ਸਿਹਤ ਵਿਭਾਗ ਯੂਟੀ ਚੰਡੀਗੜ੍ਹ ਨੇ ਅੱਜ ਸ਼ਹਿਰ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਹੈਲਥ ਕੈਂਪਾਂ ਅਤੇ ਜਾਗਰੂਕਤਾ ਵਾਰਤਾਵਾਂ ਦਾ ਆਯੋਜਨ ਕਰਕੇ ਕਿਸ਼ੋਰ ਸਿਹਤ ਦਿਵਸ ਮਨਾਇਆ।

ਰਾਸ਼ਟਰੀਯ ਬਾਲ ਸਵਾਸਥਯ ਕਾਰਯਕ੍ਰਮ (ਆਰਬੀਐੱਸਕੇ) ਦੇ ਮੈਡੀਕਲ ਅਫ਼ਸਰਾਂ, ਮਨੋਰੋਗ ਮਾਹਰਾਂ,ਸਲਾਹਕਾਰਾਂ, ਪ੍ਰਯੋਗਸ਼ਾਲਾ ਟੈਕਨੀਸ਼ੀਅਨਾਂ ਅਤੇ ਏਐੱਨਐੱਮ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਟੀਮਾਂ ਨੇ ਵਿਭਿੰਨ ਸਕੂਲਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਦੀ ਸਿਹਤ ਜਾਂਚ ਕੀਤੀ। ਇਸ ਵਿੱਚ ਬੱਚਿਆਂ ਦੀ ਲੰਬਾਈ, ਵਜ਼ਨ ਮਾਪਣਾ, ਬੀਐੱਮਆਈ ਦੀ ਗਣਨਾ, ਸਾਧਾਰਣ ਸਿਹਤ ਜਾਂਚ, ਦੰਦਾਂ ਦੀ ਜਾਂਚ, ਹੀਮੋਗਲੋਬਿਨ ਦੀ ਜਾਂਚ ਸ਼ਾਮਲ ਸੀ।

ਟੀਮ ਨੇ ਨਸ਼ੀਲੇ ਪਦਾਰਥਾਂ ਦੇ ਦੁਰਉਪਯੋਗ, ਮਾਨਸਿਕ ਸਿਹਤ ਅਤੇ ਮਾਹਵਾਰੀ ਸਵੱਛਤਾ ਬਾਰੇ ਜਾਗਰੂਕਤਾ ਭਾਸ਼ਣ ਵੀ ਦਿੱਤੇ। ਕਿਸ਼ੋਰ ਲੜਕੀਆਂ ਵਿੱਚ ਸੈਨੇਟਰੀ ਨੈਪਕਿਨ ਵੰਡੇ ਗਏ, ਜਦਕਿ ਕਿਸ਼ੋਰ ਲੜਕਿਆਂ ਨੂੰ ਦੰਦਾਂ ਦੀਆਂ ਸਵੱਛਤਾ ਕਿੱਟਾਂ ਦਿੱਤੀਆਂ ਗਈਆਂ।

ਕਿਸ਼ੋਰ ਸਿਹਤ ਦਿਵਸ ਸਮਾਰੋਹ ਰਾਸ਼ਟਰੀਯ ਕਿਸ਼ੋਰ ਸਵਾਸਥਯ ਕਾਰਯਕ੍ਰਮ (ਆਰਕੇਐੱਸਕੇ) ਦੇ ਤਹਿਤ ਇੱਕ ਸਮੁਦਾਇ ਅਧਾਰਿਤ ਪਹਿਲ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 7 ਜਨਵਰੀ 2014 ਨੂੰ ਸ਼ੁਰੂ ਕੀਤਾ ਗਿਆ ਇਹ ਪ੍ਰਮੁੱਖ ਪ੍ਰੋਗਰਾਮ 10-19 ਵਰ੍ਹਿਆਂ ਦੀ ਉਮਰ ਦੇ ਕਿਸ਼ੋਰਾਂ ਦੇ ਸੰਪੂਰਨ ਵਿਕਾਸ ਅਤੇ ਸਿਹਤ ਜ਼ਰੂਰਤਾਂ ‘ਤੇ ਕੇਂਦ੍ਰਿਤ ਹੈ।