ਭਾਰਤੀ ਖੇਤਰ ਵਿੱਚ ਡਰੋਨ ਰਾਹੀਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਪਹੁੰਚਾਉਂਦੇ ਸਨ ਪਾਕਿ-ਅਧਾਰਤ ਤਸਕਰ : ਐਸ.ਐਸ.ਪੀ. ਡਾ. ਪ੍ਰਗਿਆ ਜੈਨ
ਚੰਡੀਗੜ੍ਹ/ਫਰੀਦਕੋਟ, 9 ਸਤੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ `ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਨਾਰਕੋ-ਅੱਤਵਾਦੀ ਨੈੱਟਵਰਕਾਂ ਵਿਰੁੱਧ ਦੋ ਹਫ਼ਤਿਆਂ ਦੇ ਯੋਜਨਾਬੱਧ ਅਤੇ ਸਰੋਤ-ਅਧਾਰਤ ਆਪ੍ਰੇਸ਼ਨ ਤਹਿਤ ਫਰੀਦਕੋਟ ਪੁਲਿਸ ਨੇ ਦੋ ਮੁੱਖ ਨਸ਼ਾ ਤਸਕਰਾਂ ਨੂੰ 12.1 ਕਿਲੋਗ੍ਰਾਮ ਹੈਰੋਇਨ ਨਾਲ, ਗ੍ਰਿਫ਼ਤਾਰ ਕਰਕੇ ਪਾਕਿਸਤਾਨ-ਅਧਾਰਤ ਤਸਕਰਾਂ ਵੱਲੋਂ ਚਲਾਏ ਜਾ ਰਹੇ ਅੰਤਰਰਾਸ਼ਟਰੀ ਡਰੱਗ ਕਾਰਟਲ ਦਾ ਪਰਦਾਫ਼ਾਸ਼ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਫ਼ਰੀਦਕੋਟ ਦੇ ਪਿੰਡ ਝਰੀਵਾਲਾ ਦੇ ਵਸਨੀਕ ਸੁਖਪ੍ਰੀਤ ਸਿੰਘ ਅਤੇ ਫਿਰੋਜ਼ਪੁਰ ਦੇ ਪਿੰਡ ਵਾਨ ਦੇ ਵਸਨੀਕ ਕਾਦਰ ਸਿੰਘ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ, ਜੋ ਕਿ ਇੱਕ ਵੱਡੇ ਅੰਤਰ-ਰਾਸ਼ਟਰੀ ਤਸਕਰੀ ਨੈੱਟਵਰਕ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਤਸਕਰੀ ਕੀਤੀ ਗਈ ਇਹ ਨਾਜਾਇਜ਼ ਖੇਪ ਪੁਲਿਸ ਥਾਣਾ ਸਦਰ ਫਰੀਦਕੋਟ ਦੇ ਅਧਿਕਾਰ ਖੇਤਰ ਅਧੀਨ ਪਿੰਡ ਝਰੀਵਾਲਾ ਤੋਂ ਬਰਾਮਦ ਕੀਤੀ ਗਈ ਹੈ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਡਰੱਗ ਕਾਰਟਲ ਪੂਰੀ ਤਰ੍ਹਾਂ ਪਰਦਾਫ਼ਾਸ਼ ਕੀਤਾ ਜਾ ਸਕੇ।
ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਇਲਾਕੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਮਿਲੀ ਪੁਖ਼ਤਾ ਇਤਲਾਹ `ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ, ਐਸਪੀ (ਜਾਂਚ) ਸੰਦੀਪ ਕੁਮਾਰ ਅਤੇ ਡੀਐਸਪੀ ਫਰੀਦਕੋਟ ਤਰਲੋਚਨ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਸਟੇਸ਼ਨ ਸਦਰ ਫਰੀਦਕੋਟ ਅਤੇ ਪੁਲਿਸ ਚੌਕੀ ਗੋਲੇਵਾਲਾ ਦੀਆਂ ਟੀਮਾਂ ਨੇ ਪਿੰਡ ਝਰੀਵਾਲਾ ਵਿੱਚ ਮੁਲਜ਼ਮ ਸੁਖਪ੍ਰੀਤ ਸਿੰਘ ਦੇ ਘਰ ਨੇੜਿਓਂ ਦੋਵਾਂ ਮੁਲਜ਼ਮਾਂ ਨੂੰ 12.1 ਕਿਲੋਗ੍ਰਾਮ ਹੈਰੋਇਨ ਸਮੇਤ ਉਦੋਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਕਿਸੇ ਨੂੰ ਖੇਪ ਪਹੁੰਚਾਉਣ ਜਾ ਰਹੇ ਸਨ।
ਉਨ੍ਹਾਂ ਕਿਹਾ ਕਿ ਜਾਂਚ ਵਿੱਚ ਪਾਇਆ ਗਿਆ ਹੈ ਕਿ ਪਾਕਿਸਤਾਨ-ਅਧਾਰਤ ਤਸਕਰ ਵੱਲੋਂ ਡਰੋਨਾਂ ਰਾਹੀਂ ਹੈਰੋਇਨ ਦੀ ਵੱਡੀ ਖੇਪ ਭਾਰਤੀ ਖੇਤਰ ਵਿੱਚ ਪਹੁੰਚਾਈ ਜਾਂਦੀ ਸੀ , ਜਿਸ ਨੂੰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਅੱਗੇ ਹੋਰ ਤਸਕਰਾਂ ਨੂੰ ਸਪਲਾਈ ਕੀਤਾ ਜਾਂਦਾ ਸੀ।
ਐਸਐਸਪੀ ਨੇ ਕਿਹਾ ਕਿ ਪਾਕਿਸਤਾਨ-ਅਧਾਰਤ ਹੈਂਡਲਰਾਂ ਨਾਲ ਜੁੜੇ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪਹਿਲਾਂ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਬਰਾਮਦਗੀਆਂ ਹੋਣ ਦੀ ਆਸ ਹੈ।
ਇਸ ਸਬੰਧੀ ਥਾਣਾ ਸਦਰ ਫ਼ਰੀਦਕੋਟ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਅਤੇ 23 ਤਹਿਤ ਐਫਆਈਆਰ ਨੰਬਰ 212 ਮਿਤੀ 08.09.2025 ਨੂੰ ਕੇਸ ਦਰਜ ਕੀਤਾ ਗਿਆ ਹੈ।