ਵਿਸ਼ਵ ਬਾਲ ਮਜ਼ਦੂਰੀ ਵਿਰੁੱਧ ਦਿਵਸ ਦੇ ਅਵਸਰ ‘ਤੇ ਬਾਲ ਮਜ਼ਦੂਰੀ ਦੇ ਨੁਕਸਾਨਦੇਹ ਪ੍ਰਭਾਵਾਂ ਅਤੇ ਕਾਨੂੰਨੀ ਨਤੀਜਿਆਂ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ (ਡੀਸੀਪੀਯੂ/DCPU), ਚੰਡੀਗੜ੍ਹ, ਮਨੁੱਖੀ ਤਸਕਰੀ ਵਿਰੋਧੀ ਇਕਾਈ (ਏਐੱਚਟੀਯੂ/AHTU) ਅਤੇ ਕਿਰਤ ਵਿਭਾਗ ਦੁਆਰਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ (ਡੀਐੱਲਐੱਸਏ/DLSA), ਚੰਡੀਗੜ੍ਹ ਦੇ ਮਾਰਗਦਰਸ਼ਨ ਅਤੇ ਨਿਗਰਾਨੀ ਵਿੱਚ ਚੰਡੀਗੜ੍ਹ ਦੇ ਵਿਭਿੰਨ ਖੇਤਰਾਂ ਵਿੱਚ ਸੰਯੁਕਤ ਜਾਗਰੂਕਤਾ ਮੁਹਿੰਮ ਚਲਾਈ ਗਈ।

ਇਹ ਮੁਹਿੰਮ ਮੋਟਰ ਮਾਰਕਿਟ, ਸੈਕਟਰ 48; ਮੋਟਰ ਮਾਰਕਿਟ, ਸੈਕਟਰ 38 ਵੈਸਟ; ਮੋਟਰ ਮਾਰਕਿਟ, ਮਨੀਮਾਜਰਾ; ਅਤੇ ਟ੍ਰਾਂਸਪੋਰਟ ਏਰੀਆ, ਸੈਕਟਰ 26, ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਗਈ। ਮੁਹਿੰਮ ਦੇ ਦੌਰਾਨ ਅਧਿਕਾਰੀਆਂ ਅਤੇ ਟੀਮ ਦੇ ਮੈਂਬਰਾਂ ਨੇ ਦੁਕਾਨਦਾਰਾਂ, ਕਾਮਿਆਂ, ਮਕੈਨਿਕਾਂ, ਟ੍ਰਾਂਸਪੋਰਟ ਵਰਕਰਾਂ ਅਤੇ ਆਮ ਨਾਗਰਿਕਾਂ ਨਾਲ ਸੰਵਾਦ ਕਰਕੇ ਉਨ੍ਹਾਂ ਨੂੰ ਬਾਲ ਅਧਿਕਾਰਾਂ ਅਤੇ ਬਾਲ ਮਜ਼ਦੂਰੀ ‘ਤੇ ਪਾਬੰਦੀ ਸਬੰਧੀ ਕਾਨੂੰਨੀ ਪ੍ਰਾਵਧਾਨਾਂ ਦੀ ਜਾਣਕਾਰੀ ਦਿੱਤੀ। ਨਾਲ ਹੀ ਜਾਗਰੂਕਤਾ ਸਬੰਧੀ ਪੈਂਫਲੇਟ ਅਤੇ ਸੂਚਨਾ ਸਮੱਗਰੀ ਵੀ ਵੰਡੀ ਗਈ।

ਟੀਮਾਂ ਨੇ ਨਾਗਰਿਕਾਂ ਨੂੰ ਜਾਗਰੂਕ ਕੀਤਾ ਕਿ ਬੱਚਿਆਂ ਨੂੰ ਮਜ਼ਦੂਰੀ ਵਿੱਚ ਲਗਾਉਣਾ ਕਾਨੂੰਨ ਦੇ ਤਹਿਤ ਇੱਕ ਸਜ਼ਾਯੋਗ ਅਪਰਾਧ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਹਰੇਕ ਬੱਚੇ ਨੂੰ ਸਿੱਖਿਆ, ਸੁਰੱਖਿਆ ਅਤੇ ਸੰਪੂਰਨ ਵਿਕਾਸ ਦਾ ਅਧਿਕਾਰ ਪ੍ਰਾਪਤ ਹੈ। ਆਮ ਜਨਤਾ ਨੂੰ ਸੁਚੇਤ ਰਹਿਣ ਅਤੇ ਬਾਲ ਮਜ਼ਦੂਰੀ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਸਬੰਧਿਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਗਿਆ।

ਨਾਗਰਿਕਾਂ ਨੂੰ ਬੇਨਤੀ ਕੀਤੀ ਗਈ ਕਿ ਅਜਿਹੇ ਮਾਮਲਿਆਂ ਦੀ ਸੂਚਨਾ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ (ਡੀਸੀਪੀਯੂ/DCPU), ਮਨੁੱਖੀ ਤਸਕਰੀ ਵਿਰੋਧੀ ਇਕਾਈ (ਏਐੱਚਟੀਯੂ/AHTU) ਅਤੇ ਕਿਰਤ ਵਿਭਾਗ ਨੂੰ ਦੇਣ, ਤਾਕਿ ਬੱਚਿਆਂ ਦੇ ਹਿਤ ਵਿੱਚ ਸਮੇਂ ‘ਤੇ ਬਚਾਅ, ਪੁਨਰਵਾਸ ਅਤੇ ਕਾਨੂੰਨੀ ਕਾਰਵਾਈ ਸੁਨਿਸ਼ਚਿਤ ਕੀਤੀ ਜਾ ਸਕੇ।

ਮੁਹਿੰਮ ਵਿੱਚ ਸ਼ਾਮਲ ਵਿਭਾਗਾਂ ਨੇ ਬਾਲ ਮਜ਼ਦੂਰੀ ਮੁਕਤ ਸਮਾਜ ਦੇ ਨਿਰਮਾਣ ਅਤੇ ਚੰਡੀਗੜ੍ਹ ਦੇ ਹਰੇਕ ਬੱਚੇ ਦੇ ਅਧਿਕਾਰਾਂ ਅਤੇ ਕਲਿਆਣ ਦੀ ਰੱਖਿਆ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ।

×