ਚੰਡੀਗੜ੍ਹ, 17 ਫਰਵਰੀ 2025:
ਪ੍ਰਵਾਸੀ ਭਾਰਤੀ (ਐਨ.ਆਰ.ਆਈ.) ਪੰਜਾਬੀਆਂ ਲਈ ਤਸਦੀਕ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ, ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਤੰਬਰ, 2024 ਵਿੱਚ ਪੂਰੇ ਪੰਜਾਬ ਵਿੱਚ ਈ-ਸੰਨਦ ਪੋਰਟਲ ਨੂੰ ਚਾਲੂ ਕੀਤਾ ਹੈ ਜਿਸ ਰਾਹੀਂ ਪ੍ਰਵਾਸੀ ਪੰਜਾਬੀ ਆਪਣੇ ਘਰਾਂ ਤੋਂ ਆਪਣੇ ਦਸਤਾਵੇਜ਼ਾਂ ‘ਤੇ ਕਾਊਂਟਰ-ਹਸਤਾਖਰ ਕਰਨ ਲਈ ਅਪਲਾਈ ਕਰ ਸਕਦੇ ਹਨ। ਇਸ ਸਬੰਧ ਵਿੱਚ, 1 ਜਨਵਰੀ 2025 ਤੋਂ ਹੁਣ ਤੱਕ ਇਸ ਪੋਰਟਲ ‘ਤੇ ਕਾਊਂਟਰ-ਹਸਤਾਖਰ ਕਰਨ ਲਈ 6481 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਪ੍ਰਸ਼ਾਸਕੀ ਸੁਧਾਰ ਅਤੇ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਦੀਆਂ 200 ਅਰਜ਼ੀਆਂ ਰੋਜ਼ਾਨਾ ਆਧਾਰ ‘ਤੇ ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਨੂੰ ਭੇਜੀਆਂ ਜਾਂਦੀਆਂ ਹਨ। ਇਸ ਪੋਰਟਲ ਰਾਹੀਂ ਅਰਜ਼ੀਆਂ ਦੀ ਸਥਿਤੀ ਨੂੰ ਟ੍ਰੈਕ ਕਰਨਾ ਅਤੇ ਪਤਾ ਲਗਾਉਣਾ ਬਹੁਤ ਆਸਾਨ ਹੋ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਪ੍ਰਵਾਸੀ ਭਾਰਤੀਆਂ ਦੇ ਕੀਮਤੀ ਸਮੇਂ ਦੀ ਬਰਬਾਦੀ ਨੂੰ ਘੱਟ ਕੀਤਾ ਜਾਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਈ-ਸਨਦ ਪੋਰਟਲ ਪ੍ਰਵਾਸੀ ਪੰਜਾਬੀਆਂ ਨੂੰ ਕਈ ਦਸਤਾਵੇਜ਼ ਜਿਵੇਂ ਕਿ ਜਨਮ ਸਰਟੀਫਿਕੇਟ, ਜਨਮ ਸਰਟੀਫਿਕੇਟ ਦੀ ਅਣਉਪਲਬਧਤਾ, ਦੇਰ ਨਾਲ ਜਨਮ ਦਾ ਦਾਖਲਾ, ਪੁਲਿਸ ਕਲੀਅਰੈਂਸ, ਮੈਡੀਕਲ ਸਰਟੀਫਿਕੇਟ, ਵਿਦਿਅਕ ਯੋਗਤਾ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਮੌਤ ਸਰਟੀਫਿਕੇਟ, ਵਿਆਹ/ਤਲਾਕ ਸਰਟੀਫਿਕੇਟ, ਡਿਕਰੀ, ਗੋਦ ਲੈਣ ਦਾ ਪ੍ਰਮਾਣ ਪੱਤਰ, ਹਲਫੀਆ ਬਿਆਨ, ਫਿੰਗਰਪ੍ਰਿੰਟ ਅਤੇ ਹੋਰ ਸਰਟੀਫਿਕੇਟ ਆਦਿ ਪ੍ਰਾਪਤ ਕਰਨ ਦੀ ਸਹੂਲਤ ਦਿੰਦਾ ਹੈ।


