ਚੰਡੀਗੜ੍ਹ, 06 ਮਈ 2026:
ਫਾਇਰ ਸੇਫਟੀ ਵੀਕ (04 ਤੋਂ 10 ਮਈ 2026) ਦੇ ਤਹਿਤ ਅੱਜ 06 ਮਈ 2026 ਨੂੰ ਗਵਰਨਮੈਂਟ ਮਲਟੀ-ਸਪੈਸ਼ਲਿਟੀ ਹਸਪਤਾਲ (ਜੀਐੱਮਐੱਸਐੱਚ/GMSH), ਸੈਕਟਰ 16, ਚੰਡੀਗੜ੍ਹ ਵਿਖੇ ਇੱਕ ਫਾਇਰ ਸੇਫਟੀ ਮੌਕ ਡ੍ਰਿਲ ਦਾ ਸਫ਼ਲ ਆਯੋਜਨ ਕੀਤਾ ਗਿਆ।
ਇਹ ਮੌਕ ਡ੍ਰਿਲ ਡਾ. ਦੀਪਿੰਦਰ ਸਿੰਘ, ਨੋਡਲ ਅਫ਼ਸਰ (ਫਾਇਰ ਸੇਫਟੀ)-ਅਤੇ-ਅਪ੍ਰੇਸ਼ਨਸ ਹੈੱਡ ਦੀ ਨਿਗਰਾਨੀ ਵਿੱਚ ਅਤੇ ਡਾ. ਗੌਰਵ ਪਵਾਰ, ਨੋਡਲ ਅਫ਼ਸਰ (ਆਪਦਾ ਪ੍ਰਬੰਧਨ)-ਅਤੇ-ਇੰਚਾਰਜ, ਕੈਜ਼ੁਅਲਟੀ ਵਿਭਾਗ ਦੇ ਤਾਲਮੇਲ ਨਾਲ ਆਯੋਜਿਤ ਕੀਤੀ ਗਈ, ਜਿਨ੍ਹਾਂ ਨੇ ਇਸ ਅਭਿਆਸ ਦੇ ਦੌਰਾਨ ਇੰਸੀਡੈਂਟ ਕਮਾਂਡਰ ਦੀ ਭੂਮਿਕਾ ਨਿਭਾਈ।
ਮੌਕ ਡ੍ਰਿਲ ਦੇ ਦੌਰਾਨ ਬਹੁ-ਮੰਜ਼ਿਲਾ ਭਵਨ ਦੀ 5ਵੀਂ ਮੰਜ਼ਿਲ ‘ਤੇ ਅੱਗ ਲਗਣ ਦੀ ਕਾਲਪਨਿਕ ਸਥਿਤੀ ਬਣਾਈ ਗਈ। ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਸਰਗਰਮ ਹੁੰਦਿਆਂ ਹੀ ਤੇਜ਼ ਅਤੇ ਤਾਲਮੇਲ ਵਾਲੀ ਕਾਰਵਾਈ ਕੀਤੀ ਗਈ। ਕੈਜ਼ੁਅਲਟੀ ਵਿਭਾਗ ਦੀ ਹਸਪਤਾਲ ਇਨਕੁਆਰੀ ਦੁਆਰਾ ਤੁਰੰਤ ਹਸਪਤਾਲ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਅਤੇ ERSS-112 ਅਤੇ ਫਾਇਰ ਸਟੇਸ਼ਨ, ਸੈਕਟਰ 17 ਨੂੰ ਵੀ ਸਮੇਂ ‘ਤੇ ਸੂਚਨਾ ਦਿੱਤੀ ਗਈ।
ਇਸ ਅਭਿਆਸ ਵਿੱਚ ਹਸਪਤਾਲ ਪ੍ਰਸ਼ਾਸਨ ਦੇ ਸਾਰੇ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਰਹੇ, ਜਿਨ੍ਹਾਂ ਵਿੱਚ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ-ਅਤੇ-ਪ੍ਰਿੰਸੀਪਲ ਮੈਡੀਕਲ ਅਫ਼ਸਰ, ਮੈਡੀਕਲ ਸੁਪਰਡੈਂਟ-ਅਤੇ-ਜੁਆਇੰਟ ਪੀਐੱਮਓ, ਡਿਪਟੀ ਮੈਡੀਕਲ ਸੁਪਰਡੈਂਟ, ਵਿਭਿੰਨ ਵਿਭਾਗਾਂ ਦੇ ਮੁਖੀ, ਨਰਸਿੰਗ ਸੁਪਰਡੈਂਟ, ਸੀਨੀਅਰ ਨਰਸਿੰਗ ਅਫ਼ਸਰ, ਪਬਲਿਕ ਹੈਲਥ ਇੰਜੀਨੀਅਰਿੰਗ (ਪਬਲਿਕ ਹੈਲਥ ਅਤੇ ਇਲੈਕਟ੍ਰੀਕਲ ਵਿੰਗ) ਦੇ ਅਧਿਕਾਰੀ ਅਤੇ ਸੁਰੱਖਿਆ ਕਰਮੀ ਸ਼ਾਮਲ ਸਨ।
ਡ੍ਰਿਲ ਦਾ ਇੱਕ ਮੁੱਖ ਆਕਰਸ਼ਣ ਪ੍ਰਭਾਵਿਤ 5ਵੀਂ ਮੰਜ਼ਿਲ ਤੋਂ ਛੇ ਮਰੀਜ਼ਾਂ ਦਾ ਸੁਰੱਖਿਅਤ ਅਤੇ ਸੁਵਿਵਸਥਿਤ ਨਿਕਾਸੀ (evacuation) ਰਿਹਾ। ਇਹ ਪ੍ਰਕਿਰਿਆ ਪੌੜੀਆਂ ਅਤੇ ਇੱਕ ਖਿੜਕੀ ਰਾਹੀਂ ਨਿਗਰਾਨੀ ਵਿੱਚ ਸੰਪੰਨ ਕੀਤੀ ਗਈ ਅਤੇ ਮਰੀਜ਼ਾਂ ਨੂੰ ਸੁਰੱਖਿਅਤ ਤਰੀਕੇ ਨਾਲ ਨਿਰਧਾਰਿਤ ਅਸੈਂਬਲੀ ਖੇਤਰ ਤੱਕ ਪਹੁੰਚਾਇਆ ਗਿਆ। ਤੁਰੰਤ ਡਾਕਟਰੀ ਸਹਾਇਤਾ ਲਈ ਐਮਰਜੈਂਸੀ ਪ੍ਰੋਟੋਕੋਲ ਅਨੁਸਾਰ ਉੱਥੇ ਰੈੱਡ, ਯੈਲੋ, ਗ੍ਰੀਨ ਅਤੇ ਬਲੈਕ ਸ਼੍ਰੇਣੀਆਂ ਵਿੱਚ ਟ੍ਰਾਈਜ (Triage) ਕੀਤਾ ਗਿਆ।
ਫਾਇਰ ਵਿਭਾਗ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਤੇਜ਼ ਪ੍ਰਤੀਕਿਰਿਆ ਦਿੰਦੇ ਹੋਏ ਨਿਰਧਾਰਿਤ ਸਮੇਂ ਦੇ ਅੰਦਰ ਸਾਇਟ ‘ਤੇ ਪਹੁੰਚ ਕੇ ਸਥਿਤੀ ਨੂੰ ਪ੍ਰਭਾਵੀ ਢੰਗ ਨਾਲ ਨਿਯੰਤ੍ਰਿਤ ਕੀਤਾ। ਅਲਰਟ, ਸੰਚਾਰ, ਨਿਕਾਸੀ ਅਤੇ ਫਾਇਰ ਸਰਵਿਸ ਦੀ ਪ੍ਰਤੀਕਿਰਿਆ ਨਾਲ ਸਬੰਧਿਤ ਸਾਰੇ ਮਹੱਤਵਪੂਰਨ ਪ੍ਰਤੀਕਿਰਿਆ ਮਾਪਦੰਡਾਂ ਨੂੰ ਮੁੱਲਾਂਕਣ ਹਿਤ ਦਰਜ ਕੀਤਾ ਗਿਆ।
ਇਸ ਮੌਕ ਡ੍ਰਿਲ ਦਾ ਸਫ਼ਲ ਆਯੋਜਨ ਹਸਪਤਾਲ ਦੀ ਮਰੀਜ਼ ਸੁਰੱਖਿਆ, ਸਟਾਫ਼ ਦੀ ਤਤਪਰਤਾ ਅਤੇ ਐਮਰਜੈਂਸੀ ਪ੍ਰਤੀਕਿਰਿਆ ਤੰਤਰ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਅਜਿਹੇ ਅਭਿਆਸ ਵਿਭਿੰਨ ਵਿਭਾਗਾਂ ਦੇ ਦਰਮਿਆਨ ਤਾਲਮੇਲ ਵਧਾਉਣ ਅਤੇ ਅਸਲ ਐਮਰਜੈਂਸੀ ਸਥਿਤੀਆਂ ਵਿੱਚ ਜੋਖਮ ਨੂੰ ਘੱਟ ਕਰਨ ਵਿੱਚ ਸਹਾਇਕ ਹੁੰਦੇ ਹਨ।
ਡਾ. ਸੁਮਨ ਸਿੰਘ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ, ਯੂਟੀ ਚੰਡੀਗੜ੍ਹ, ਨੇ ਸਾਰੇ ਪ੍ਰਤੀਭਾਗੀਆਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਨਿਯਮਿਤ ਤੌਰ ‘ਤੇ ਇਸ ਤਰ੍ਹਾਂ ਦੀਆਂ ਮੌਕ ਡ੍ਰਿਲਸ ਆਯੋਜਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ, ਤਾਕਿ ਉੱਚ ਪੱਧਰ ਦੀਆਂ ਤਿਆਰੀਆਂ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ ਅਤੇ ਇੱਕ ਮਜ਼ਬੂਤ ਸਿਹਤ ਸੰਭਾਲ਼ ਤੰਤਰ ਵਿਕਸਿਤ ਹੋ ਸਕੇ।