ਵਣ ਅਤੇ ਵਣਜੀਵ ਵਿਭਾਗ, ਯੂਟੀ ਚੰਡੀਗੜ੍ਹ ਨੇ ਸ਼ਹਿਰ ਵਿੱਚ ਮਾਨਵ-ਬਾਂਦਰ
ਸੰਘਰਸ਼ ਅਤੇ ਬਾਂਦਰਾਂ ਨਾਲ ਉਤਪੰਨ ਸਮੱਸਿਆਵਾਂ ਦੇ ਸਮਾਧਾਨ ਲਈ ਬੋਟੈਨੀਕਲ ਗਾਰਡਨ, ਸਾਰੰਗਪੁਰ ਵਿਖੇ ਇੱਕ ਵਰਕਸ਼ਾਪ ਆਯੋਜਿਤ ਕੀਤੀ।
ਇਸ ਵਿੱਚ ਵਣਜੀਵ ਮਾਹਰਾਂ, ਸਰਕਾਰੀ ਵਿਭਾਗਾਂ, ਅਕਾਦਮਿਕ ਸੰਸਥਾਵਾਂ ਅਤੇ ਹੋਰ ਹਿਤਧਾਰਕਾਂ ਨੇ ਹਿੱਸਾ ਲਿਆ। ਵਰਕਸ਼ਾਪ ਦਾ ਉਦੇਸ਼ ਰੋਕਥਾਮ, ਜਨ ਸੁਰੱਖਿਆ ਅਤੇ ਸਹਿ-
ਹੋਂਦ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਵਿਗਿਆਨਿਕ, ਮਾਨਵੀ ਅਤੇ ਦੀਰਘਕਾਲੀ ਸਮਾਧਾਨ ਤਲਾਸ਼ਣਾ ਸੀ।
ਵਣਪਾਲ ਅਤੇ ਮੁੱਖ ਵਣਜੀਵ ਵਾਰਡਨ ਸ਼੍ਰੀ ਅਨੂਪ ਕੁਮਾਰ ਸੋਨੀ, ਆਈਐੱਫਐੱਸ, ਅਤੇ ਉਪ ਵਣਪਾਲ,ਚੰਡੀਗੜ੍ਹ,
ਸ਼੍ਰੀ ਸਤਯੇਂਦਰ ਮੌਰਯ, ਆਈਐੱਫਐੱਸ, ਸਹਿਤ ਸੀਨੀਅਰ ਵਣ ਅਧਿਕਾਰੀਆਂ ਨੇ ਵਿਚਾਰ-ਵਟਾਂਦਰੇ ਦੀ ਅਗਵਾਈ ਕੀਤੀ। ਵਿਭਾਗ ਨੇ ਜ਼ੋਰ ਦਿੱਤਾ ਕਿ ਸ਼ਹਿਰੀ ਖੇਤਰਾਂ ਵਿੱਚ ਬਾਂਦਰਾਂ ਦੇ ਪ੍ਰਬੰਧਨ ਲਈ
ਕੇਵਲ ਸਮੱਸਿਆ ਉਤਪੰਨ ਹੋਣ ‘ਤੇ ਬਚਾਅ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਦੇ ਪ੍ਰਾਕ੍ਰਿਤਿਕ ਆਵਾਸਾਂ ਅਤੇ ਆਸਪਾਸ ਦੇ ਸੰਪੂਰਨ ਵਾਤਾਵਰਣ ਦਾ ਵਿਗਿਆਨਿਕ ਅਧਾਰ ‘ਤੇ ਅਗਾਊਂ ਪ੍ਰਬੰਧਨ ਜ਼ਰੂਰੀ ਹੈ। ਵਿਭਾਗ ਨੇ
ਰਾਖਵੇਂ ਵਣ ਖੇਤਰਾਂ ਵਿੱਚ ਰੁੱਖਾਂ ਦੀਆਂ ਛਤਰੀਆਂ ਦੇ ਦਰਮਿਆਨ ਸੰਪਰਕ ਵਧਾਉਣ ਅਤੇ ਕੁਦਰਤੀ ਫਲਾਂ ਦੀ ਉਪਲਬਧਤਾ ਵਿੱਚ ਵਾਧੇ ਲਈ ਜਾਰੀ ਉਪਾਵਾਂ ਦੀ ਜਾਣਕਾਰੀ ਦਿੱਤੀ ਅਤੇ ਸਾਰੇ ਸਬੰਧਿਤ ਵਿਭਾਗਾਂ ਨੂੰ ਤਾਲਮੇਲ ਵਾਲੀ ਕਾਰਵਾਈ ਦਾ ਸੱਦਾ ਦਿੱਤਾ।
ਵਿਸ਼ਾ ਮਾਹਰ ਡਾ. ਸੰਦੀਪ ਸ਼ਰਮਾ ਨੇ ਬਾਂਦਰਾਂ ਦੇ ਵਿਵਹਾਰ, ਵਾਤਾਵਰਣ ਦੇ ਅਨੁਰੂਪ ਉਨ੍ਹਾਂ ਦੇ ਅਨੁਕੂਲਨ ਅਤੇ ਵਿਗਿਆਨਿਕ ਪ੍ਰਬੰਧਨ ਉਪਾਵਾਂ ‘ਤੇ ਤਕਨੀਕੀ ਸੈਸ਼ਨ ਪ੍ਰਸਤੁਤ ਕੀਤਾ। ਆਪਣੇ ਖੇਤਰੀ ਅਨੁਭਵ ਨੂੰ ਅਧਾਰ ‘ਤੇ ਉਨ੍ਹਾਂ ਨੇ ਨਸਬੰਦੀ, ਭੋਜਨ ਸਬੰਧੀ ਵਿਵਹਾਰ, ਕਚਰਾ ਪ੍ਰਬੰਧਨ, ਸੁਰੱਖਿਅਤ ਢੰਗ ਨਾਲ ਪਕੜਨ ਅਤੇ ਸੰਭਾਲਣ ਦੀਆਂ ਤਕਨੀਕਾਂ, ਵਿਸ਼ੇਸ਼ ਉਪਕਰਣਾਂ, ਪਿੰਜਰਿਆਂ ਅਤੇ ਸੰਚਾਲਨ ਤਿਆਰੀਆਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਬਾਂਦਰਾਂ ਨੂੰ ਵਾਰ-ਵਾਰ ਮਾਨਵ ਬਸਤੀਆਂ ਦੀ ਤਰਫ਼ ਆਕਰਸ਼ਿਤ ਕਰਨ ਵਾਲੇ ਕਾਰਨਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਸਮਾਧਾਨ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ।
ਇੰਟਰਐਕਟਿਵ ਸੈਸ਼ਨ ਦੇ ਦੌਰਾਨ ਪ੍ਰਤੀਭਾਗੀਆਂ ਨੇ ਸੈਕਟਰ 22 ਅਤੇ 27, ਪੀਜੀਆਈ, ਪੰਜਾਬ ਯੂਨੀਵਰਸਿਟੀ ਅਤੇ ਸੈਕਟਰ 26 ਦੇ ਮਾਰਕਿਟ ਖੇਤਰ ਵਿੱਚ ਬਾਂਦਰਾਂ ਨਾਲ ਜੁੜੀਆਂ
ਵਾਰ-ਵਾਰ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਉਲੇਖ ਕੀਤਾ। ਚਰਚਾ ਵਿੱਚ ਅਧਿਕ ਪ੍ਰਭਾਵਿਤ ਖੇਤਰਾਂ ਦੀ ਸ਼ਨਾਖ਼ਤ ਕਰਕੇ ਲਕਸ਼ਿਤ ਉਪਾਅ ਕਰਨ, ਠੋਸ ਕਚਰਾ ਪ੍ਰਬੰਧਨ ਵਿੱਚ ਸੁਧਾਰ ਲਿਆਉਣ, ਬਾਂਦਰਾਂ ਨੂੰ ਜਾਣਬੁੱਝ ਕੇ ਭੋਜਨ ਦੇਣ ਦੀ ਪ੍ਰਵਿਰਤੀ ਨੂੰ ਹੁਲਾਰਾ ਨਾ ਦੇਣ ਅਤੇ ਸ਼ਿਕਾਇਤਾਂ ਦਾ ਪ੍ਰਭਾਵੀ
ਨਿਪਟਾਰਾ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਰੇਖਾਂਕਿਤ ਕੀਤੀ ਗਈ।
ਵਰਕਸ਼ਾਪ ਦਾ ਇੱਕ ਪ੍ਰਮੁੱਖ ਨਿਸ਼ਕਰਸ਼ ਇਹ ਰਿਹਾ ਕਿ ਕੇਵਲ ਬਾਂਦਰਾਂ ਨੂੰ ਪਕੜਨ, ਹੋਰ ਸਥਾਨਾਂ ‘ਤੇ ਲੈ ਜਾਣ ਜਾਂ ਉਨ੍ਹਾਂ ਦੀ ਨਸਬੰਦੀ ਕਰਨ ਨਾਲ ਸਥਾਈ ਰਾਹਤ ਸੁਨਿਸ਼ਚਿਤ ਨਹੀਂ ਕੀਤੀ ਜਾ ਸਕਦੀ, ਜਦੋਂ ਤੱਕ ਕਿ ਮਾਨਵ-ਬਾਂਦਰ ਸੰਘਰਸ਼ ਦੇ ਮੂਲ ਕਾਰਨਾਂ ਦਾ ਵੀ ਸਮਾਧਾਨ ਨਾ ਕੀਤਾ ਜਾਵੇ। ਜਿੱਥੇ ਉਚਿਤ ਹੋਵੇ, ਵਿਗਿਆਨਿਕ ਢੰਗ ਨਾਲ ਬਾਂਦਰਾਂ ਦੀ ਆਬਾਦੀ ਦੇ ਪ੍ਰਬੰਧਨ ਨੂੰ ਨਿਵਾਰਕ ਉਪਾਵਾਂ, ਸੰਸਥਾਗਤ ਤਿਆਰੀਆਂ ਅਤੇ ਜ਼ਿੰਮੇਦਾਰ ਲੋਕ ਵਿਵਹਾਰ ਨਾਲ ਜੋੜਨਾ ਜ਼ਰੂਰੀ ਹੈ।
ਵਰਕਸ਼ਾਪ ਵਿੱਚ ਦੁਹਰਾਇਆ ਗਿਆ ਕਿ ਨਾਗਰਿਕਾਂ ਦੀ ਸੁਰੱਖਿਆ ਅਤੇ ਵਣਜੀਵਾਂ ਦੀ ਸੰਭਾਲ਼ ਪਰਸਪਰ ਪੂਰਕ ਜ਼ਿੰਮੇਵਾਰੀਆਂ ਹਨ। ਪ੍ਰਬੰਧਨ ਉਪਾਵਾਂ ਦੀ ਪ੍ਰਭਾਵਸ਼ੀਲਤਾ ਦਾ ਮੁੱਲਾਂਕਣ ਕੇਵਲ ਪਕੜੇ ਗਏ ਬਾਂਦਰਾਂ ਦੀ ਸੰਖਿਆ ਨਾਲ ਨਹੀਂ, ਬਲਕਿ
ਵਾਰ-ਵਾਰ ਹੋਣ ਵਾਲੇ ਸੰਘਰਸ਼ਾਂ ਵਿੱਚ ਕਮੀ, ਬਿਹਤਰ ਲੋਕ ਸੁਰੱਖਿਆ ਅਤੇ ਪਸ਼ੂਆਂ ਪ੍ਰਤੀ ਮਾਨਵੀ ਵਿਵਹਾਰ ਦੇ ਅਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ।
ਵਰਕਸ਼ਾਪ ਵਿੱਚ
ਨਗਰ ਨਿਗਮ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਗ਼ੈਰ-ਸਰਕਾਰੀ ਸੰਗਠਨਾਂ, ਵਿਭਿੰਨ ਸਬੰਧਿਤ ਵਿਭਾਗਾਂ ਅਤੇ ਅਕਾਦਮਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੇ ਨਾਲ ਈਕੋ-ਕਲੱਬ ਦੇ ਮੈਂਬਰਾਂ ਅਤੇ ਹੋਰ ਹਿਤਧਾਰਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਨੇ ਅਨੁਭਵ ਸਾਂਝੇ ਕਰਨ ਅਤੇ ਚੰਡੀਗੜ੍ਹ ਵਿੱਚ ਮਾਨਵ-ਬਾਂਦਰ ਸੰਘਰਸ਼ ਦੇ ਟਿਕਾਊ ਪ੍ਰਬੰਧਨ ਲਈ
ਸਮੂਹਿਕ ਪ੍ਰਯਾਸਾਂ ਨੂੰ ਮਜ਼ਬੂਤ ਬਣਾਉਣ ਦਾ ਮੰਚ ਪ੍ਰਦਾਨ ਕੀਤਾ।


