ਚੰਡੀਗੜ੍ਹ, 31 ਜੁਲਾਈ 2025:

ਯੂਟੀ ਚੰਡੀਗੜ੍ਹ ਦੀ ਇਲੈਕਟ੍ਰਿਕ ਵਾਹਨ (ਈਵੀ/EV) ਨੀਤੀ ਦੀ ਚੌਥੀ ਸਮੀਖਿਆ ਮੀਟਿੰਗ 31 ਜੁਲਾਈ 2025 ਨੂੰ ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਸ਼੍ਰੀ ਰਾਜੀਵ ਵਰਮਾ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਗ੍ਰਹਿ ਸਕੱਤਰ, ਵਿੱਤ ਸਕੱਤਰ, ਸਕੱਤਰ (ਸਾਇੰਸ, ਟੈਕਨੋਲੋਜੀ ਅਤੇ ਅਖੁੱਟ ਊਰਜਾ), ਸਕੱਤਰ ਇੰਜੀਨੀਅਰਿੰਗ, ਸਕੱਤਰ ਟ੍ਰਾਂਸਪੋਰਟ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ, ਮੌਜੂਦਾ ਨੀਤੀਗਤ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਿੱਤ ਵਰ੍ਹੇ 2025-26 ਲਈ 18% ਦੇ ਈਵੀ ਪ੍ਰਵੇਸ਼ ਟੀਚੇ ਨੂੰ ਪ੍ਰਾਪਤ ਕਰਨ ‘ਤੇ ਵਿਚਾਰ-ਵਟਾਂਦਰੇ ਕੀਤੇ ਗਏ।

ਯੂਟੀ ਇਲੈਕਟ੍ਰਿਕ ਵਾਹਨ ਸਲਾਹਕਾਰ ਕਮੇਟੀ ਦੁਆਰਾ ਈਵੀ ਨੀਤੀ ਵਿੱਚ ਕਈ ਮੁੱਖ ਸੋਧਾਂ ਨਾਲ ਸਬੰਧਿਤ ਪ੍ਰਸਤਾਵਾਂ ਦੇ ਅਧਾਰ ‘ਤੇ ਨਿਮਨਲਿਖਤ ਨਿਰਣੇ ਲਏ ਗਏ:

1. ਇਲੈਕਟ੍ਰਿਕ ਚਾਰ-ਪਹੀਆ (ਵਿਅਕਤੀਗਤ) ਵਾਹਨਾਂ ਦੀ ਸੀਮਾ ਵਿੱਚ ਵਾਧਾ: ਨਾਗਰਿਕਾਂ ਦੀ ਵਧਦੀ ਰੁਚੀ ਨੂੰ ਧਿਆਨ ਵਿੱਚ ਰੱਖਦੇ ਹੋਏ , ਨੀਤੀ ਦੇ ਤਹਿਤ ਪ੍ਰੋਤਸਾਹਨ ਲਈ ਪਾਤਰ ਇਲੈਕਟ੍ਰਿਕ ਚਾਰ-ਪਹੀਆ ਵਾਹਨਾਂ ਦੀ ਗਿਣਤੀ ਦੀ ਸੀਮਾ 2,000 ਤੋਂ ਵਧਾ ਕੇ 3,500 ਯੂਨਿਟ ਕੀਤੀ ਜਾ ਸਕਦੀ ਹੈ।

2. ਇਲੈਕਟ੍ਰਿਕ ਦੋ-ਪਹੀਆ ਵਾਹਨਾਂ ਲਈ ਬੀਮਾ ਸਹਾਇਤਾ: ਇਲੈਕਟ੍ਰਿਕ ਦੋ-ਪਹੀਆ ਵਾਹਨਾਂ ਦੇ ਖਰੀਦਦਾਰ ਪਹਿਲੇ ਸਾਲ ਲਈ ₹5,000 ਤੱਕ ਦੀ ਬੀਮਾ ਸਹਾਇਤਾ ਲਈ ਯੋਗ ਹੋ ਸਕਦੇ ਹਨ, ਜਿਸ ਨਾਲ ਮਾਲਕੀ ਦੀ ਸ਼ੁਰੂਆਤੀ ਲਾਗਤ ਘੱਟ ਹੋ ਸਕੇ।

3. ਇਲੈਕਟ੍ਰਿਕ ਦੋ-ਪਹੀਆ ਵਾਹਨਾਂ ਲਈ ਪ੍ਰੋਤਸਾਹਨ ਵਿੱਚ ਵਾਧਾ: ਇਲੈਕਟ੍ਰਿਕ ਦੋ-ਪਹੀਆ ਵਾਹਨਾਂ ਲਈ ਪ੍ਰੋਤਸਾਹਨ ਰਾਸ਼ੀ ₹5,000/ਕਿਲੋਵਾਟ-ਘੰਟਾ(kWh) ਤੋਂ
ਵਧਾ ਕੇ ₹10,000/ਕਿਲੋਵਾਟ-ਘੰਟਾ (kWh) ਕੀਤੀ ਜਾ ਸਕਦੀ ਹੈ, ਵੱਧ ਤੋਂ ਵੱਧ ₹30,000 ਪ੍ਰਤੀ ਵਾਹਨ ਤੱਕ ਸੀਮਿਤ ਰਹੇਗੀ।

4. ਮਹਿਲਾ ਖਰੀਦਦਾਰਾਂ ਲਈ ਵਿਸ਼ੇਸ਼ ਪ੍ਰੋਤਸਾਹਨ: ਈਵੀ (EV) ਅਪਣਾਉਣ ਵਿੱਚ ਮਹਿਲਾਵਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਹੁਲਾਰਾ ਦੇਣ ਹਿਤ, ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀਆਂ ਮਹਿਲਾ ਖਰੀਦਦਾਰਾਂ ਨੂੰ ₹12,500/ਕਿਲੋਵਾਟ-ਘੰਟਾ (kWh) ਦੀ ਵਿਸ਼ੇਸ਼ ਸਬਸਿਡੀ ਦਿੱਤੀ ਜਾ ਸਕਦੀ ਹੈ, ਜੋ ਪ੍ਰਤੀ ਵਾਹਨ ₹37,500 ਤੱਕ ਸੀਮਿਤ ਹੋਵੇਗੀ।

5. ਇਲੈਕਟ੍ਰਿਕ ਸਾਇਕਲਾਂ ਨੂੰ ਪ੍ਰੋਤਸਾਹਨ: ਗ਼ੈਰ-ਮੋਟਰਾਇਜ਼ਡ, ਟਿਕਾਊ ਗਤੀਸ਼ੀਲਤਾ ਨੂੰ ਹੁਲਾਰਾ ਦੇਣ ਹਿਤ, ਇਲੈਕਟ੍ਰਿਕ ਬਾਇਸਾਇਕਲਾਂ ਦੀ ਲਾਗਤ ਦਾ 25% (₹4,000 ਤੱਕ) ਤੋਂ ₹6,000 ਤੱਕ ਵਧਾ ਕੇ ਲਾਗਤ ਦਾ 25% ਕੀਤਾ ਜਾ ਸਕਦਾ ਹੈ।

6. ਈਵੀ (EV) ਚਾਰਜਿੰਗ ਇਨਫ੍ਰਾਸਟ੍ਰਕਚਰ ਦਾ ਵਿਸਤਾਰ: ਕਮੇਟੀ ਨੇ ਚੰਡੀਗੜ੍ਹ ਦੇ ਸਾਰੇ ਖੇਤਰਾਂ ਵਿੱਚ ਈਵੀ (EV) ਚਾਰਜਿੰਗ ਸਟੇਸ਼ਨਾਂ ਦੇ ਨੈੱਟਵਰਕ ਦਾ ਵਿਸਤਾਰ ਕਰਨ ਦਾ ਨਿਰਣਾ ਲਿਆ, ਜਿਸ ਨਾਲ ਪੂਰੇ ਯੂਟੀ (UT) ਵਿੱਚ ਵਿਆਪਕ ਕਵਰੇਜ ਸੁਨਿਸ਼ਚਿਤ ਹੋ ਸਕੇ।

ਚੰਡੀਗੜ੍ਹ ਦੀ ਸਵੱਛ ਊਰਜਾ ਨੀਤੀ ਦੇ ਅਨੁਰੂਪ, ਪ੍ਰਸ਼ਾਸਨ ਨੇ ਵਾਤਾਵਰਣ-ਅਨੁਕੂਲ ਗਤੀਸ਼ੀਲਤਾ ਸਮਾਧਾਨਾਂ ਦਾ ਸਮਰਥਨ ਕਰਨ ਲਈ ਅਖੁੱਟ ਊਰਜਾ-ਅਧਾਰਿਤ ਚਾਰਜਿੰਗ ਹੱਬਾਂ ਦੇ ਵਿਕਾਸ ‘ਤੇ ਵੀ ਜ਼ੋਰ ਦਿੱਤਾ।

ਇਹ ਪ੍ਰਸਤਾਵਿਤ ਉਪਾਅ ਸ਼ਹਿਰ ਨੂੰ ਇੱਕ ਮਾਡਲ ਈਵੀ (EV) ਈਕੋਸਿਸਟਮ ਵਿੱਚ ਬਦਲਣ, ਸਾਰਿਆਂ ਲਈ ਸਵੱਛ, ਹਰਿਤ ਅਤੇ ਸਮਾਵੇਸ਼ੀ ਟ੍ਰਾਂਸਪੋਰਟੇਸ਼ਨ ਸਮਾਧਾਨਾਂ ਨੂੰ ਸਾਕਾਰ ਕਰਨ ਦੀ ਚੰਡੀਗੜ੍ਹ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਨ।

×