ਕਿਹਾ ਕਿ ਮਾਈ ਭਾਗੋ ਫੌਜ ਨੇ ਨਸ਼ਾ ਤਸਕਰਾਂ ਦੀ ਸੂਚੀ ਬਣਾਉਣੀ ਸ਼ੁਰੂ ਕੀਤੀ ਤੇ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮਹਿਲਾ ਡੀ ਜੀ ਪੀ ਦੀ ਅਗਵਾਈ ਵਾਲੀ ਟਾਸਕ ਫੋਰਸ ਇਹਨਾਂ ਮੁਲਜ਼ਮਾਂ ਨੂੰ ਮਿਸਾਲੀ ਸਜ਼ਾ ਦੇਵੇਗੀ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰੰਗਲਾ ਪੰਜਾਬ ਨੂੰ ਨਸ਼ੀਲਾ ਪੰਜਾਬ ਬਣਾ ਦਿੱਤਾ ਹੈ ਤੇ ਕਿਹਾ ਕਿ ਸੂਬੇ ਦੀਆਂ ਔਰਤਾਂ ਇਕਜੁੱਟ ਹੋ ਕੇ ਨਸ਼ਾ ਮਾਫੀਆ ਨਾਲ ਨਜਿੱਠਣਗੀਆਂ।

ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਜੈਤੋਂ ਤੇ ਕੋਟਕਪੁਰਾ ਵਿਚ ਸੂਬਾ ਸਿੰਘ ਬਾਦਲ ਤੇ ਮਨਤਾਰ ਸਿੰਘ ਬਰਾੜ ਨਾਲ ਮਿਲ ਕੇ ਵਿਸ਼ਾਲ ਮਹਿਲਾ ਰੈਲੀਆਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਮੁੱਖ ਮੰਤਰੀ ਜੋ ਚਾਰ ਮਹੀਨਿਆਂ ਵਿਚ ਨਸ਼ੇ ਖ਼ਤਮ ਕਰਨ ਦੇ ਵਾਅਦੇ ਨੂੰ ਪੂਰੇ ਕਰਨ ਵਿਚ ਅਸਫਲ ਰਹੇ, ਹੁਣ ਔਰਤਾਂ ਨੂੰ 3-3 ਹਜ਼ਾਰ ਰੁਪਏ ਦੇ ਕੇ ਆਪਣੇ ਵੱਲ ਕਰਨਾ ਚਾਹੁੰਦੇ ਹਨ ਜਦੋਂ ਕਿ ਔਰਤਾਂ ਦਾ 60-60 ਹਜ਼ਾਰ ਰੁਪਿਆ ਬਕਾਇਆ ਬਣਦਾ ਹੈ।

ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮਹਿਲਾਵਾਂ ਨੇ ਹੁਣ ਸਾਰਾ ਮਾਮਲਾ ਆਪਣੇ ਹੱਥਾਂ ਵਿਚ ਲੈਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਉਹ ਮਾਈ ਭਾਗੋ ਦੀ ਫੌਜ ਦੇ ਫਾਰਮ ਭਰ ਰਹੀਆਂ ਹਨ ਜੋ ਨਸ਼ਾ ਤਸਕਰੀ ਦੇ ਖਿਲਾਫ ਵੱਡੇ ਸਾਧਨ ਵਜੋਂ ਕੰਮ ਕਰਨਗੇ। ਉਹਨਾਂ ਕਿਹਾ ਕਿ ਇਹ ਫੌਜ ਪਿੰਡਾਂ ਤੇ ਮੁਹੱਲਿਆਂ ਵਿਚ ਨਸ਼ਿਆਂ ਨਾਲ ਸਬੰਧਤ ਸਾਰਾ ਕੁਝ ਦਰਜ ਕਰਨਗੀਆਂ। ਉਹਨਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹ ਔਰਤਾਂ ਨਸ਼ਾ ਤਸਕਰਾਂ ਦੇ ਵੇਰਵੇ ਵਾਲੇ ਇਹ ਫਾਰਮ ਪੁਲਿਸ ਨੂੰ ਦੇਣਗੀਆਂ ਜਿਸ ਵਿਚ ਇਹ ਵੇਰਵੇ ਵੀ ਹੋਣਗੇ ਕਿ ਇਹ ਨਸ਼ਾ ਤਸਕਰ ਭਾਵੇਂ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ ਜਾਂ ਪੁਲਿਸ ਮੁਲਾਜ਼ਮਾਂ ਜਿਸ ਨਾਲ ਵੀ ਸਬੰਧਤ ਹਨ। ਉਹਨਾਂ ਕਿਹਾ ਕਿ ਅਸੀਂ ਇਕ ਮਹਿਲਾ ਡੀ ਜੀ ਪੀ ਅਗਵਾਈ ਹੇਠ ਇਕ ਵਿਸ਼ੇਸ਼ ਟਾਸਕ ਫੋਰਸ ਗਠਿਤ ਕਰਾਂਗੇ ਜੋ ਇਹਨਾਂ ਸਾਰੀਆਂ ਸ਼ਿਕਾਇਤਾਂ ਦੀ ਘੋਖ ਕਰੇਗੀ ਅਤੇ ਇਹਨਾਂ ਗੁਨਾਹਗਾਰਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਇਹ ਵੀ ਐਲਾਨ ਕੀਤਾ ਕਿ ਮਾਈ ਭਾਗ ਦੀ ਫੌਜ ਦੇ ਹਲਕਾ ਪੱਧਰ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਜਾ ਰਹੇ ਹਨ।

ਉਹਨਾਂ ਨੇ ਔਰਤਾਂ ਨੂੰ ਭਰੋਸਾ ਦੁਆਇਆ ਕਿ ਨਸ਼ਾ ਤਸਕਰ ਤੇ ਉਹਨਾਂ ਦੇ ਆਕਾ ਨੂੰ ਉਹਨਾਂ ਦੇ ਵਿਚਾਲੇ ਨਹੀਂ ਰਹਿਣਗੇ। ਉਹਨਾਂ ਕਿਹਾ ਕਿ ਅਸੀ਼ ਕਾਨੂੰਨ ਲਿਆ ਕੇ ਉਹਨਾਂ ਨੂੰ 10 ਸਾਲ ਤੱਕ ਜ਼ਮਾਨਤ ਨਾ ਮਿਲਣੀ ਯਕੀਨੀ ਬਣਾਵਾਂਗੇ ਅਤੇ ਉਹਨਾਂ ਦੀਆਂ ਸਾਰੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ।

ਸਰਦਾਰਨੀ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਦੇ ਰਾਜ ਵਿਚ ਪੰਜਾਬ ਨਸ਼ਿਆਂ ਦੇ ਪਸਾਰ ਵਿਚ ਨੰਬਰ ਇਕ ’ਤੇ ਹੈ ਅਤੇ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤਾਂ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਸੁਲਤਾਨਪੁਰ ਲੋਧੀ ਦੇ ਮਨਜੀਤ ਕੌਰ ਜਿਹਨਾਂ ਦੇ ਆਪਣੇ ਪੰਜ ਪੁੱਤਰ ਨਸ਼ਿਆਂ ਕਾਰਨ ਗੁਆ ਲਏ ਦਾ ਉਦਾਹਰਣ ਹੈ। ਉਹਨਾਂ ਕਿਹਾ ਕਿ ਜ਼ਮੀਨੀ ਹਾਲਾਤ ਇਹ ਹੈ ਕਿ ਆਟਾ ਭਾਵੇਂ ਨਾ ਮਿਲੇ ਪਰ ਨਸ਼ਾ ਹਰ ਪਾਸੇ ਮਿਲ ਰਿਹਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਹੰਕਾਰ ਸਾਰੀਆਂ ਹੱਦਾਂ ਟੱਪ ਗਿਆ ਹੈ। ਉਹਨਾਂ ਨੇ ਆਪਣੀ ਪਬਲੀਸਿਟੀ ’ਤੇ 6 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ ਅਤੇ ਆਪਣੇ ਆਪ ਨੂੰ ਈਮਾਨਦਾਰ ਦੱਸਣ ’ਤੇ 500 ਕਰੋੜ ਰੁਪਏ ਖਰਚ ਕੀਤੇ ਹਨ ਹਾਲਾਂਕਿ ਈ ਡੀ ਤੇ ਸੀ ਬੀ ਆਈ ਉਹਨਾਂ ਦੇ ਖਿਲਾਫ ਜਾਂਚ ਕਰ ਰਹੀ ਹੈ। ਹੁਣ ਜਦੋਂ ਸਕੂਲਾਂ ਵਿਚ ਅਧਿਆਪਕ ਨਹੀ਼ ਹਨ ਤਾਂ ਉਹਨਾਂ ਨੂੰ ਆਪ ਦੇ ਰੰਗ ਵਿਚ ਰੰਗਣ ਵਾਸਤੇ 80 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਉਹਨਾਂ ਨੇ ਇਹ ਗੱਲ ਵੀ ਕੀਤੀ ਕਿ ਕਿਵੇਂ ਪੰਜਾਬ ਨੂੰ ਦਿੱਲੀ ਦੇ ਲੁਟੇਰਿਆਂ ਤੋਂ ਮੁਕਤ ਕਰਵਾਉਣ ਦੀ ਜ਼ਰੂਰਤ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਲੁਟੇਰੇ ਚੇਂਜ ਆਫ ਲੈਂਡ ਯੂਜ਼ (ਸੀ ਐਲ ਯੂ) ਦੇ ਨਾਮ ’ਤੇ 10 ਹਜ਼ਾਰ ਕਰੋੜ ਰੁਪਏ ਦੀ ਲੁੱਟ ਲਈ ਜ਼ਿੰਮੇਵਾਰ ਹਨ। ਇਹਨਾਂ ਦੇ ਖਿਲਾਫ ਮੁੱਖ ਮੰਤਰੀ ਦਫਤਰ ਵਿਚ ਤਾਇਨਾਤੀਆਂ ਤੇ ਤਬਾਦਲਿਆਂ ਵਾਸਤੇ ਸੀ ਬੀ ਆਈ ਜਾਂਚ ਚਲ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਜ਼ਬਰ ਜਨਾਹ ਦੇ ਮੁਲਜ਼ਮ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾਉਣ ਵਾਸਤੇ 5 ਕਰੋੜ ਰੁਪਏ ਵਿਚ ਕਿਵੇਂ ਸੌਦੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਹੁਣ ਬਹੁਤ ਹੋ ਗਿਆ। ਉਹਨਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਇਕਜੁੱਟ ਹੋ ਕੇ ਹੁਣ ਆਪ ਨੂੰ ਸੂਬੇ ਵਿਚੋਂ ਬਾਹਰ ਕਰ ਦੇਣਗੀਆਂ।