ਅਕਾਲੀ ਆਗੂ ਤੇ ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ ਭਾਜਪਾ ਵਿੱਚ ਸ਼ਾਮਲ

ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਚੰਦੂਰਾਈਆਂ ਤੇ ਸਾਥੀਆਂ ਨੂੰ ਭਾਜਪਾ ਵਿੱਚ ਕਰਵਾਇਆ ਸ਼ਾਮਲ

ਪੰਜਾਬ ਦਾ ਭਲਾ ਸਿਰਫ ਭਾਜਪਾ ਦੇ ਹੱਥ : ਕੇਵਲ ਸਿੰਘ ਢਿੱਲੋਂ

ਭਾਰਤੀ ਜਨਤਾ ਪਾਰਟੀ ਨੂੰ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਸਾਬਕਾ ਰਾਜ ਸੂਚਨਾ ਕਮਿਸ਼ਨਰ, ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਅਕਾਲੀ ਆਗੂ ਅਜੀਤ ਸਿੰਘ ਚੰਦੂਰਾਈਆਂ ਨੇ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਸੂਬਾਈ ਦਫ਼ਤਰ ਵਿਖੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਮੁੱਢਲੀ ਮੈਂਬਰਸ਼ਿਪ ਦਿਵਾਈ। ਇਸ ਮੌਕੇ ਮਾਲੇਰਕੋਟਲਾ ਜ਼ਿਲ੍ਹੇ ਦੇ ਵੱਖ-ਵੱਖ 60 ਦੇ ਕਰੀਬ ਸਰਪੰਚ, ਨੰਬਰਦਾਰ ਤੇ ਹੋਰ ਮੋਹਤਬਰ ਭਾਜਪਾ ਵਿੱਚ ਸ਼ਾਮਲ ਹੋਏ।

ਇਸ ਮੌਕੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅਜੀਤ ਸਿੰਘ ਚੰਦੂਰਾਈਆਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਭਾਜਪਾ ਪਰਿਵਾਰ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਮਲੇਰਕੋਟਲਾ ਜ਼ਿਲ੍ਹੇ ਵਿੱਚ ਭਾਜਪਾ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਕਾਫ਼ਿਲਾ ਦਿਨੋਂ-ਦਿਨ ਵਧ ਰਿਹਾ ਹੈ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਪੰਜਾਬ ਦੇ ਹਰ ਵਰਗ ਦੇ ਲੋਕ ਭਾਜਪਾ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵਿਸ਼ਵਾਸ ਪ੍ਰਗਟਾਉਂਦਿਆਂ ਪਾਰਟੀ ਨਾਲ ਜੁੜ ਰਹੇ ਹਨ।

ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਨੂੰ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣ ਦੀ ਬਜਾਏ ਹਰ ਖੇਤਰ ਵਿੱਚ ਪਿੱਛੇ ਧੱਕਿਆ ਹੈ। ਸੂਬੇ ਵਿੱਚ ਨਸ਼ਿਆਂ, ਅਪਰਾਧ, ਗੈਂਗਸਟਰਵਾਦ ਅਤੇ ਫ਼ਿਰੌਤੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਮਨ-ਕਾਨੂੰਨ ਦੀ ਸਥਿਤੀ ਅਜਿਹੀ ਬਣ ਚੁੱਕੀ ਹੈ ਕਿ ਲੋਕ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਵਪਾਰੀ, ਕਿਸਾਨ, ਨੌਜਵਾਨ, ਮੁਲਾਜ਼ਮ ਅਤੇ ਆਮ ਲੋਕ ਹਰ ਪਾਸਿਓਂ ਸਰਕਾਰ ਦੀਆਂ ਨਾਕਾਮੀਆਂ ਦਾ ਖਮਿਆਜ਼ਾ ਭੁਗਤ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਦੇ ਨਾਮ ‘ਤੇ ਬਣੀ ਸਰਕਾਰ ਦੀ ਅਸਲੀਅਤ ਸਮਝ ਚੁੱਕੇ ਹਨ ਅਤੇ ਸੂਬੇ ਨੂੰ ਮੌਜੂਦਾ ਹਾਲਾਤ ਵਿੱਚੋਂ ਬਾਹਰ ਕੱਢਣ ਲਈ ਇੱਕ ਮਜ਼ਬੂਤ ਅਤੇ ਫ਼ੈਸਲਾਕੁੰਨ ਸਰਕਾਰ ਦੀ ਲੋੜ ਹੈ। ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਹੁਣ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੀਆਂ ਹਨ।

ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੂੰ ਮੁੜ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ‘ਤੇ ਲਿਆਉਣ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਉਦਯੋਗਾਂ ਨੂੰ ਹੁਲਾਰਾ ਦੇਣ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨ ਲਈ ਡਬਲ ਇੰਜਣ ਦੀ ਸਰਕਾਰ ਬਣਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬੇ ਵਿੱਚ ਇੱਕੋ ਵਿਚਾਰਧਾਰਾ ਵਾਲੀ ਸਰਕਾਰ ਹੋਣ ਨਾਲ ਪੰਜਾਬ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ ਅਤੇ ਸੂਬੇ ਨੂੰ ਮੁੜ ਖੁਸ਼ਹਾਲ ਬਣਾਉਣ ਦਾ ਰਾਹ ਪੱਧਰਾ ਹੋਵੇਗਾ।

ਇਸ ਮੌਕੇ ਹੰਸਪਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ ਸੰਦੌੜ, ਸਿਕੰਦਰ ਸਿੰਘ ਖੁਰਦ, ਜਸਵਿੰਦਰ ਸਿੰਘ ਖੁਰਦ, ਸੁਖਦੇਵ ਸਿੰਘ ਚੀਮਾ, ਬਲਵੀਰ ਸਿੰਘ ਨੰਬਰਦਾਰ, ਕੈਪਟਨ ਬਲਵਿੰਦਰ ਸਿੰਘ, ਸੁਖਵੀਰ ਸਿੰਘ ਨੰਬਰਦਾਰ, ਹਰਜੀਤ ਸਿੰਘ ਸਰਪੰਚ ਤੇ ਸਾਬਕਾ ਚੇਅਰਮੈਨ, ਬਲਵੰਤ ਸਿੰਘ ਕੈਨੇਡੀਅਨ, ਮੁਹੰਮਦ ਆਮਿਰ ਮਾਲੇਰਕੋਟਲਾ, ਸੁਰਿੰਦਰ ਸਿੰਘ ਰਟੋਲਾਂ, ਬਹਾਦਰ ਸਿੰਘ ਪ੍ਰਧਾਨ, ਕਰਮ ਸਿੰਘ ਚੇਅਰਮੈਨ, ਬਲਜਿੰਦਰ ਸਿੰਘ, ਲਿਆਕਤ ਅਲੀ ਅਤੇ ਹੋਰ ਵੱਡੀ ਗਿਣਤੀ ਵਿੱਚ ਪਤਵੰਤਿਆਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ।