀ ‘ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਦਾ ਦੁਰਉਪਯੋਗ ਹੋ ਸਕਦਾ ਹੈ। ਰਜਿਸਟਰਡ ਡਾਕਟਰ ਦੀ ਪਰਚੀ (ਪ੍ਰਿਸਕ੍ਰਿਪਸ਼ਨ) ਤੋਂ ਬਿਨਾ ਅਜਿਹੀਆਂ ਦਵਾਈਆਂ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਗੁਆਂਢੀ ਰਾਜਾਂ ਨਾਲ ਮਿਲ ਕੇ ਵੀ ਕੰਮ ਕੀਤਾ ਜਾਵੇਗਾ।

ਸ਼੍ਰੀ ਸਾਗਰ ਪ੍ਰੀਤ ਹੁੱਡਾ, ਆਈਪੀਐੱਸ, ਡੀਜੀਪੀ-ਯੂ.ਟੀ. ਨੇ ਦੱਸਿਆ ਕਿ ਮੌਜੂਦਾ ਵਿਸ਼ੇਸ਼ ਅਭਿਯਾਨ ਦੇ ਤਹਿਤ ਹੁਣ ਤੱਕ 130 ਐੱਫਆਈਆਰਜ਼ (FIRs) ਦਰਜ ਕੀਤੀਆਂ ਜਾ ਚੁੱਕੀਆਂ ਹਨ ਅਤੇ 133 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਚਲ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਲਗਭਗ 359 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੰਵੇਦਨਸ਼ੀਲ ਇਲਾਕਿਆਂ (‘ਹਾਟਸਪੌਟਸ’) ਦੀ ਪਹਿਚਾਣ ਕਰਕੇ ਉੱਥੇ ਘੇਰਾਬੰਦੀ ਕੀਤੀ ਗਈ ਹੈ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵਿਸ਼ੇਸ਼ ਅਭਿਯਾਨ ਨੂੰ ਸਿਹਤ ਵਿਭਾਗ, ਸਮਾਜ ਭਲਾਈ ਵਿਭਾਗ, ਚੰਡੀਗੜ੍ਹ ਪੁਲਿਸ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਹੋਰ ਵਿਭਿੰਨ ਏਜੰਸੀਆਂ ਦਾ ਸਹਿਯੋਗ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ‘ਨਸ਼ਾ-ਵਿਰੋਧੀ ਹੈਲਪਲਾਇਨ’ ਨਾਗਰਿਕਾਂ ਨੂੰ ਨਸ਼ਾ ਤਸਕਰੀ ਅਤੇ ਨਸ਼ਿਆਂ ਨਾਲ ਸਬੰਧਿਤ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਇੱਕ ਸਮਰਪਿਤ ਪਲੈਟਫਾਰਮ ਪ੍ਰਦਾਨ ਕਰੇਗੀ। ਹੈਲਪਲਾਇਨ ਦੇ ਜ਼ਰੀਏ ਪ੍ਰਾਪਤ ਜਾਣਕਾਰੀ ਨੂੰ ਢੁਕਵੀਂ ਅਤੇ ਸਮੇਂ ‘ਤੇ ਕਾਰਵਾਈ ਲਈ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ।

ਤਤਕਾਲ ਅਤੇ ਠੋਸ ਜਾਣਕਾਰੀ ‘ਤੇ ਐੱਸਐੱਸਪੀ ਦੀ ਨਿਗਰਾਨੀ ਵਾਲੀ ਵਿਸ਼ੇਸ਼ ਟੀਮ ਤੁਰੰਤ ਕਾਰਵਾਈ ਕਰੇਗੀ, ਜਦਕਿ ਆਮ ਸ਼ਿਕਾਇਤਾਂ ਨੂੰ ਅੱਗੇ ਦੀ ਜਾਂਚ ਲਈ ‘ਐਂਟੀ-ਨਾਰਕੋਟਿਕ ਟਾਸਕ ਫੋਰਸ’ ਨੂੰ ਭੇਜਿਆ ਜਾਵੇਗਾ।

ਡੀਜੀਪੀ ਨੇ ਕਿਹਾ ਕਿ ਇਹ ਹੈਲਪਲਾਇਨ ਸਿਰਫ਼ ਇੱਕ ਟੈਲੀਫੋਨ ਨੰਬਰ ਨਹੀਂ ਹੈ, ਬਲਕਿ ਨਸ਼ੇ ਖ਼ਿਲਾਫ਼ ਪੁਲਿਸ ਅਤੇ ਜਨਤਾ ਦੀ ਸਾਂਝੀ ਲੜਾਈ ਦਾ ਮੰਚ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਸਹੀ ਸੂਚਨਾ ਸਾਂਝੀ ਕਰਨ ਦੀ ਅਪੀਲ ਕੀਤੀ। ਇਹ ਪਹਿਲ ਚੰਡੀਗੜ੍ਹ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਿਸ ਦੁਆਰਾ ਨਸ਼ੇ ਦੇ ਖ਼ਾਤਮੇ ਅਤੇ ਨਾਗਰਿਕਾਂ ਨੂੰ ਇੱਕ ਸੁਰੱਖਿਅਤ ਮੰਚ ਦੇਣ ਦੇ ਪ੍ਰਯਾਸਾਂ ਦਾ ਹਿੱਸਾ ਹੈ।