ਟੈਗੋਰ ਥੀਏਟਰ ਵਿਖੇ ਰਾਜ ਪੱਧਰੀ ਸਮਾਰੋਹ ਰਾਸ਼ਟਰੀ ਗੌਰਵ, ਸੱਭਿਆਚਾਰ ਅਤੇ ਏਕਤਾ ਲਈ ਪ੍ਰੇਰਣਾ ਸਰੋਤ ਬਣ ਗਿਆ।

ਚੰਡੀਗੜ੍ਹ, 14 ਅਗਸਤ 2025:

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਟੈਗੋਰ ਥੀਏਟਰ ਵਿਖੇ ਆਯੋਜਿਤ ਰਾਜ ਪੱਧਰੀ ‘ਹਰ ਘਰ ਤਿਰੰਗਾ’ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਦੇਸ਼ਭਗਤੀ, ਰਾਸ਼ਟਰੀ ਏਕਤਾ ਅਤੇ ਸੱਭਿਆਚਾਰਕ ਮਾਣ ਦਾ ਭਾਵਪੂਰਨ ਸੰਦੇਸ਼ ਦਿੱਤਾ। ਇਹ ਸਮਾਰੋਹ ਦੇਸ਼ ਭਗਤੀ ਦੀ ਭਾਵਨਾ ਨਾਲ ਭਰਿਆ ਹੋਇਆ ਸੀ ਅਤੇ “ਵਿਕਸਿਤ ਭਾਰਤ” ਦੇ ਸੰਕਲਪ ਲਈ ਇੱਕ ਨਵੀਂ ਊਰਜਾ ਦੇਣ ਵਾਲਾ ਸਿੱਧ ਹੋਇਆ।

ਪ੍ਰੋਗਰਾਮ ਦੀ ਸ਼ੁਰੂਆਤ ਸਮਾਜਿਕ ਨਿਆਂ ਵਿਭਾਗ, ਸੱਭਿਆਚਾਰ ਵਿਭਾਗ ਅਤੇ ਸਕੂਲ ਸਿੱਖਿਆ ਵਿਭਾਗ ਦੁਆਰਾ ਆਯੋਜਿਤ ਇੱਕ ਵਿਸ਼ਾਲ ਦਸਤਕਾਰੀ ਪ੍ਰਦਰਸ਼ਨੀ ਨਾਲ ਹੋਈ, ਜਿਸ ਨੇ ਟੈਗੋਰ ਥੀਏਟਰ ਕੰਪਲੈਕਸ ਨੂੰ ‘ਵਿਕਸਿਤ ਭਾਰਤ’ ਦੇ ਦ੍ਰਿਸ਼ ਰੂਪ ਵਿੱਚ ਬਦਲ ਦਿੱਤਾ। ਵੱਖ-ਵੱਖ ਰਾਜਾਂ ਦੇ ਸੱਭਿਆਚਾਰ, ਦਸਤਕਾਰੀ ਅਤੇ ਲੋਕ ਕਲਾ ਦੀ ਝਲਕ ਨੇ ਦੇਸ਼ ਦੀ ਆਤਮਾ ਨੂੰ ਮੂਰਤ ਰੂਪ ਦਿੱਤਾ। ਇਸ ਤੋਂ ਇਲਾਵਾ, ਵਿਦਿਆਰਥੀਆਂ ਦੁਆਰਾ ਦਿੱਤੀਆਂ ਗਈਆਂ ਪੇਸ਼ਕਾਰੀਆਂ ਨੇ ਮੰਚ ਨੂੰ ਦੇਸ਼ਭਗਤੀ ਦੀ ਊਰਜਾ ਨਾਲ ਭਰ ਦਿੱਤਾ।

ਆਪਣੇ ਪ੍ਰੇਰਣਾਦਾਇਕ ਭਾਸ਼ਣ ਵਿੱਚ, ਰਾਜਪਾਲ ਸ਼੍ਰੀ ਕਟਾਰੀਆ ਨੇ ਕਿਹਾ ਕਿ “ਹਰ ਘਰ ਤਿਰੰਗਾ” ਮੁਹਿੰਮ ਸਿਰਫ਼ ਇੱਕ ਪ੍ਰਤੀਕਾਤਮਕ ਅੰਦੋਲਨ ਨਹੀਂ ਹੈ, ਬਲਕਿ ਦੇਸ਼ਭਗਤੀ, ਜਨ ਭਾਗੀਦਾਰੀ ਅਤੇ ਰਾਸ਼ਟਰੀ ਚੇਤਨਾ ਦੀ ਇੱਕ ਸਸ਼ਕਤ ਮੁਹਿੰਮ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਹ ਤਿਰੰਗਾ ਸਾਡੀ ਪਹਿਚਾਣ, ਸਾਡੇ ਆਦਰਸ਼ਾਂ ਅਤੇ ਸਾਡੇ ਸਵੈ-ਮਾਣ ਦਾ ਪ੍ਰਤੀਕ ਹੈ।

ਭਾਰਤ ਦੇ ਆਜ਼ਾਦੀ ਸੰਗ੍ਰਾਮ ਦੇ ਮਹਾਨ ਨਾਇਕਾਂ ਨੂੰ ਯਾਦ ਕਰਦੇ ਹੋਏ, ਰਾਜਪਾਲ ਨੇ ਕਿਹਾ ਕਿ “ਭਾਰਤ ਦੀ ਆਜ਼ਾਦੀ ਇੱਕ ਦਿਨ ਦੀ ਨਹੀਂ, ਬਲਕਿ ਇਹ 1857 ਵਿੱਚ ਮੰਗਲ ਪਾਂਡੇ ਦੁਆਰਾ ਜਗਾਈ ਗਈ ਚੰਗਿਆੜੀ ਤੋਂ 1947 ਦੀ ਪੂਰਨ ਸੁਤੰਤਰਤਾ ਤੱਕ ਖੂਨ ਨਾਲ ਲਿਖਿਆ ਗਿਆ ਇੱਕ ਗੌਰਵਸ਼ਾਲੀ ਇਤਿਹਾਸ ਹੈ।”

ਉਨ੍ਹਾਂ ਨੇ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ, ਬਿਪਿਨ ਚੰਦਰ ਪਾਲ, ਭਗਤ ਸਿੰਘ, ਸੁਖਦੇਵ, ਰਾਜਗੁਰੂ, ਸੁਭਾਸ਼ ਚੰਦਰ ਬੋਸ, ਮਹਾਤਮਾ ਗਾਂਧੀ ਅਤੇ ਵੀਰ ਸਾਵਰਕਰ ਦੇ ਯੋਗਦਾਨ ਨੂੰ ਗਹਿਰਾਈ ਨਾਲ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਭਾਰਤ ਦੀ ਪਹਿਚਾਣ ਵਾਪਸ ਕੀਤੀ। ਖਾਸ ਤੌਰ ‘ਤੇ, ਉਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਆਜ਼ਾਦੀ ਸੰਗ੍ਰਾਮ ਦਾ ਮੋਢੀ ਦੱਸਿਆ ਅਤੇ ਜਲਿਆਂਵਾਲਾ ਬਾਗ਼ ਕਤਲੇਆਮ ਦੇ ਦਰਦ ਨੂੰ ਯਾਦ ਕੀਤਾ।

ਰਾਜਪਾਲ ਨੇ ਇਹ ਵੀ ਕਿਹਾ ਕਿ ਵੰਡ ਦੀ ਤਰਾਸਦੀ ਨੇ ਸਾਨੂੰ ਸਿਖਾਇਆ ਕਿ ਏਕਤਾ, ਭਾਈਚਾਰਾ ਅਤੇ ਸਹਿਣਸ਼ੀਲਤਾ ਹੀ ਸਾਡੀਆਂ ਸਭ ਤੋਂ ਵੱਡੀਆਂ ਤਾਕਤਾਂ ਹਨ। ਉਨ੍ਹਾਂ ਨੇ “ਹਰ ਘਰ ਤਿਰੰਗਾ” ਮੁਹਿੰਮ ਨੂੰ ਇਸ ਰਾਸ਼ਟਰੀ ਭਾਵਨਾ ਨੂੰ ਮੁੜ ਸਥਾਪਿਤ ਕਰਨ ਦਾ ਪ੍ਰਯਾਸ ਦੱਸਿਆ।

ਦੇਸ਼ ਦੀ ਮੌਜੂਦਾ ਸਥਿਤੀ ‘ਤੇ ਬੋਲਦੇ ਹੋਏ, ਰਾਜਪਾਲ ਸ਼੍ਰੀ ਕਟਾਰੀਆ ਨੇ ਕਿਹਾ, “ਅੱਜ ਦਾ ਭਾਰਤ ਉਹ ਨਹੀਂ ਹੈ ਜੋ ਕਦੇ ਚੁੱਪਚਾਪ ਸਹਿ ਲੈਂਦਾ ਸੀ। ਇਹ ਨਵਾਂ ਭਾਰਤ ਹੈ – ਆਤਮਨਿਰਭਰ, ਜਾਗਰੂਕ ਅਤੇ ਸਵੈ-ਮਾਣ ਵਾਲਾ। ਜਿਸ ਨੇ ਪਹਿਲਗਾਮ ਜਿਹੇ ਕਾਇਰਤਾਪੂਰਨ ਆਤੰਕਵਾਦੀ ਹਮਲਿਆਂ ਦਾ ਇਕਜੁੱਟਤਾ ਨਾਲ ਜਵਾਬ ਦਿੱਤਾ ਅਤੇ ਦੁਨੀਆ ਦੇ ਸਾਹਮਣੇ ਇੱਕ ਨਿਰਣਾਇਕ ਸ਼ਕਤੀ ਦੇ ਰੂਪ ਵਿੱਚ ਉੱਭਰਿਆ।”

ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਹਰ ਨਾਗਰਿਕ ਨੂੰ ਸਿਰਫ਼ ਛੱਤਾਂ ‘ਤੇ ਹੀ ਨਹੀਂ ਬਲਕਿ ਆਪਣੇ ਵਿਚਾਰਾਂ, ਵਿਵਹਾਰ ਅਤੇ ਕਾਰਜਾਂ ਵਿੱਚ ਤਿਰੰਗਾ ਲਹਿਰਾਉਣਾ ਚਾਹੀਦਾ ਹੈ। ਸੱਚੀ ਦੇਸ਼ਭਗਤੀ ਉਹੀ ਹੈ ਜੋ ਸਾਡੇ ਕੰਮਾਂ ਜ਼ਰੀਏ ਪ੍ਰਗਟ ਹੋਵੇ।

ਚੰਡੀਗੜ੍ਹ ਦੇ ਸਕੂਲਾਂ ਦੀ ਪ੍ਰਸ਼ੰਸਾ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਇੱਥੋਂ ਦੇ ਅਧਿਆਪਕ ਅਤੇ ਵਿਦਿਆਰਥੀ ਨਾ ਸਿਰਫ਼ ਗਿਆਨ ਪ੍ਰਾਪਤ ਕਰਨ ਵਿੱਚ, ਬਲਕਿ ਕਦਰਾਂ-ਕੀਮਤਾਂ ਦੇ ਨਿਰਮਾਣ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਹਨ।

ਉਨ੍ਹਾਂ ਕਿਹਾ ਕਿ ਅੱਜ ਦਾ ਸਮਾਗਮ ਸਿਰਫ਼ ਸੱਭਿਆਚਾਰਕ ਹੀ ਨਹੀਂ ਹੈ,ਬਲਕਿ ਰਾਸ਼ਟਰ ਨਿਰਮਾਣ ਦੀ ਚੇਤਨਾ ਨੂੰ ਜਗਾਉਣ ਦਾ ਇੱਕ ਮਾਧਿਅਮ ਹੈ।

ਇਸ ਮੌਕੇ ਚੰਡੀਗੜ੍ਹ ਦੀ ਮੇਅਰ ਸ਼੍ਰੀਮਤੀ ਹਰਪ੍ਰੀਤ ਕੌਰ ਬਬਲਾ, ਚੰਡੀਗੜ੍ਹ ਦੇ ਮੁੱਖ ਸਕੱਤਰ ਸ਼੍ਰੀ ਰਾਜੀਵ ਵਰਮਾ, ਗ੍ਰਹਿ ਸਕੱਤਰ ਸ਼੍ਰੀ ਮਨਦੀਪ ਬਰਾੜ, ਸਿੱਖਿਆ ਸਕੱਤਰ ਸ਼੍ਰੀਮਤੀ ਪ੍ਰੇਰਣਾ ਪੁਰੀ, ਪੁਲਿਸ ਡਾਇਰੈਕਟਰ ਜਨਰਲ ਡਾ. ਸਾਗਰ ਪ੍ਰੀਤ ਹੁੱਡਾ, ਸੱਭਿਆਚਾਰਕ ਮਾਮਲਿਆਂ ਦੇ ਡਾਇਰੈਕਟਰ ਸ਼੍ਰੀ ਸੌਰਭ ਅਰੋੜਾ, ਚੰਡੀਗੜ੍ਹ ਭਾਜਪਾ ਪ੍ਰਧਾਨ ਸ਼੍ਰੀ ਜਤਿੰਦਰ ਪਾਲ ਮਲਹੋਤਰਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

×