ਨਸ਼ੇ ਖਿਲਾਫ ਆਵਾਜ ਬੁਲੰਦ ਕਰਨ ਵਾਲਿਆਂ ਨੂੰ ਜਾਂ ਤੇ ਆਤਮ ਹੱਤਿਆ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਜਾਂ ਨਸ਼ਾ ਤਸਕਰਾਂ ਦੇ ਗੁੰਡਿਆਂ ਵੱਲੋਂ ਜਾਨੋ ਮਾਰਿਆ ਜਾ ਰਿਹਾ ਹੈ
ਭਾਰਤੀ ਜਨਤਾ ਪਾਰਟੀ ਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਰਾਜ ਵਿੱਚ ਨਸ਼ਿਆ ਮਾਫੀਆ ਦੇ ਵਧਦੇ ਆਤੰਕ ਅਤੇ ਸੂਬੇ ਦੀ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਨੂੰ ਘੇਰਿਆ ਹੈ।
ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਇੱਕ ਸੁਨੇਹੇ ਵਿੱਚ ਲਿਖਿਆ ਹੈ ਕਿ, “ਹੁਣ ਤੱਕ ਤਾਂ ਪੰਜਾਬ ਦੇ ਪੁੱਤ ਨਸ਼ੇ ਨਾਲ ਮਰ ਰਹੇ ਸਨ ਪਰ ਹੁਣ ਨਸ਼ੇ ਖਿਲਾਫ ਅਵਾਜ਼ ਉਠਾਉਣ ਵਾਲਿਆਂ ਨੂੰ ਜਾਂ ਤਾਂ ਮੰਤਰੀਆਂ ਦੇ ਦਬਾਅ ਹੇਠ ਆਤਮ ਹੱਤਿਆ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਾਂ ਫਿਰ ਨਸ਼ਾ ਮਾਫੀਆਂ ਦੇ ਗੁੰਡਿਆਂ ਦੁਆਰਾ ਜਾਨ ਤੋਂ ਮਾਰਿਆਂ ਜਾ ਰਿਹਾ ਹੈ, ਜਦ ਕਿ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਅਜਿਹਾ ਹੀ ਇੱਕ ਵਾਕਿਆ ਅਬੋਹਰ ਦੇ ਪਿੰਡ ਗਿੱਦੜਵਾਲੀ ਵਿੱਚ ਹੋਇਆ ਹੈ, ਜਿੱਥੇ ਇਕ ਨੌਜਵਾਨ ਨੇ ਨਸ਼ੇ ਤਸ਼ਕਰ ਖਿਲਾਫ ਵੀਡੀਓ ਪਾਈ, ਉਸਨੂੰ ਧਮਕੀਆਂ ਮਿਲੀਆਂ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਆਖੀਰ ਉਸਦੇ ਭਰਾ ਅਮਨਦੀਪ ਸਿੰਘ ਨੂੰ ਬੀਤੇ ਦਿਨ ਨਸ਼ਾ ਮਾਫੀਆਂ ਦੇ ਲੋਕਾਂ ਨੇ ਬੇਰਹਮੀ ਨਾਲ ਕਤਲ ਕਰ ਦਿੱਤਾ। ਭਗਵੰਤ ਮਾਨ ਜੀ, ਪੰਜਾਬ ਜਵਾਬਦੇਹੀ ਮੰਗਦਾ ਹੈ।”
ਸੁਨੀਲ ਜਾਖੜ ਨੇ ਕਿਹਾ ਕਿ ਅੱਜ ਨਸ਼ੇ ਦੇ ਮਾਮਲੇ ਵਿੱਚ ਪੰਜਾਬ ਦੇ ਹਾਲਾਤ ਪੂਰੀ ਤਰਹਾਂ ਬੇਕਾਬੂ ਹੋ ਚੁੱਕੇ ਹਨ ਅਤੇ ਸਰਕਾਰ ਨਾਂ ਦੀ ਚੀਜ਼ ਸੂਬੇ ਵਿੱਚੋਂ ਗਾਇਬ ਹੈ। ਉਹਨਾਂ ਨੇ ਆਖਿਆ ਕਿ ਨਸ਼ਾ ਮਾਫੀਆ ਸਰਕਾਰ ਤੇ ਸਮਾਨੰਤਰ ਇੱਕ ਤਾਕਤ ਬਣ ਗਿਆ ਹੈ। ਉਹਨਾਂ ਨੇ ਕਿਹਾ ਕਿ ਅੱਜ ਕੱਲ ਨਸ਼ੇ ਖਿਲਾਫ ਆਵਾਜ ਉਠਾਉਣਾ ਵੀ ਗੁਨਾਹ ਹੋ ਗਿਆ ਹੈ। ਇਹ ਰਾਜ ਦੇ ਸਰਕਾਰੀ ਤੰਤਰ ਦੇ ਢਹਿ ਢੇਰੀ ਹੋ ਜਾਣ ਦਾ ਪ੍ਰਮਾਣ ਹੈ।
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੇ ਆਖਿਆ ਕਿ ਇੱਕ ਸਮਰੱਥ ਸਰਕਾਰ ਹੀ ਪੰਜਾਬ ਨੂੰ ਇਸ ਦਲਦਲ ਵਿੱਚੋਂ ਕੱਢ ਸਕਦੀ ਹੈ ਅਤੇ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦ੍ਰਿੜ ਸੋਚ ਰਾਹੀ ਇਹ ਕੰਮ ਕਰਦਿਆਂ ਸੂਬੇ ਵਿੱਚੋਂ ਨਸ਼ੇ ਨੂੰ ਖਤਮ ਕਰੇਗੀ।


