ਪੰਜਾਬ ਦੀ ਅੰਤਿਮ ਵੋਟਰ ਸੂਚੀ ਨੇ ਪਾਰਦਰਸ਼ੀ ਚੋਣ ਸੁਧਾਰ ਦੀ ਅਹਿਮੀਅਤ ਉਜਾਗਰ ਕੀਤੀ, ਜਦਕਿ ਦਿੱਲੀ ਵਿੱਚ ਹੋ ਰਹੇ ਹਨ ਪ੍ਰਦਰਸ਼ਨ

ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਵਿੱਚ ਚੋਣ ਕਮਿਸ਼ਨ ਅੱਗੇ ਧਰਨੇ ਦੇ ਰਹੀਆਂ ਸਨ ਅਤੇ ਦਿੱਲੀ ਵਿੱਚ ਵੀ ਇਸ ਮੁੱਦੇ ’ਤੇ ਮੁਹਿੰਮ ਚਲਾ ਰਹੀਆਂ ਹਨ, ਪਰ ਪੰਜਾਬ ਵਿੱਚ ਐੱਸਆਈਆਰ ਦੇ ਮੁੱਦੇ ਉੱਤੇ ਦੋਵਾਂ ਪਾਰਟੀਆਂ ਨੇ ਕੋਈ ਇਤਰਾਜ਼ ਨਹੀਂ ਉਠਾਇਆ। ਇਹ ਚੋਣ ਕਮਿਸ਼ਨ ਦੀ ਪਾਰਦਰਸ਼ਤਾ ਨੂੰ ਦਰਸਾਉਂਦਾ ਹੈ ਅਤੇ SIR ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਕੀਤੀ ਜਾ ਰਹੀ ਘਟੀਆ ਸਿਆਸਤ ਨੂੰ ਉਜਾਗਰ ਕਰਦਾ ਹੈ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਜਨੀਸ਼ ਧੀਮਾਨ ਦੇ ਹਨ।

ਰਜਨੀਸ਼ ਧੀਮਾਨ ਨੇ ਕਿਹਾ ਪੰਜਾਬ ਦੀ ਵੋਟਰ ਸੂਚੀ ਨੇ ਸੂਬਾ ਪੱਧਰ ’ਤੇ ਸਿਆਸੀ ਪਾਰਟੀਆਂ ਦੇ ਰੁਖ਼ ਵੱਲ ਵੀ ਧਿਆਨ ਖਿੱਚਿਆ ਹੈ। ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਅੰਤਿਮ ਵੋਟਰ ਸੂਚੀ ’ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਇਸ ਤਰ੍ਹਾਂ ਕੌਮੀ ਰਾਜਧਾਨੀ ਵਿੱਚ SIR ਨੂੰ ਲੈ ਕੇ ਜਾਰੀ ਸਿਆਸੀ ਟਕਰਾਅ ਦੇ ਉਲਟ, ਇਨ੍ਹਾਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਚੋਣ ਕਮਿਸ਼ਨ ਵੱਲੋਂ ਪ੍ਰਕਾਸ਼ਿਤ ਅੰਤਿਮ ਵੋਟਰ ਸੂਚੀ ’ਤੇ ਕੋਈ ਇਤਰਾਜ਼ ਨਾ ਹੋਣ ਦੀ ਗੱਲ ਕਹੀ ਹੈ।
ਧੀਮਾਨ ਨੇ ਦੱਸਿਆ ਕਿ ਕਾਂਗਰਸ ਆਗੂ ਹਰਦੀਪ ਕਿੰਗਰਾ, ਆਮ ਆਦਮੀ ਪਾਰਟੀ ਦੇ ਆਗੂ ਫੈਰੀ ਸੋਫ਼ ਅਤੇ ਅਕਾਲੀ ਦਲ ਦੇ ਅਰਸ਼ਦੀਪ ਸਿੰਘ ਕਲੇਰ ਨੇ ਮੀਡੀਆ ਨਾਲ ਗੱਲ ਦੌਰਾਨ ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਲਈ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਹੈ।

ਅੰਕੜੇ ਕੀ ਕਹਿੰਦੇ ਹਨ?
ਸੋਮਵਾਰ ਨੂੰ ਪ੍ਰਕਾਸ਼ਿਤ ਅੰਤਿਮ ਵੋਟਰ ਸੂਚੀ ਅਨੁਸਾਰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 2,01,00,727 ਵੋਟਰ ਦਰਜ ਹਨ। ਜੂਨ ਵਿੱਚ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਇਹ ਗਿਣਤੀ 2,14,61,043 ਸੀ।
ਵੋਟਰਾਂ ਦੀ ਗਿਣਤੀ ਵਿੱਚ 13.60 ਲੱਖ ਦੀ ਕਮੀ ਦਾ ਕਾਰਨ ਮੌਤਾਂ, ਪੱਕੇ ਤੌਰ ’ਤੇ ਪਰਵਾਸ ਕਰ ਜਾਣ, ਲੱਭ ਨਾ ਸਕਣ ਵਾਲੇ ਵੋਟਰਾਂ ਅਤੇ ਇੱਕ ਤੋਂ ਵੱਧ ਥਾਵਾਂ ’ਤੇ ਦਰਜ ਨਾਵਾਂ ਨੂੰ ਹਟਾਉਣ ਸਮੇਤ ਹੋਰ ਤਬਦੀਲੀਆਂ ਨੂੰ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਨਵੇਂ ਵੋਟਰਾਂ ਨੂੰ ਵੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 13 ਅਗਸਤ ਨੂੰ ਪ੍ਰਕਾਸ਼ਿਤ ਖਰੜਾ ਵੋਟਰ ਸੂਚੀ ਵਿੱਚ 1,93,94,435 ਵੋਟਰ ਦਰਜ ਸਨ, ਜਦਕਿ ਅੰਤਿਮ ਸੂਚੀ ਵਿੱਚ ਇਹ ਗਿਣਤੀ 3.64 ਫ਼ੀਸਦੀ ਵਧੀ ਹੈ। ਇਸ ਦੌਰਾਨ ਕੁੱਲ 7,97,263 ਨਵੇਂ ਵੋਟਰ ਦਰਜ ਕੀਤੇ ਗਏ, ਜਿਸ ਨਾਲ ਅੰਤਿਮ ਸੂਚੀ ਵਿੱਚ ਵੋਟਰਾਂ ਦੀ ਗਿਣਤੀ ਖਰੜਾ ਸੂਚੀ ਦੇ ਅੰਕੜੇ ਤੋਂ ਵੱਧ ਹੋ ਗਈ।