ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ, ਅੱਜ ਚੰਡੀਗੜ੍ਹ ਦੇ ਸੈਕਟਰ 50-ਡੀ ਸਥਿਤ ਟੇਬਲ ਟੈਨਿਸ ਹਾਲ,ਸਪੋਰਟਸ ਕੰਪਲੈਕਸ ਵਿੱਚ ਆਯੋਜਿਤ 39ਵੀਂ ਯੂ.ਟੀ.ਟੀ. ਚੰਡੀਗੜ੍ਹ ਸਟੇਟ ਟੇਬਲ ਟੈਨਿਸ ਚੈਂਪੀਅਨਸ਼ਿਪ-
2026 ਦੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ, ਚੰਡੀਗੜ੍ਹ ਦੀਆਂ ਯੁਵਾ ਖੇਡ ਪ੍ਰਤਿਭਾਵਾਂ ਦੀ ਸ਼ਲਾਘਾ ਕੀਤੀ ਅਤੇ ਸ਼ਹਿਰ ਵਿੱਚ ਆਗਾਮੀ ਸੀਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਆਯੋਜਨ ਲਈ ਜ਼ਰੂਰੀ ਬੁਨਿਆਦੀ ਢਾਂਚੇ ਦੇ ਵਿਕਾਸ ਹਿਤ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਅਤੇ ਲੜਕੀਆਂ ਦੇ ਅੰਡਰ-11, ਅੰਡਰ-13, ਅੰਡਰ-15, ਅੰਡਰ-17 ਅਤੇ ਅੰਡਰ-19 ਉਮਰ ਵਰਗਾਂ ਵਿੱਚ ਕੁੱਲ 22 ਈਵੈਂਟ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਚੰਡੀਗੜ੍ਹ ਦੇ ਵਿਭਿੰਨ ਖੇਤਰਾਂ ਤੋਂ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਕਟਾਰੀਆ ਨੇ ਟੇਬਲ ਟੈਨਿਸ ਐਸੋਸੀਏਸ਼ਨ ਨੂੰ ਲਗਾਤਾਰ 39ਵੇਂ ਵਰ੍ਹੇ ਇਸ ਚੈਂਪੀਅਨਸ਼ਿਪ ਦਾ ਸਫ਼ਲ ਆਯੋਜਨ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਆਤਮਵਿਸ਼ਵਾਸ, ਟੀਮ ਭਾਵਨਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਵਿਕਸਿਤ ਕਰਦੀਆਂ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਜਿੱਤ ਅਤੇ ਹਾਰ ਦੋਹਾਂ ਤੋਂ ਸਿੱਖਿਆ ਲੈਂਦੇ ਹੋਏ ਆਪਣੇ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ।
ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਖੇਡਾਂ ਨੂੰ ਹੁਲਾਰਾ ਦੇਣ ਦੇ ਪ੍ਰਯਾਸਾਂ ਦਾ ਉਲੇਖ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਖੇਡ ਨੀਤੀ ਦੇ ਤਹਿਤ ਖਿਡਾਰੀਆਂ ਨੂੰ ਸਕਾਲਰਸ਼ਿਪ ਅਤੇ ਨਕਦ ਪੁਰਸਕਾਰਾਂ ਦੇ ਜ਼ਰੀਏ ਲਗਭਗ 36 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਬਿਹਤਰ ਖੇਡ ਸੁਵਿਧਾਵਾਂ ਉਪਲਬਧ ਕਰਵਾਉਣ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੇ ਪ੍ਰਯਾਸਾਂ ‘ਤੇ ਵੀ ਪ੍ਰਕਾਸ਼ ਪਾਇਆ। ਓਲੰਪਿਕ ਵੈਲਿਊਜ਼ ਐਜੂਕੇਸ਼ਨ ਪ੍ਰੋਗਰਾਮ ਦੇ ਤਹਿਤ ਚੰਡੀਗੜ੍ਹ ਦੇ 108 ਸਰਕਾਰੀ ਸਕੂਲਾਂ ਦੇ ਲਗਭਗ 41,750 ਵਿਦਿਆਰਥੀ ਸਕੂਲ ਵਾਲੀਬਾਲ ਪ੍ਰੋਗਰਾਮ ਤੋਂ ਲਾਭ ਉਠਾ ਰਹੇ ਹਨ।
ਰਾਜਪਾਲ ਨੇ ਯੁਵਾ ਖਿਡਾਰੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਖੇਡਾਂ ਅਤੇ ਸਰੀਰਕ ਫਿਟਨੈੱਸ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਚੰਡੀਗੜ੍ਹ ਦੀਆਂ ਯੁਵਾ ਖੇਡ ਪ੍ਰਤਿਭਾਵਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਬਿਹਤਰ ਪ੍ਰਦਰਸ਼ਨ ਕਰਕੇ ਸ਼ਹਿਰ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਗੀਆਂ।
ਇਸ ਅਵਸਰ ‘ਤੇ ਚੰਡੀਗੜ੍ਹ ਟੇਬਲ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਨੂਪ ਗੁਪਤਾ ਨੇ ਦੱਸਿਆ ਕਿ ਚੰਡੀਗੜ੍ਹ ਨੂੰ 88ਵੀਂ ਸੀਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ-
2026 ਦੀ ਮੇਜ਼ਬਾਨੀ ਸੌਂਪੀ ਗਈ ਹੈ, ਜਿਸ ਦਾ ਆਯੋਜਨ ਮਾਰਚ 2027 ਵਿੱਚ
ਸੈਕਟਰ 50-ਡੀ ਸਥਿਤ
ਟੇਬਲ ਟੈਨਿਸ ਹਾਲ, ਸਪੋਰਟਸ ਕੰਪਲੈਕਸ, ਵਿੱਚ ਪ੍ਰਸਤਾਵਿਤ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਪ੍ਰਤਿਸ਼ਠਿਤ ਰਾਸ਼ਟਰੀ ਚੈਂਪੀਅਨਸ਼ਿਪ ਪਹਿਲੀ ਵਾਰ ਚੰਡੀਗੜ੍ਹ ਵਿੱਚ ਆਯੋਜਿਤ ਹੋਵੇਗੀ, ਜਿਸ ਵਾਸਤੇ ਆਯੋਜਨ ਸਥਾਨ ‘ਤੇ 20-24 ਟੇਬਲ ਟੈਨਿਸ ਟੇਬਲਾਂ ਦੀ ਜ਼ਰੂਰਤ ਹੋਵੇਗੀ। ਰਾਜਪਾਲ ਨੇ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਕਿ ਇਸ ਆਯੋਜਨ ਲਈ ਸਾਰੀਆਂ ਜ਼ਰੂਰੀ ਬੁਨਿਆਦੀ ਸੁਵਿਧਾਵਾਂ ਅਤੇ ਹੋਰ ਵਿਵਸਥਾਵਾਂ ਪੂਰੀਆਂ ਕੀਤੀਆਂ ਜਾਣਗੀਆਂ।
ਇਸ ਅਵਸਰ ‘ਤੇ ਸ਼੍ਰੀ ਸੀ.ਬੀ. ਓਝਾ, ਚੀਫ਼ ਇੰਜੀਨੀਅਰ, ਯੂ.ਟੀ. ਚੰਡੀਗੜ੍ਹ, ਡਾ. ਮਹੇਂਦਰ ਸਿੰਘ, ਜੁਆਇੰਟ ਡਾਇਰੈਕਟਰ ਸਪੋਰਟਸ, ਯੂ.ਟੀ. ਚੰਡੀਗੜ੍ਹ ਅਤੇ ਚੰਡੀਗੜ੍ਹ ਟੇਬਲ ਟੈਨਿਸ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਵੀ ਉਪਸਥਿਤ ਸਨ।


