ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਅੱਜ ਕਾਂਗਰਸ ਪਾਰਟੀ ਦੇ ਤਾਜ਼ਾ ਸੰਗਠਨਾਤਮਕ ਫੇਰਬਦਲ ‘ਤੇ ਤਿੱਖਾ ਤਨਜ਼ ਕਸਦਿਆਂ ਕਿਹਾ ਕਿ 42 ਮੈਂਬਰੀ ਚੋਣ ਕਮੇਟੀ ਦਾ ਐਲਾਨ ਕਰਨਾ ਪੰਜਾਬ ਵਿੱਚ ਪਾਰਟੀ ਨੂੰ ਖੋਖਲਾ ਕਰ ਰਹੀ ਡੂੰਘੀ ਧੜੇਬੰਦੀ ਅਤੇ ਆਗੂਆਂ ਦੇ ਵੱਡੇ ਪੱਧਰ ‘ਤੇ ਹੋ ਰਹੇ ਪਲਾਇਨ ‘ਤੇ ਪਰਦਾ ਨਹੀਂ ਪਾ ਸਕਦਾ।

ਰਾਜਪੁਰਾ ਤੋਂ ਦੋ ਵਾਰ ਵਿਧਾਇਕ ਰਹੇ ਅਤੇ 2027 ਲਈ ਕਾਂਗਰਸ ਚੋਣ ਮੈਨੀਫ਼ੈਸਟੋ ਕਮੇਟੀ ਦੇ ਕੋ-ਚੇਅਰਮੈਨ ਹਰਦਿਆਲ ਸਿੰਘ ਕੰਬੋਜ ਦੇ ਸਮੁੱਚੀ ਰਾਜਪੁਰਾ-ਬਨੂੜ ਨਗਰ ਕੌਂਸਲ, ਬਲਾਕ ਅਤੇ ਯੂਥ ਲੀਡਰਸ਼ਿਪ ਸਮੇਤ ਭਾਜਪਾ ਵਿੱਚ ਸ਼ਾਮਲ ਹੋਣ ਦੇ ਮਹਿਜ਼ ਕੁਝ ਘੰਟਿਆਂ ਬਾਅਦ ਕਾਂਗਰਸ ਹਾਈਕਮਾਂਡ ਵੱਲੋਂ ਏਕਤਾ ਦਿਖਾਉਣ ਦੇ ਕੀਤੇ ਗਏ ਹਤਾਸ਼ ਯਤਨ ‘ਤੇ ਪ੍ਰਤੀਕਿਰਿਆ ਦਿੰਦਿਆਂ ਸਰੀਨ ਨੇ ਕਿਹਾ ਕਿ ਕਾਂਗਰਸ ਆਪਣੀ ਦਿਸ਼ਾ ਅਤੇ ਜ਼ਮੀਨੀ ਸਾਖ਼ ਦੋਵੇਂ ਗੁਆ ਚੁੱਕੀ ਹੈ।

“ਜਦੋਂ ਕਾਂਗਰਸ ਹਾਈਕਮਾਂਡ ਵੱਲੋਂ ਆਪਣੀ 2027 ਚੋਣ ਮੈਨੀਫ਼ੈਸਟੋ ਕਮੇਟੀ ਦੀ ਸਹਿ-ਪ੍ਰਧਾਨਗੀ ਸੌਂਪਿਆ ਗਿਆ ਆਗੂ ਹੀ ਦਰਜਨਾਂ ਮੌਜੂਦਾ ਤੇ ਸਾਬਕਾ ਨਗਰ ਕੌਂਸਲ ਪ੍ਰਧਾਨਾਂ, ਮਾਰਕੀਟ ਕਮੇਟੀ ਚੇਅਰਮੈਨਾਂ ਅਤੇ ਯੂਥ ਕਾਂਗਰਸ ਅਹੁਦੇਦਾਰਾਂ ਨਾਲ ਪਾਰਟੀ ਛੱਡ ਜਾਵੇ, ਤਾਂ ਕੋਈ ਵੀ ਜੰਬੋ ਕਮੇਟੀ ਜ਼ਮੀਨੀ ਹਕੀਕਤ ਨੂੰ ਨਹੀਂ ਛੁਪਾ ਸਕਦੀ,” ਸਰੀਨ ਨੇ ਟਿੱਪਣੀ ਕੀਤੀ।

ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਕਾਂਗਰਸ ਅੰਦਰੂਨੀ ਸੱਤਾ ਸੰਘਰਸ਼ ਅਤੇ ਆਪਸੀ ਕਾਟੋ-ਕਲੇਸ਼ ਵਿੱਚ ਫਸੀ ਹੋਈ ਹੈ, ਅਤੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਟੁੱਟੀਆਂ ਗਾਰੰਟੀਆਂ, ਚੜ੍ਹਦੇ ਕਰਜ਼ੇ ਅਤੇ ਭਰਤੀ ਘੁਟਾਲਿਆਂ ਕਾਰਨ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ, ਉੱਥੇ ਹੀ ਪੰਜਾਬ ਭਰ ਦੇ ਭਰੋਸੇਯੋਗ ਆਗੂ ਇੱਕ ਮਜ਼ਬੂਤ, ਖ਼ੁਸ਼ਹਾਲ ਅਤੇ ਨਸ਼ਾ-ਮੁਕਤ ਪੰਜਾਬ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਨਾਲ ਇੱਕਜੁੱਟ ਹੋ ਰਹੇ ਹਨ। “ਚੰਡੀਗੜ੍ਹ ਵਿੱਚ ਕੱਲ੍ਹ ਹੋਈਆਂ ਸ਼ਮੂਲੀਅਤਾਂ ਇਸ ਗੱਲ ਦਾ ਸਪੱਸ਼ਟ ਸੰਕੇਤ ਹਨ ਕਿ ਪੰਜਾਬ ਦਾ ਸਿਆਸੀ ਮਾਹੌਲ 2027 ਵਿੱਚ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਾਉਣ ਵੱਲ ਫ਼ੈਸਲਾਕੁੰਨ ਰੂਪ ਵਿੱਚ ਮੋੜਾ ਕੱਟ ਚੁੱਕਾ ਹੈ,” ਸਰੀਨ ਨੇ ਸਿੱਟਾ ਕੱਢਿਆ।