ਮੋਹਾਲੀ/ਚੰਡੀਗੜ੍ਹ, 16 ਸਤੰਬਰ:
ਉਲਾਸ (ULLAS), ਉੱਜਵਲ ਲਿਖਾਈ ਔਰ ਸਾਕਸ਼ਰਤਾ (Ujjwal Likhai aur Saksharta), ਪ੍ਰੋਜੈਕਟ ਇੱਕ ਰਾਸ਼ਟਰੀ ਪਹਿਲ ਹੈ ਜਿਸ ਦਾ ਉਦੇਸ਼ ਭਾਰਤ ਵਿੱਚ ਵਿਆਪਕ ਸਾਖਰਤਾ ਪ੍ਰਾਪਤ ਕਰਨਾ ਹੈ, ਜਿਸ ਦਾ ਵਿਸ਼ੇਸ਼ ਧਿਆਨ ਬਾਲਗ਼ ਗ਼ੈਰ-ਸਾਖਰ ਵਿਅਕਤੀਆਂ ‘ਤੇ ਹੈ। ਇਹ ਸਿੱਖਿਆ ਮੰਤਰਾਲੇ, ਭਾਰਤ ਸਰਕਾਰ ਅਤੇ ਰਾਜ-ਪੱਧਰੀ ਸਿੱਖਿਆ ਵਿਭਾਗਾਂ ਦੁਆਰਾ ਬਾਲਗ਼ਾਂ ਵਿੱਚ ਸਾਖਰਤਾ ਪਾੜੇ ਨੂੰ ਪੂਰਾ ਕਰਨ ਲਈ ਇੱਕ ਸਹਿਯੋਗੀ ਯਤਨ ਹੈ, ਖਾਸ ਕਰਕੇ ਪਿਛੜੇ ਜਾਂ ਹਾਸ਼ੀਏ ‘ਤੇ ਰਹਿ ਰਹੇ ਭਾਈਚਾਰਿਆਂ ਵਿੱਚ। ਪ੍ਰੋਜੈਕਟ ਦਾ ਮੁੱਖ ਉਦੇਸ਼ ਬਾਲਗ਼ਾਂ ਨੂੰ ਬੁਨਿਆਦੀ ਜਾਣਕਾਰੀ ਪੜ੍ਹਨ, ਲਿਖਣ ਅਤੇ ਸਮਝਣ ਦੇ ਯੋਗ ਬਣਾਉਣਾ ਹੈ, ਤਾਕਿ ਉਹ ਆਪਣੀਆਂ ਰੋਜ਼ਮੱਰਾ ਦੀਆਂ ਜ਼ਰੂਰਤਾਂ ਦੇ ਲਈ ਦੂਸਰਿਆਂ ‘ਤੇ ਨਿਰਭਰ ਨਾ ਰਹਿਣ।
ਉਲਾਸ (ULLAS) ਪ੍ਰੋਜੈਕਟ ਦੇਸ਼ ਭਰ ਵਿੱਚ 100% ਸਾਖਰਤਾ ਪ੍ਰਾਪਤ ਕਰਨ ਦੇ ਵਿਆਪਕ ਰਾਸ਼ਟਰੀ ਟੀਚੇ ਨਾਲ ਮੇਲ ਖਾਂਦਾ ਹੈ। ਗ਼ੈਰ-ਪੜ੍ਹੇ-ਲਿਖੇ ਬਾਲ਼ਗਾਂ ‘ਤੇ ਧਿਆਨ ਕੇਂਦਰਿਤ ਕਰਕੇ, ਇਹ ਪਹਿਲਕਦਮੀ ਸਮਾਜਿਕ-ਆਰਥਿਕ ਵਿਕਾਸ ਨੂੰ ਵਧਾਉਣ ਅਤੇ ਅਨਪੜ੍ਹਤਾ ਤੋਂ ਪੈਦਾ ਹੋਣ ਵਾਲੀਆਂ ਅਸਮਾਨਤਾਵਾਂ ਨੂੰ ਘਟਾਉਣ ਦੀ ਉਮੀਦ ਕਰਦੀ ਹੈ।
ਸਿੱਖਿਆ ਵਿਭਾਗ ਚੰਡੀਗੜ੍ਹ ਇਸ ਰਾਸ਼ਟਰੀ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਪ੍ਰੋਜੈਕਟ ਦਾ ਅੰਤਿਮ ਟੀਚਾ ਇਹ ਸੁਨਿਸ਼ਚਿਤ ਕਰਨਾ ਹੈ ਕਿ ਬਾਲਗ਼ ਸਿੱਖਿਆਰਥੀ ਆਤਮਨਿਰਭਰ ਹੋਣ ਅਤੇ ਦੂਸਰਿਆਂ ‘ਤੇ ਨਿਰਭਰਤਾ ਤੋਂ ਬਿਨਾ ਜ਼ਰੂਰੀ ਰੁਟੀਨ ਕਾਰਜਾਂ ਨੂੰ ਪੂਰਾ ਕਰਨ ਦੇ ਯੋਗ ਹੋਣ। ਉਲਾਸ (ULLAS) ਪ੍ਰੋਜੈਕਟ ਦੀ ਸਫ਼ਲਤਾ ਨਾ ਸਿਰਫ਼ ਨਿਜੀ ਸਸ਼ਕਤੀਕਰਨ ਨੂੰ ਵਧਾਏਗੀ ਬਲਕਿ ਰਾਸ਼ਟਰੀ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਵੇਗੀ।
ਸਕੂਲ ਸਿੱਖਿਆ ਡਾਇਰੈਕਟਰ ਸ਼੍ਰੀ ਹਰਸੁਹਿੰਦਰ ਪਾਲ ਸਿੰਘ ਬਰਾੜ ਦੀ ਅਗਵਾਈ ਅਤੇ ਜੀਐੱਮਐੱਸਐੱਸਐੱਸ (GMSSS) ਸੈਕਟਰ 33 ਦੀ ਪ੍ਰਿੰਸੀਪਲ ਸ਼੍ਰੀਮਤੀ ਰਾਜ ਬਾਲਾ ਦੇ ਤਾਲਮੇਲ ਵਿੱਚ ਗਠਿਤ ਟੀਮ ਉਲਾਸ (TEAM ULLAS) ਇਸ ਟੀਚੇ ਨੂੰ ਪੂਰਾ ਕਰਨ ਵਿੱਚ ਲਗਾਤਾਰ ਮਿਹਨਤ ਕਰ ਰਹੀ ਹੈ। ਵਿਭਾਗ ਦੁਆਰਾ ਕੀਤੇ ਗਏ ਵਿਆਪਕ ਸਰਵੇਖਣ ਵਿੱਚ 15305 ਬਾਲਗ਼ ਅਨਪੜ੍ਹ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ। ਇਸ ਦੇ ਲਈ 18 ਮੈਂਬਰੀ ਕੋਰ ਕਮੇਟੀ ਬਣਾਈ ਗਈ ਹੈ ਜਿਸ ਨੂੰ ‘ਸਟੇਟ ਰਿਸੋਰਸ ਗਰੁੱਪ’ (State Resource Group) ਦਾ ਦਰਜਾ ਦਿੱਤਾ ਗਿਆ ਹੈ।
ਸਿੱਖਿਆ ਵਿਭਾਗ ਨੇ ਹਰੇਕ ਸਕੂਲ ਵਿੱਚ ਵਿੱਦਿਆ ਸਮੀਕਸ਼ਾ ਕੇਂਦਰ (Vidya Samiksha Kendra) ਨਾਮਕ ਸਮਰਪਿਤ ਕੇਂਦਰ ਸਥਾਪਿਤ ਕੀਤੇ ਹਨ ਜਿੱਥੇ ਵਲੰਟੀਅਰ ਅਤੇ ਟ੍ਰੇਨਰ ਸਕੂਲ ਦੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੁਫ਼ਤ ਸਮੇਂ ਦੌਰਾਨ ਪੜ੍ਹਾਉਂਦੇ ਹਨ। ਬਹੁਤ ਸਾਰੇ ਅਧਿਆਪਕ ਘਰਾਂ ਵਿੱਚ, ਕਮਿਊਨਿਟੀ ਹਾਲਾਂ ਅਤੇ ਪਾਰਕਾਂ ਜਿਹੀਆਂ ਸੁਵਿਧਾਜਨਕ ਜਨਤਕ ਥਾਵਾਂ ‘ਤੇ ਮੁਫ਼ਤ ਕਲਾਸਾਂ ਲੈ ਰਹੇ ਹਨ। ਵਲੰਟੀਅਰ ਦੂਰ-ਦੁਰਾਡੇ ਜਾਂ ਪਿਛੜੇ ਖੇਤਰਾਂ ਵਿੱਚ ਸਿੱਖਿਆ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਿੱਥੇ ਰਸਮੀ ਵਿੱਦਿਅਕ ਸੁਵਿਧਾਵਾਂ ਦੀ ਘਾਟ ਹੋ ਸਕਦੀ ਹੈ।
ਇੱਕ ਵਾਰ ਰਜਿਸਟਰ ਹੋਣ ਤੋਂ ਬਾਅਦ, ਅਨਪੜ੍ਹ ਬਾਲਗ਼ਾਂ ਨੂੰ ਮੁੱਢਲੀ ਸਾਖਰਤਾ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ।
ਪਾਠਕ੍ਰਮ ਨੂੰ ਵਿਵਹਾਰਿਕ ਬਣਾਉਣ ਲਈ ਤਿਆਰ ਕੀਤਾ ਗਿਆ ਹੈ, ਜ਼ਰੂਰੀ ਜੀਵਨ ਹੁਨਰਾਂ ‘ਤੇ ਕੇਂਦ੍ਰਿਤ। ਇਸ ਵਿੱਚ ਸਥਾਨਕ ਭਾਸ਼ਾ ਵਿੱਚ ਪੜ੍ਹਨਾ ਅਤੇ ਲਿਖਣਾ ਸਿੱਖਣਾ, ਬੁਨਿਆਦੀ ਗਣਿਤ ਨੂੰ ਸਮਝਣਾ ਅਤੇ ਡਿਜੀਟਲ ਸਾਖਰਤਾ ਹੁਨਰ ਪ੍ਰਾਪਤ ਕਰਨਾ ਸ਼ਾਮਲ ਹੈ।
ਸਿੱਖਿਆ ਵਿਭਾਗ ਨੇ ਉਲਾਸ (ULLAS) ਪ੍ਰੋਜੈਕਟ ਨੂੰ ਉਤਸ਼ਾਹਿਤ ਕਰਨ ਲਈ ਕਈ ਜਾਗਰੂਕਤਾ ਮੁਹਿੰਮਾਂ ਵੀ ਸ਼ੁਰੂ ਕੀਤੀਆਂ ਹਨ। ਇਹ ਮੁਹਿੰਮਾਂ ਨਿਜੀ ਅਤੇ ਭਾਈਚਾਰਕ ਵਿਕਾਸ ਲਈ ਸਾਖਰਤਾ ਦੀ ਮਹੱਤਤਾ ਨੂੰ ਉਜਾਗਰ ਕਰਦੀਆਂ ਹਨ ਅਤੇ ਹੋਰ ਅਨਪੜ੍ਹ ਬਾਲਗ਼ਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੀਆਂ ਹਨ।
ਪਰੀਖਿਆ ਦੀ ਮਿਤੀ 21 ਸਤੰਬਰ 2025, ਐਤਵਾਰ ਹੈ ਤਾਕਿ ਕੰਮ ਕਰਨ ਵਾਲੇ ਸਿਖਿਆਰਥੀ ਬਾਲਗ਼ ਸਿਖਿਆਰਥੀਆਂ ਦੇ ਰੁਟੀਨ ਦੇ ਅਨੁਸਾਰ ਸੁਵਿਧਾਜਨਕ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪਰੀਖਿਆ ਵਿੱਚ ਆ ਸਕਣ। ਅਸੀਂ ਇਸ ਵਿਲੱਖਣ ਪ੍ਰੋਗਰਾਮ ਦੀ ਸ਼ਾਨਦਾਰ ਸਫ਼ਲਤਾ ਦੀ ਕਾਮਨਾ ਕਰਦੇ ਹਾਂ।
