ਪੁੱਛਿਆ, ਜਦੋਂ ਪੰਜਾਬ ਕਾਂਗਰਸ ਦੇ ਦੋ ਸਾਬਕਾ ਪ੍ਰਧਾਨਾਂ ਦੇ ਨਾਂ ਨਸ਼ਿਆਂ ਨਾਲ ਜੁੜਦੇ ਰਹੇ ਹਨ ਤਾਂ ਕਾਂਗਰਸ ਨਸ਼ਿਆਂ ਦੀ ਸਮੱਸਿਆ ਕਿਵੇਂ ਖ਼ਤਮ ਕਰੇਗੀ?
ਜੇਕਰ ਐੱਸਆਈਆਰ ਵਿੱਚ ਖ਼ਾਮੀਆਂ ਸਨ ਤਾਂ ਪੂਰੀ ਪ੍ਰਕਿਰਿਆ ਦੌਰਾਨ ਪੰਜਾਬ ਕਾਂਗਰਸ ਨੇ ਇੱਕ ਵਾਰ ਵੀ ਵਿਰੋਧ ਕਿਉਂ ਨਹੀਂ ਕੀਤਾ?
ਕਾਂਗਰਸ ਪੰਜਾਬ ਵਿੱਚ ਇੱਕ ਵੀ ਅਜਿਹਾ ਯੋਗ ਵੋਟਰ ਸਾਹਮਣੇ ਨਹੀਂ ਲਿਆ ਸਕੀ, ਜਿਸ ਦਾ ਨਾਂ ਵੋਟਰ ਸੂਚੀ ਵਿੱਚੋਂ ਗ਼ਲਤ ਢੰਗ ਨਾਲ ਕੱਟਿਆ ਗਿਆ ਹੋਵੇ।
ਕਾਂਗਰਸੀ ਆਗੂ ਖ਼ੁਦ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਘਿਰੇ ਹਨ ਅਤੇ ਉਨ੍ਹਾਂ ’ਤੇ ਗੈਂਗਸਟਰਾਂ ਨੂੰ ਸਰਪ੍ਰਸਤੀ ਦੇਣ ਦੇ ਦੋਸ਼ ਹਨ।
ਕਾਂਗਰਸ ਪ੍ਰਧਾਨ ਸ੍ਰੀ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ੍ਰੀ ਰਾਹੁਲ ਗਾਂਧੀ ਦੇ ਪੰਜਾਬ ਦੌਰੇ ’ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਚਾਰ ਸਾਲ ਨੌਂ ਮਹੀਨੇ ਵਿਰੋਧੀ ਧਿਰ ਵਜੋਂ ਗ਼ਾਇਬ ਰਹੀ। ਹੁਣ ਚੋਣਾਂ ਨੇੜੇ ਆਉਂਦਿਆਂ ਹੀ ਇਸ ਦੇ ਆਗੂ ਵੋਟਾਂ ਦੀ ਸਿਆਸਤ ਕਰਨ ਅਤੇ ਪੰਜਾਬ ਲਈ ਮਗਰਮੱਛ ਦੇ ਹੰਝੂ ਵਹਾਉਣ ਨਿਕਲ ਪਏ ਹਨ।
ਜਾਖੜ ਨੇ ਕਿਹਾ ਕਿ ਨਸ਼ੇ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਪੰਜਾਬ ਦੇ ਸਭ ਤੋਂ ਗੰਭੀਰ ਮੁੱਦੇ ਹਨ, ਪਰ ਕਾਂਗਰਸੀ ਆਗੂ ਖ਼ੁਦ ਇਨ੍ਹਾਂ ਹੀ ਦੋਸ਼ਾਂ ਵਿੱਚ ਘਿਰੇ ਹੋਏ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਨਸ਼ਿਆਂ ਅਤੇ ਗੈਂਗਸਟਰਾਂ ਦੇ ਦਹਿਸ਼ਤ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦਿੱਤਾ, ਜਦਕਿ ਕਾਂਗਰਸ ਲਗਭਗ ਪੂਰੇ ਕਾਰਜਕਾਲ ਦੌਰਾਨ ਚੁੱਪ ਰਹੀ ਅਤੇ ਵਿਰੋਧੀ ਧਿਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ। ਜਾਖੜ ਨੇ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਦੇ ਦੋ ਸਾਬਕਾ ਪ੍ਰਧਾਨਾਂ ਦੇ ਨਾਂ ਨਸ਼ਿਆਂ ਨਾਲ ਜੁੜਦੇ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਵਿਧਾਨ ਸਭਾ ਵਿੱਚ ਮੁਆਫ਼ੀ ਵੀ ਮੰਗੀ ਸੀ। ਕਾਂਗਰਸ ਦੇ ਸ਼ਾਸਨ ਦੌਰਾਨ ਇੱਕ ਹੋਰ ਸਾਬਕਾ ਮੰਤਰੀ ਖ਼ਿਲਾਫ਼ ਇੱਕ ਬਦਨਾਮ ਗੈਂਗਸਟਰ ਨੂੰ ਸਰਪ੍ਰਸਤੀ ਅਤੇ ਪਨਾਹ ਦੇਣ ਦੇ ਦੋਸ਼ਾਂ ਦੀ ਜਾਂਚ ਹੋਈ ਸੀ। ਜਾਖੜ ਨੇ ਪੁੱਛਿਆ, “ਕੀ ਅਜਿਹੇ ਆਗੂ ਨਸ਼ਿਆਂ ਦੀ ਸਮੱਸਿਆ ਖ਼ਤਮ ਕਰ ਸਕਦੇ ਹਨ ਅਤੇ ਪੰਜਾਬ ਨੂੰ ਗੈਂਗਸਟਰਾਂ ਤੋਂ ਨਿਜਾਤ ਦਿਵਾ ਸਕਦੇ ਹਨ?”
ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਨ ਸੁਧਾਈ (ਐੱਸਆਈਆਰ) ਬਾਰੇ ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਦੋ ਦਿਨ ਪਹਿਲਾਂ ਦਿੱਲੀ ਵਿੱਚ ਇਸ ਦੇ ਵਿਰੋਧ ਵਿੱਚ ਰੈਲੀ ਕੀਤੀ ਸੀ। ਹੁਣ ਪੰਜਾਬ ਆ ਕੇ ਉਨ੍ਹਾਂ ਨੂੰ ਇਸ ਹਕੀਕਤ ਦਾ ਸਾਹਮਣਾ ਕਰਨਾ ਪਵੇਗਾ ਕਿ ਪੰਜਾਬ ਕਾਂਗਰਸ ਨੇ ਸੂਬੇ ਵਿੱਚ ਐੱਸਆਈਆਰ ਦੀ ਪੂਰੀ ਪ੍ਰਕਿਰਿਆ ਦੌਰਾਨ ਇੱਕ ਵਾਰ ਵੀ ਵਿਰੋਧ ਨਹੀਂ ਕੀਤਾ। ਜਾਖੜ ਮੁਤਾਬਕ, ਪੰਜਾਬ ਕਾਂਗਰਸ ਦੇ ਆਗੂਆਂ ਨੇ ਤਾਂ ਐੱਸਆਈਆਰ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਮੁਕੰਮਲ ਹੋਣ ’ਤੇ ਮੁੱਖ ਚੋਣ ਅਧਿਕਾਰੀ ਨੂੰ ਵਧਾਈ ਵੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਚੋਣ ਕਮਿਸ਼ਨ ਖ਼ਿਲਾਫ਼ ਕਾਂਗਰਸ ਦੀ ਦੇਸ਼ਵਿਆਪੀ ਮੁਹਿੰਮ ਦੀ ਹਵਾ ਨਿਕਲ ਗਈ ਅਤੇ ਇਹ ਸਾਫ਼ ਹੋ ਗਿਆ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਜ਼ਮੀਨੀ ਹਕੀਕਤ ਤੋਂ ਕੱਟ ਚੁੱਕੀ ਹੈ। ਜਾਖੜ ਨੇ ਕਿਹਾ ਕਿ ਕਾਂਗਰਸ ਅੱਜ ਤੱਕ ਪੰਜਾਬ ਵਿੱਚ ਇੱਕ ਵੀ ਅਜਿਹਾ ਮਾਮਲਾ ਸਾਹਮਣੇ ਨਹੀਂ ਲਿਆ ਸਕੀ, ਜਿਸ ਵਿੱਚ ਕਿਸੇ ਯੋਗ ਵੋਟਰ ਦਾ ਨਾਂ ਗ਼ਲਤ ਢੰਗ ਨਾਲ ਸੂਚੀ ਵਿੱਚੋਂ ਹਟਾਇਆ ਗਿਆ ਹੋਵੇ।
ਜਾਖੜ ਨੇ ਕਿਹਾ ਕਿ ਕਾਂਗਰਸ ਆਪਣੀਆਂ ਚੋਣ ਹਾਰਾਂ ਲਈ ਐੱਸਆਈਆਰ ਨੂੰ ਬਹਾਨਾ ਬਣਾ ਰਹੀ ਹੈ। ਉਨ੍ਹਾਂ ਮੁਤਾਬਕ, ਵੋਟਰਾਂ ਨੇ ਕਾਂਗਰਸ ਨੂੰ ਇਸ ਲਈ ਨਹੀਂ ਚੁਣਿਆ ਕਿਉਂਕਿ ਉਹ ਲੋਕ ਹਿੱਤ ਵਿੱਚ ਕੋਈ ਕੰਮ ਨਹੀਂ ਕਰਦੀ। ਪਾਰਟੀ ਆਪਣੀ ਹਾਰ ਲਈ ਕਦੇ ਐੱਸਆਈਆਰ ਨੂੰ ਤੇ ਕਦੇ ਈਵੀਐੱਮ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ।
ਜਾਖੜ ਨੇ ਪੁੱਛਿਆ ਕਿ ਜੇਕਰ ਇਹ ਰੈਲੀ ਭ੍ਰਿਸ਼ਟਾਚਾਰ ਖ਼ਿਲਾਫ਼ ਹੈ ਤਾਂ ਭਗਵੰਤ ਮਾਨ ਸਰਕਾਰ ਦੌਰਾਨ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਹੋਏ ਭ੍ਰਿਸ਼ਟਾਚਾਰ ਬਾਰੇ ਸਥਾਨਕ ਕਾਂਗਰਸੀ ਆਗੂ ਚੁੱਪ ਕਿਉਂ ਰਹੇ, ਜਦਕਿ ਮੁੱਖ ਮੰਤਰੀ ਨੇ ਵਾਰ-ਵਾਰ ਉਨ੍ਹਾਂ ਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਬੋਲਣ ਦੀ ਚੁਣੌਤੀ ਦਿੱਤੀ ਸੀ। ਜਾਖੜ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂ ਇਹ ਚੁਣੌਤੀ ਕਬੂਲ ਨਹੀਂ ਕਰ ਸਕੇ ਕਿਉਂਕਿ ਉਹ ਖ਼ੁਦ ਅਜਿਹੇ ਮਾਮਲਿਆਂ ਵਿੱਚ ਘਿਰੇ ਹੋਏ ਹਨ। ਇਸ ਸਬੰਧੀ ਉਨ੍ਹਾਂ ਨੇ ਰਾਜਸਥਾਨ ਵਿੱਚ ਬੱਸਾਂ ਦੀਆਂ ਬਾਡੀਆਂ ਬਣਵਾਉਣ ਦੇ ਮਾਮਲੇ ਅਤੇ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਇੱਕ ਪ੍ਰਮੁੱਖ ਦਾਅਵੇਦਾਰ ਦੀ ਰਿਹਾਇਸ਼ ਤੋਂ 10 ਕਰੋੜ ਰੁਪਏ ਨਕਦ ਬਰਾਮਦ ਹੋਣ ਦਾ ਜ਼ਿਕਰ ਕੀਤਾ।
ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਅਸਲ ਮਕਸਦ ਧੜਿਆਂ ਵਿੱਚ ਵੰਡੀ ਸੂਬਾਈ ਇਕਾਈ ਨੂੰ ਇਕਜੁੱਟ ਹੋਣ ਦੀ ਚੇਤਾਵਨੀ ਦੇਣਾ ਹੈ, ਜਿਵੇਂ ਉਨ੍ਹਾਂ ਨੇ ਬਰਨਾਲਾ ਵਿੱਚ ਕੀਤਾ ਸੀ। ਉਨ੍ਹਾਂ ਕਿਹਾ ਕਿ ਕਿਸੇ ਸਾਰਥਕ ਸਾਂਝੇ ਮਕਸਦ ਤੋਂ ਬਿਨਾਂ ਏਕਤਾ ਦੀ ਨੀਂਹ ਨਹੀਂ ਰੱਖੀ ਜਾ ਸਕਦੀ। ਕਾਂਗਰਸ ਅੱਜ ਇਸ ਹਾਲਤ ਵਿੱਚ ਇਸ ਲਈ ਹੈ ਕਿਉਂਕਿ ਉਹ ਲੋਕਾਂ ਦੇ ਸਰੋਕਾਰਾਂ ਤੋਂ ਦੂਰ ਹੋ ਗਈ ਹੈ।


