ਚੰਡੀਗੜ੍ਹ ਨੂੰ ਸਵੱਛ ਅਤੇ ਟਿਕਾਊ ਊਰਜਾ ਦੀ ਦਿਸ਼ਾ ਵਿੱਚ ਅੱਗੇ ਵਧਾਉਣ ਦੇ ਉਦੇਸ਼ ਨਾਲ ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੋਸਾਇਟੀ (ਕ੍ਰੈਸਟ), ਚੰਡੀਗੜ੍ਹ ਪ੍ਰਸ਼ਾਸਨ, ਸ਼ਨੀਵਾਰ, 29 ਅਗਸਤ ਅਤੇ ਐਤਵਾਰ, 30 ਅਗਸਤ, 2026 ਨੂੰ ਇੱਕ ਮੈਗਾ “ਸੋਲਰ ਵੀਕਐਂਡ” ਦਾ ਆਯੋਜਨ ਕਰੇਗੀ।
ਇਸ ਦੋ ਦਿਨਾਂ ਦੀ ਵਿਸ਼ੇਸ਼ ਡੋਰ-ਟੂ-ਡੋਰ ਅਤੇ ਆਊਟਰੀਚ ਮੁਹਿੰਮ ਦਾ ਉਦੇਸ਼ ਭਾਰਤ ਸਰਕਾਰ ਦੀ ਪ੍ਰਮੁੱਖ ਯੋਜਨਾ ‘ਪੀਐੱਮ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ’ ਦੇ ਤਹਿਤ ਰੂਫਟੌਪ ਸੋਲਰ ਸਿਸਟਮ ਨੂੰ ਬੜੇ ਪੱਧਰ ‘ਤੇ ਅਪਣਾਉਣ ਲਈ ਲੋਕਾਂ ਨੂੰ ਪ੍ਰੋਤਸਾਹਿਤ ਕਰਨਾ ਹੈ। ਇਹ ਮੁਹਿੰਮ ਮੁੱਖ ਤੌਰ ‘ਤੇ ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ) ਦੇ ਉਨ੍ਹਾਂ ਫ੍ਰੀਹੋਲਡ ਸੁਤੰਤਰ ਰਿਹਾਇਸ਼ੀ ਯੂਨਿਟਾਂ ਨੂੰ ਕਵਰ ਕਰੇਗੀ, ਜਿਨ੍ਹਾਂ ਦੇ ਨਿਵਾਸੀਆਂ ਦੇ ਪਾਸ ਛੱਤ ਦਾ ਅਧਿਕਾਰ ਹੈ। ਇਸ ਨਾਲ ਨਿਵਾਸੀਆਂ ਨੂੰ ਸਵੱਛ ਊਰਜਾ ਅਪਣਾਉਣ ਅਤੇ ਆਪਣੇ ਬਿਜਲੀ ਬਿਲਾਂ ਵਿੱਚ ਜ਼ਿਕਰਯੋਗ ਕਮੀ ਲਿਆਉਣ ਵਿੱਚ ਸਹਾਇਤਾ ਮਿਲੇਗੀ।
ਕ੍ਰੈਸਟ, ਸੀਡੀਪੀਐੱਲ, ਸੀਐੱਚਬੀ, ਬੈਂਕਾਂ ਅਤੇ ਸੂਚੀਬੱਧ ਸੋਲਰ ਵਿਕ੍ਰੇਤਾਵਾਂ ਦੇ ਅਧਿਕਾਰੀਆਂ ਅਤੇ ਪ੍ਰਤੀਨਿਧੀਆਂ ਦੀਆਂ ਸੰਯੁਕਤ ਟੀਮਾਂ ਦੋਵੇਂ ਦਿਨ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸੈਕਟਰ 41-ਏ, 46, 38 (ਵੈਸਟ), 40, 42 ਅਤੇ 44 ਵਿੱਚ ਉਪਲਬਧ ਰਹਿਣਗੀਆਂ।
ਕੈਂਪਾਂ ਵਿੱਚ ਆਉਣ ਵਾਲੇ ਨਿਵਾਸੀਆਂ ਨੂੰ ਸਿੰਗਲ-ਵਿੰਡੋ ਵਿਵਸਥਾ ਦੇ ਜ਼ਰੀਏ ਤਕਨੀਕੀ ਮਾਰਗਦਰਸ਼ਨ, ਸਾਇਟ ਵਿਵਹਾਰਕਤਾ ਦਾ ਮੁੱਲਾਂਕਣ, ਰੂਫਟੌਪ ਸੋਲਰ ਲਈ ਰਜਿਸਟ੍ਰੇਸ਼ਨ ਅਤੇ 6 ਪ੍ਰਤੀਸ਼ਤ ਤੋਂ ਸ਼ੁਰੂ ਹੋਣ ਵਾਲੀਆਂ ਵਿਆਜ ਦਰਾਂ ‘ਤੇ ਰਿਣ ਸੁਵਿਧਾ ਉਪਲਬਧ ਕਰਵਾਉਣ ਵਿੱਚ ਸਹਾਇਤਾ ਕੀਤੀ ਜਾਵੇਗੀ। ਰਿਣ ਸੁਵਿਧਾ ਸਬੰਧਿਤ ਬੈਂਕਾਂ ਦੇ ਲਾਗੂ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਹੋਵੇਗੀ।
ਕ੍ਰੈਸਟ ਨੇ ਸ਼ਨਾਖ਼ਤ ਕੀਤੇ ਗਏ ਸੈਕਟਰਾਂ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਵੀਨਤਮ ਬਿਜਲੀ ਬਿਲ ਦੀ ਕਾਪੀ ਲੈ ਕੇ ਆਪਣੇ ਨਜ਼ਦੀਕੀ ਕੈਂਪ ਵਿੱਚ ਪਹੁੰਚਣ। ਕੈਂਪਾਂ ਵਿੱਚ ਤਕਨੀਕੀ ਸਲਾਹ-ਮਸ਼ਵਰੇ, ਰਿਣ ਸੁਵਿਧਾ, ਰਜਿਸਟ੍ਰੇਸ਼ਨ ਅਤੇ ‘ਪੀਐੱਮ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ’ ਦੇ ਤਹਿਤ ਸਬਸਿਡੀ ਲਾਭ ਪ੍ਰਾਪਤ ਕਰਨ ਲਈ ਮੌਕੇ ‘ਤੇ ਹੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਨਿਵਾਸੀ ਅਧਿਕਾਰਿਤ ਪੋਰਟਲ, www.pmsuryaghar.gov.in ਦੇ ਜ਼ਰੀਏ ਵੀ ਅਰਜ਼ੀ ਦੇ ਸਕਦੇ ਹਨ, ਜਾਂ ਪੂਰੀ ਸਹਾਇਤਾ ਲਈ ਕ੍ਰੈਸਟ ਦੇ ਕੈਂਪਾਂ ਵਿੱਚ ਸੰਪਰਕ ਕਰ ਸਕਦੇ ਹਨ।
