ਤਰਨ ਤਾਰਨ ਵਿਚ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਭਰੋਸਾ ਦੁਆਇਆ ਕਿ ਰੇਤਾ ਵਾਜਬ ਕੀਮਤਾਂ ’ਤੇ ਮਿਲੇਗਾ, ਬਿਜਲੀ ਪੰਜ ਰੁਪਏ ਪ੍ਰਤੀ ਯੂਨਿਟ ਮਿਲੇਗੀ, ਰਾਹਤ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ ਅਤੇ ਕਾਨੂੰਨ ਵਿਵਸਥਾ ਵਾਸਤੇ ਸਖ਼ਤ ਨਿਗਰਾਨੀ ਹੋਵੇਗੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਦੀ ਚੋਣ ਕਰਨ ਵੇਲੇ ਸਹੀ ਚੋਣ ਕਰਨ ਜੋ ਕਿ ਸੂਬੇ ਦੇ ਮਸਲਿਆਂ ਨੂੰ ਹੱਲ ਕਰਨ ਵਾਸਤੇ ਜ਼ਰੂਰੀ ਹੈ।
ਇਥੇ ਤਰਨ ਤਾਰਨ ਵਿਚ ਵਪਾਰੀਆਂ, ਉਦਯੋਗਪਤੀਆਂ ਤੇ ਵੱਖ-ਵੱਖ ਐਨ ਜੀ ਓਜ਼ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਜੋ ਕਿ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਨੇ ਆਯੋਜਿਤ ਕੀਤੀ, ਦੌਰਾਨ ਸਰਦਾਰ ਬਾਦਲ ਨੇ ਕਿਹਾ ਕਿ ਸਮੇਂ ਦੀ ਜ਼ਰੂਰਤ ਹੈ ਕਿ ਪੰਜਾਬ ਨੂੰ ਬਚਾਇਆ ਜਾਵੇ। ਉਹਨਾਂ ਕਿਹਾ ਕਿ ਇਸ ਵਾਸਤੇ ਜ਼ਰੂਰੀ ਹੈ ਕਿ ਪੰਜਾਬੀਆਂ ਪਹਿਲਾਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਕਰਨ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ, ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਤਾਂ ਸਿਰਫ ਪੰਜਾਬ ਨੂੰ ਲੁੱਟਣ ਆਈਆਂ ਹਨ ਤੇ ਉਹਨਾਂ ਨੂੰ ਸੂਬੇ ਦੀ ਕੋਈ ਅਸਲ ਚਿੰਤਾ ਨਹੀਂ ਹੈ।
ਬਿਲਡਿੰਗ ਮੈਟੀਰੀਅਲ ਟਰੇਡਰਜ਼ ਯੂਨੀਅਨ ਮੁਖੀ ਗੁਰਸ਼ਰਨਜੀਤ ਸਿੰਘ ਜਿਹਨਾਂ ਇਹ ਦੱਸਿਆ ਕਿ 10 ਸਾਲਾਂ ਵਿਚ ਰੇਤੇ ਦੀਆਂ ਕੀਮਤਾਂ 2400 ਰੁਪਏ ਤੋਂ ਵੱਧ ਕੇ 10 ਹਜ਼ਾਰ ਰੁਪਏ ਹੋ ਗਈਆਂ ਹਨ, ਵੱਲੋਂ ਚੁੱਕੇ ਮੁੱਦਿਆਂ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਰੇਤਾ ਵਾਜਬ ਕੀਮਤਾਂ ’ਤੇ ਮਿਲੇਗਾ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਰੇਤ ਮਾਇਨਿੰਗ ਰਾਹੀਂ ਕੀਤੀ ਜਾ ਰਹੀ ਲੁੱਟ ਬੰਦ ਕੀਤੀ ਜਾਵੇਗੀ ਤੇ ਉਸ ਵੱਲੋਂ ਲੁੱਟਿਆ ਪੈਸਾ ਵਸੂਲਿਆ ਜਾਵੇਗਾ।
ਇੰਡਸਟਰੀ ਯੂਨੀਅਨ ਦੇ ਹਰਭਜਨ ਸਿੰਘ ਨੇ ਮੰਗ ਰੱਖੀ ਕਿ ਫੋਕਲ ਪੁਆਇੰਟ ਵਿਚ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤੇ ਉਹਨਾਂ ਵਾਰ-ਵਾਰ ਬਿਜਲੀ ਕੱਟ ਲੱਗਣ ’ਤੇ ਰੋਸ ਪ੍ਰਗਟਾਇਆ ਤਾਂ ਸਰਦਾਰ ਬਾਦਲ ਨੇ ਯਾਦ ਕਰਵਾਇਆ ਕਿ ਫੋਕਲ ਪੁਆਇੰਟਾਂ ਦਾ ਨਿਰਮਾਣਾ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੋਇਆ ਸੀ। ਉਹਨਾਂ ਭਰੋਸਾ ਦੁਆਇਆ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਨਾ ਸਿਰਫ ਇਹਨਾਂ ਦੀ ਮੁਰੰਮਤ ਕੀਤੀ ਜਾਵੇਗੀ ਬਲਕਿ ਇਹਨਾਂ ਦਾ ਮੁੜ ਨਿਰਮਾਣ ਕਰਵਾਇਆ ਜਾਵੇਗਾ। ਉਹਨਾਂ ਇਹ ਵੀ ਵਾਅਦਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਦਿਆਂ ਹੀ ਡੇਢ ਸਾਲ ਦੇ ਅੰਦਰ ਅੰਦਰ ਪੰਜਾਬ ਨੂੰ ਮੁੜ ਤੋਂ ਬਿਜਲੀ ਸਰਪਲੱਸ ਸੂਬਾ ਬਣਾਇਆ ਜਾਵੇਗਾ।
ਇਲੈਕਟ੍ਰਾਨਿਕਸ ਗੁੱਡਜ਼ ਟਰੇਡਰਜ਼ ਯੂਨੀਅਨ ਦੇ ਨਰੇਸ਼ ਚਾਵਲਾ ਨੇ ਦੁਕਾਨਾਂ ਵਾਸਤੇ ਕਿਫਾਇਤੀ ਬਿਜਲੀ ਦੀ ਮੰਗ ਕੀਤੀ ਤਾਂ ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਸਾਰੀਆਂ ਦੁਕਾਨਾਂ ਤੇ ਉਦਯੋਗਾਂ ਵਾਸਤੇ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਸਪਲਾਈ ਕੀਤੀ ਜਾਵੇਗੀ।
ਆਦੇਸ਼ ਅਗਨੀਹੋਤਰੀ ਨੇ ਜੀ ਐਸ ਟੀ ਕਾਰਨ ਹੁੰਦੀ ਤੰਗ ਪ੍ਰੇਸ਼ਾਨੀ ਤੇ ਮਾੜੀ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਰਾਹਤ ਸਕੀਮ ਮੁੜ ਸ਼ੁਰੂ ਕਰੇਗੀ ਅਤੇ ਦੁਕਾਨਦਾਰਾਂ ਤੋਂ ਯਕਮੁਸ਼ਤ ਨਿਗੂਣਾ ਜਿਹਾ ਟੈਕਸ ਲਿਆ ਜਾਵੇਗਾ ਜਿਸ ਮਗਰੋਂ ਕੋਈ ਵੀ ਇੰਸਪੈਕਟਰ ਉਹਨਾਂ ਦੇ ਦਰਾਂ ’ਤੇ ਨਹੀਂ ਆਵੇਗਾ। ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਗੈਂਗਸਟਰਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਕਿਹਾਕਿ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ ਤੇ ਸੂਬੇ ਵਿਚ ਕਾਨੂੰਨ ਵਿਵਸਥਾ ਬਹਾਲ ਕੀਤੀ ਜਾਵੇਗੀ।
ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਦੁਕਾਨਾਂ ’ਤੇ ਛਾਪੇਮਾਰੀ ਕਰ ਕੇ ਸੂਬੇ ਦਾ ਮਾਲੀਆ ਨਹੀਂ ਵਧਾਇਆ ਜਾ ਸਕਦਾ। ਉਹਨਾਂ ਕਿਹਾ ਕਿ ਇਸਦੀ ਥਾਂ ਨਿਵੇਸ਼ ’ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿਚ ਵੱਡੇ ਉਦਯੋਗ ਆ ਸਕਣ ਤੇ ਸੂਬੇ ਦੀ ਟੈਕਸ ਆਮਦਨ ਵਿਚ ਵਾਧਾ ਹੋਵੇ। ਉਹਨਾਂ ਭਰੋਸਾ ਦਆਇਆ ਕਿ ਭੱਠਾ ਮਾਲਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਸਥਾਈ ਹੱਲ ਕੱਢਿਆ ਜਾਵੇਗਾ।
ਇਸ ਮੌਕੇ ਹਰਿੰਦਰ ਅਗਰਵਾਲ, ਸੁਰਜੀਤ ਆਹੂਜਾ, ਪਰਮਿੰਦਰਜੀਤ ਸਿੰਘ ਤੇ ਸੁਭਾਸ਼ ਕੁਮਾਰ ਨੇ ਵੀ ਆਪਣੇ ਸੁਝਾਅ ਰੱਖੇ ਜਿਸ ’ਤੇ ਅਕਾਲੀ ਦਲ ਪ੍ਰਧਾਨ ਨੇ ਭਰੋਸਾ ਦੁਆਇਆ ਕਿ ਇਹ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤੇ ਜਾਣਗੇ।
ਉਹਨਾਂ ਨੇ ਅਕਾਲੀ ਦਲ ਦੇ ਉਮੀਦਵਾਰ ਦੀ ਹਮਾਇਤ ਦੀ ਅਪੀਲ ਕਰਦਿਆਂ ਕਿਹਾ ਕਿ ਕੰਚਨਪ੍ਰੀਤ ਕੌਰ ਦੀ ਚੋਣ ਇਸ ਹਲਕੇ ਤੋਂ ਕੀਤੀ ਜਾਵੇ। ਉਹਨਾਂ ਕਿਹਾ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਬਾਵਜੂਦ ਵੀ ਕੰਚਨਪ੍ਰੀਤ ਕੌਰ ਹਲਕੇ ਦੇ ਲੋਕਾਂ ਵਾਸਤੇ ਲੜ ਰਹੇ ਹਨ।
ਇਸ ਮੌਕੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਨੇ ਵੀ ਅਕਾਲੀ ਦਲ ’ਤੇ ਵਿਸ਼ਵਾਸ ਪ੍ਰਗਟ ਕਰਨ ਤੇ ਪਾਰਟੀ ਨੂੰ ਪੰਜਾਬ ਦੀ ਸੇਵਾ ਦਾ ਮੌਕਾ ਦੇਣ ਦੀ ਅਪੀਲ ਕੀਤੀ।


