ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ
ਸ਼ਹਿਰ ਵਿੱਚ ਕੱਲ੍ਹ ਹੋਈ ਭਾਰੀ ਵਰਖਾ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਚੰਡੀਗੜ੍ਹ ਦੇ ਵਿਭਿੰਨ ਹਿੱਸਿਆਂ ਦਾ ਵਿਆਪਕ ਜ਼ਮੀਨੀ ਨਿਰੀਖਣ ਕੀਤਾ।
ਪ੍ਰਸ਼ਾਸਕ ਨੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਸੀਟੀਯੂ ਬੱਸ ਵਿੱਚ ਕੀਤਾ। ਉਨ੍ਹਾਂ ਦੇ ਨਾਲ ਚੰਡੀਗੜ੍ਹ ਦੇ
ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ; ਪੰਜਾਬ ਦੇ ਮਾਣਯੋਗ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ ਸ਼੍ਰੀ ਵੀ.ਪੀ. ਸਿੰਘ; ਗ੍ਰਹਿ ਸਕੱਤਰ
ਸ਼੍ਰੀ ਮਨਦੀਪ ਸਿੰਘ ਬਰਾੜ ਅਤੇ ਵਿੱਤ ਸਕੱਤਰ ਸ਼੍ਰੀ ਦੀਪਰਵਾ ਲਾਕੜਾ ਵੀ ਉਪਸਥਿਤ
ਸਨ।
ਦੌਰੇ ਦੇ ਦੌਰਾਨ ਸ਼੍ਰੀ ਕਟਾਰੀਆ ਨੇ ਸੈਕਟਰ 17, ਸੈਕਟਰ 22, ਸੈਕਟਰ 43, ਸੈਕਟਰ 46, ਸੈਕਟਰ 47, ਜਗਤਪੁਰਾ, ਟ੍ਰਿਬਿਊਨ ਚੌਕ, ਸ਼ਾਸਤਰੀ ਨਗਰ-ਮਨੀਮਾਜਰਾ, ਬਾਪੂ ਧਾਮ, ਸੈਕਟਰ 26 ਮੰਡੀ ਖੇਤਰ ਸਹਿਤ ਸ਼ਹਿਰ ਦੇ ਹੋਰ ਹਿੱਸਿਆਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਮੌਕੇ ‘ਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਭਾਰੀ ਵਰਖਾ ਤੋਂ ਬਾਅਦ ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਦੇ ਸਾਹਮਣੇ ਆਈਆਂ ਜਾਂ ਸੰਭਾਵਿਤ ਸਮੱਸਿਆਵਾਂ ਦੀ ਸਮੀਖਿਆ ਕੀਤੀ।
ਪ੍ਰਸ਼ਾਸਕ ਨੇ ਨਗਰ ਨਿਗਮ ਅਤੇ ਇੰਜੀਨੀਅਰਿੰਗ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨੂੰ ਪਾਣੀ ਭਰਨ, ਡਿੱਗੇ ਹੋਏ ਦਰੱਖਤਾਂ ਅਤੇ ਟਾਹਣੀਆਂ, ਖਰਾਬ ਹੋਈਆਂ ਸੜਕਾਂ ਅਤੇ ਹੋਰ ਰੁਕਾਵਟਾਂ ਨੂੰ ਦੂਰ ਕਰਨ ਲਈ ਤਤਕਾਲ ਅਤੇ ਤਾਲਮੇਲ ਨਾਲ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ਨੂੰ ਜਲਦੀ ਤੋਂ ਜਲਦੀ ਸਾਫ਼ ਕੀਤਾ ਜਾਵੇ ਅਤੇ ਜ਼ਰੂਰੀ ਮੁਰੰਮਤ ਅਤੇ ਬਹਾਲੀ ਦੇ ਕਾਰਜਾਂ ਵਿੱਚ ਕਿਸੇ ਪ੍ਰਕਾਰ ਦੀ ਦੇਰੀ ਨਹੀਂ ਹੋਣੀ ਚਾਹੀਦੀ।
ਸ਼੍ਰੀ ਕਟਾਰੀਆ ਨੇ ਜ਼ੋਰ ਦਿੱਤਾ ਕਿ ਚੰਡੀਗੜ੍ਹ ਦੇ ਨਿਵਾਸੀਆਂ ਦੀ ਸੁਰੱਖਿਆ, ਸੁਵਿਧਾ ਅਤੇ ਤੰਦਰੁਸਤੀ ਸਰਬਉੱਚ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸਾਰੀਆਂ ਸਬੰਧਿਤ ਏਜੰਸੀਆਂ ਨੂੰ ਆਪਸੀ ਤਾਲਮੇਲ ਨਾਲ ਕਾਰਜ ਕਰਨ, ਉੱਭਰਦੀਆਂ ਸਮੱਸਿਆਵਾਂ ‘ਤੇ ਤੁਰੰਤ ਪ੍ਰਤੀਕਿਰਿਆ ਦੇਣ ਅਤੇ ਆਮ ਜਨਤਾ ਨੂੰ ਹੋਣ ਵਾਲੀ ਅਸੁਵਿਧਾ ਨੂੰ ਨਿਊਨਤਮ ਕਰਨ ਦੇ ਨਿਰਦੇਸ਼ ਦਿੱਤੇ।
18 ਅਗਸਤ ਨੂੰ ਚੰਡੀਗੜ੍ਹ ਵਿੱਚ ਭਾਰੀ ਵਰਖਾ ਹੋਈ ਸੀ, ਜਿਸ ਦੇ ਕਾਰਨ ਕਈ ਸਥਾਨਾਂ ‘ਤੇ ਪਾਣੀ ਭਰ ਗਿਆ ਅਤੇ ਕੁਝ ਹਿੱਸਿਆਂ ਵਿੱਚ ਆਵਾਜਾਈ ਵੀ ਪ੍ਰਭਾਵਿਤ ਹੋਈ। ਪ੍ਰਸ਼ਾਸਕ ਦਾ ਇਹ ਜ਼ਮੀਨੀ ਦੌਰਾ ਵਰਖਾ ਤੋਂ ਬਾਅਦ ਦੀ ਸਥਿਤੀ ਦੀ ਸਮੀਖਿਆ ਕਰਨ ਅਤੇ ਸਬੰਧਿਤ ਵਿਭਾਗਾਂ ਦੁਆਰਾ ਸਮਾਂਬੱਧ ਕਾਰਵਾਈ ਸੁਨਿਸ਼ਚਿਤ ਕਰਨ ਦੇ
ਉਦੇਸ਼ ਨਾਲ ਕੀਤਾ ਗਿਆ।
