ਮੇਰੇ ਪਰਿਵਾਰ ਨਾਲ ਵਿਸ਼ਵਾਸ ਘਾਤ ਕੀਤਾ:ਮਾਲੀ
ਪਟਿਆਲਾ /ਮੁਹਾਲੀ, 12 ਅਕਤੂਬਰ
ਐਸਐਸ ਪੀ ਮੁਹਾਲੀ ਨੇ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਮੇਰੇ ਖਿਲਾਫ ਜਾਅਲੀ ਐਫਆਈਆਰ ਦਰਜ ਕਰਵਾ ਕੇ ਗ੍ਰਿਫ਼ਤਾਰ ਕਰਨ ਸੰਬੰਧੀ ਕਸੂਤੀ ਫਸੀ ਸਰਕਾਰ ਤੇ ਪੁਲਿਸ ਨੂੰ ਹਮਲੇ ਤੋਂ ਬਚਾਉਣ ਲਈ ਕੇਸ ਦੀ ਮੁੜ ਜਾਂਚ ਕਰਨ ਦੀ ਚਾਲ ਚੱਲੀ, ਜੋ ਹੁਣ ਨੰਗੀ ਹੋ ਗਈ ਹੈ। ਇਹ ਦੋਸ਼ ਕੇਂਦਰੀ ਜੇਲ ਪਟਿਆਲਾ ਵਿਖੇ ਨਜ਼ਰਬੰਦ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੇ ਇੱਕ ਲਿਖਤੀ ਬਿਆਨ ਵਿੱਚ ਲਾਇਆ। ਉਨ੍ਹਾਂ ਕਿਹਾ ਕਿ ਉਸ ਖਿਲਾਫ ਇਹ ਕੇਸ ਮੁੱਖ ਮੰਤਰੀ, ਮੀਡੀਆ ਡਾਇਰੈਕਟਰ ਬਲਤੇਜ ਪੰਨੂ ਅਤੇ ਐਸਐਸਪੀ ਮੁਹਾਲੀ ਨੇ ਸਾਜਿਸ਼ ਬਣਾ ਕੇ ਮੜਿਆ ਹੈ। ਪਰ ਜਦੋਂ ਇਸ ਕੇਸ ਦਾ ਸੱਚ ਅਤੇ ਐਫ ਆਈ ਆਰ ਦਾ ਨੰਗਪੁਣਾ ਸਾਹਮਣੇ ਆ ਗਿਆ ਅਤੇ ਇਸ ਦੀ ਸਾਬਕਾ ਤੇ ਮੌਜੂਦਾ ਕਾਨੂੰਨ ਦਾਨਾਂ ਵੱਲੋਂ ਸਖਤ ਅਲੋਚਨਾ ਹੋਈ ਤਾਂ ਐਸਐਸਪੀ ਮੁਹਾਲੀ ਨੇ ਡੀਐਸਪੀ ਹਰਸਿਮਰਨ ਸਿੰਘ ਬੱਲ ਤੇ ਗੁਰਦਰਸ਼ਨ ਸਿੰਘ ਬਾਹੀਆ ਨੂੰ ਵਿੱਚ ਪਾ ਕੇ ਮੇਰੇ ਪਰਿਵਾਰ ਤੱਕ ਪਹੁੰਚ ਕੀਤੀ ਕਿ ਉਹ ਇਸ ਕੇਸ ਦੀ ਮੁੜ ਜਾਂਚ ਲਈ ਅਰਜੀ ਦੇਣ, ਤਾਂ ਇਹ ਕੇਸ ਨੂੰ ਖਤਮ ਕੀਤਾ ਜਾ ਸਕਦਾ ਹੈ।
ਕਿਉਂਕਿ ਇਸ ਕੇਸ ਦਾ ਕੋਈ ਠੋਸ ਆਧਾਰ ਨਹੀਂ। ਇਸ ਉਪਰੰਤ ਮੇਰੇ ਭਰਾ ਰਣਜੀਤ ਸਿੰਘ ਗਰੇਵਾਲ ਵੱਲੋਂ ਇਹ ਅਰਜੀ ਐਸ ਐਸ ਮੁਹਾਲੀ ਨੂੰ ਦਿੱਤੀ ਗਈ। ਐਸਐਸ ਪੀ ਮੁਹਾਲੀ ਨੇ ਭਰੋਸਾ ਦੇ ਦਿੱਤਾ। ਪਰ ਜਦੋਂ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਅਖਬਾਰ ਵਿੱਚ ਪ੍ਰਕਾਸ਼ਤ ਖਬਰ ਤੋਂ ਪਤਾ ਲੱਗਿਆ ਤਾਂ ਉਸ ਨੇ ਐਸਐਸਪੀ ਮੁਹਾਲੀ ਨੂੰ ਉਸੇ ਤਰ੍ਹਾਂ ਦਬਕਾ ਮਾਰਿਆ ਜਿਹੋ ਜਿਹਾ ਹੜਾਂ ਦੇ ਜਾਇਜੇ ਸਮੇਂ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮਾਰਿਆ ਸੀ। ਇਸ ਤੋਂ ਬਾਅਦ ਹੁਣ ਐਸਐਸਪੀ ਮੋਹਾਲੀ ਨੇ ਕੇਸ ਦੀ ਮੁੜ ਜਾਂਚ ਕਰਨ ਵਾਲੀ ਗੱਲ ਠੱਪ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਮੋਹਾਲੀ ਪੁਲੀਸ ਜਿਲ੍ਹਾ ਅਸਲ ਵਿੱਚ ਪੁਲੀਸ ਤੇ ਸਿਆਸਤਦਾਨਾਂ ਲਈ ਮਿਡਾਸ ਟੱਚ ਵਰਗੀ ਜੈੱਲ ਹੈ, ਜਿੱਥੇ ਕਿਸੇ ਵੀ ਪ੍ਰਸ਼ਨ ਚਿੰਨ ਲੱਗੇ ਮੁੱਦੇ ਨੂੰ ਹੱਥ ਲਗਾਓ ਤਾਂ ਉਹ ਸੋਨਾ ਬਣ ਜਾਂਦਾ ਹੈ। ਐਸਐਸ ਪੀ ਤੇ ਸੀਨੀਅਰ ਪੁਲੀਸ ਅਧਿਕਾਰੀ ਹੋਣਾ ਕੋਈ ਆਮ ਗੱਲ ਨਹੀਂ ਹੈ। ਪਹਿਲਾਂ ਇਹ ਕਹਾਵਤ ਪ੍ਰਚੱਲਤ ਸੀ ਕਿ ਸਰਕਾਰ ਕੋਈ ਵੀ ਹੋਵੇ, ਪਰ ਮੁਹਾਲੀ ਦਾ ਐਸਐਸਪੀ ਤਾਂ ‘ਉਹੀ’ ਰਹੇਗਾ। ਪਰ ਉਸ ਵੇਲੇ ‘ਭੁੱਖੇ ਜੱਟ ਕਟੋਰਾ ਲੱਭਿਆ ਪੀਪੀ ਆਫਰਿਆ’ ਵਾਲੀ ਗੱਲ ਨਹੀਂ ਸੀ। ਮੁਹਾਲੀ ਦੇ ਮੌਜੂਦਾ ਐਸਐਸਪੀ ਨੇ ਇਹ ਕਾਰਵਾਈ ਇਥੇ ਸਥਾਈ ਤੌਰ ਤੇ ਐਸਐਸਪੀ ਰਹਿਣ ਦੇ ਲਾਲਚ ਕਾਰਨ ਹੀ ਕੀਤੀ ਹੈ।