ਅਕਾਲੀ ਦਲ ਪ੍ਰਧਾਨ ਨੇ ’ਵੰਡ ਪਾਊ ਤਾਕਤਾਂ’ ’ਤੇ ਚੁੱਕੇ ਸਵਾਲ, ਪੁੱਛਿਆ ਕਿ ਜਦੋਂ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਅਤੇ ਭਗਵੰਤ ਮਾਨ ਨੇ ਬੇਅਦਬੀ ਕੀਤੀ, ਉਦੋਂ ਪੰਥ ਵਾਸਤੇ ਤੁਹਾਡਾ ਪਿਆਰ ਕਿਥੇ ਸੀ ?
ਇਹ ਉਹੀ ਤਾਕਤਾਂ ਹਨ ਜਿਹਨਾਂ ਨੇ 1980ਵਿਆਂ ਵਿਚ ਪੰਜਾਬ ਦੀ ਸ਼ਾਂਤੀ ਭੰਗ ਕੀਤੀ ਤੇ ਅੱਜ ਸਿੱਖੀ ਦਾ ਭੇਸ ਧਾਰਨ ਕਰ ਕੇ ਸਰਗਰਮ ਹੋਈਆਂ ਹਨ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਿਹੜੀਆਂ ਤਾਕਤਾਂ ਨੇ 1980ਵਿਆਂ ਵਿਚ ਪੰਜਾਬ ਦੀ ਸ਼ਾਂਤੀ ਭੰਗ ਕੀਤੀ, ਉਹੀ ਤਾਕਤਾਂ ਅੱਜ ਸਿੱਖੀ ਦੇ ਭੇਸ ਵਿਚ ਸਰਗਰਮ ਹਨ ਤੇ ਉਹਨਾਂ ਇਹ ਵੀ ਐਲਾਨ ਕੀਤਾ ਕਿ ’ਸਰਬੱਤ ਦੇ ਭਲੇ’ ਦੀ ਵਿਰਾਸਤ ਦੀ ਰਾਖੀ ਵਾਸਤੇ ਅਤੇ ਸ਼ਾਂਤੀ ਤੇ ਭਾਈਚਾਰਕ ਸਾਂਝ ਹਰ ਕੀਮਤ ’ਤੇ ਬਹਾਲ ਰੱਖਣ ਦੀ ਅਕਾਲੀ ਦਲ ਦੀ ਨੀਤੀ ਵਾਸਤੇ ਸ਼ਹਾਦਤ ਦਾ ਜਾਮ ਪੀਣ ਵਾਸਤੇ ਵੀ ਤਿਆਰ ਹਨ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਥੇ ਲਾਮਿਸਾਲ ਰੈਲੀ ਵਿਚ ਪਾਰਟੀ ਦੀ ਪੰਜਾਬ ਬਚਾਓ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕੀਤਾ, ਨੇ ਕਿਹਾ ਕਿ ਜਿਹੜੀਆਂ ਤਾਕਤਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਭਾਈ ਸ਼ਮਿੰਦਰ ਸਿੰਘ ਨੂੰ ਸ਼ਹੀਦ ਕੀਤਾ, ਜਿਹਨਾਂ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ’ਤੇ ਹਮਲਾ ਕੀਤਾ, ਹੁਣ ਮੁੜ ਤੋਂ ਸਰਗਰਮ ਹੋ ਗਈਆਂ ਹਨ। ਉਹਨਾਂ ਨੇ ਪੰਜਾਬ ਨੂੰ ਇਹਨਾਂ ਤਾਕਤਾਂ ਤੋਂ ਬਚਾਉਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਸਾਨੂੰ ਸਿੱਖਾਂ ਦੇ ਭੇਸ ਵਿਚ ਨਵੀਂ ਪਛਾਣ ਕੇ ਸਾਹਮਣੇ ਆਈਆਂ ਤਾਕਤਾਂ ਨੂੰ ਮਾਤ ਪਾਉਣ ਲਈ ਇਕਜੁੱਟ ਹੋਣਾ ਚਾਹੀਦਾ ਹੈ। ਜੇਕਰ ਅਸੀਂ ਅਜਿਹਾ ਨਾ ਕੀਤਾ ਤਾਂ ਇਹ ਤੁਹਾਡੇ ਨਾਲ ਵੀ ਉਹੋ ਕੁਝ ਕਰਨਗੀਆਂ ਜੋ ਮੇਰੇ ਨਾਲ ਕੀਤਾ। ਉਹਨਾਂ ਕਿਹਾ ਕਿ ਇਹ ਤਾਕਤਾਂ ਤੁਹਾਡੇ ਘਰਾਂ ਨੂੰ ਅਤੇ ਸਾਡੇ ਗੁਰੂ ਘਰਾਂ ਨੂੰ ਲੁੱਟ ਲੈਣਗੀਆਂ। ਇਹ ਇਕ ਨਵਾਂ ’ਗੁੰਡਾ ਰਾਜ’ ਸ਼ੁਰੂ ਕਰਨਗੀਆਂ ਤੇ ਸਾਡੇ ਸੂਬੇ ਨੂੰ ਤਬਾਹ ਕਰਨਗੀਆਂ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਹ ਸਭ ਕੁਝ ਕਿਉਂ ਹੋਇਆ। ਉਹਨਾਂ ਕਿਹਾ ਕਿ ਇਹ ਸਭ ਕੁਝ ਪੰਜਾਬ ਦੀ ਆਪਣੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ਵਾਸਤੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਲੋਕ ਏਜੰਸੀਆਂ ਅਤੇ ਦਿੱਲੀ ਆਧਾਰਿਤ ਪਾਰਟੀਆਂ ਦੀਆਂ ਕਠਪੁਤਲੀਆਂ ਹਨ ਜੋ ਅਕਾਲੀ ਦਲ ਨੂੰ ਪੰਜਾਬ ਦੀ ਰਾਜਨੀਤੀ ਵਿਚੋਂ ਖ਼ਤਮ ਕਰਨਾ ਚਾਹੁੰਦੀਆਂ ਹਨ।
ਅਕਾਲੀ ਦਲ ਦੇ ਪ੍ਰਧਾਨ? ਜਿਹਨਾਂ ਦਾ ’’ਆਉਂਦਾ ਹੈ ਆਉਂਦਾ ਹੈ, ਵੀਰ ਸੁਖਬੀਰ’’ ਅਤੇ ’’ਸੁਖਬੀਰ ਤੇਰੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’’ ਦੇ ਨਾਅਰਿਆਂ ਹੇਠ ਗਰਮਜੋਸ਼ੀ ਨਾਲ ਸਵਾਗਤ ਹੋਇਆ, ਨੇ ਇਸ ਮੌਕੇ ਬਾਦਲ ਪਰਿਵਾਰ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਵੀ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਇਹ ਲੋਕ ਦਾਅਵਾ ਕਰ ਰਹੇ ਹਨ ਕਿ ਬਾਦਲ ਪਰਿਵਾਰਦੇ ਖਿਲਾਫ ਲੋਕਾਂ ਵਿਚ ’’ਰੋਸ’ ਹੈ। ਉਹਨਾਂ ਕਿਹਾ ਕਿ ਵੰਡ ਪਾਊ ਤਾਕਤਾਂ ਰੋਹ ਵਿਚ ਹੋਣਗੀਆਂ ਕਿਉਂਕਿ ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਨਹੀਂ ਲਾਉਣ ਦੇ ਰਹੇ ਤੇ ਨਾ ਹੀ ਉਹਨਾਂ ਨੂੰ ਸਾਡੀਆਂ ਗੋਲਕਾਂ ’ਤੇ ਕਬਜ਼ਾ ਕਰਨ ਦੇ ਰਹੇ ਹਾਂ।
ਸਰਦਾਰ ਬਾਦਲ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਕਰੜੇ ਹੱਥੀਂ ਲਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਉਹ ਪੰਜਾਬ ਨੂੰ 1980ਵਿਆਂ ਵਿਚ ਧੱਕਣਾ ਚਾਹੁੰਦਾ ਹੈ, ਜਿਥੇ ਕੋਈ ਵੀ ਸੁਰੱਖਿਅਤ ਨਹੀਂ ਸੀ। ਉਹਨਾਂ ਇਹ ਵੀ ਪੁੱਛਿਆ ਕਿ ਇਕ ਵਿਅਕਤੀ ਜੋ ਦੁਬਈ ਤੋਂ ਕਲੀਨ ਸ਼ੇਵ ਵਜੋਂ ਆਇਆ ਹੋਵੇ, ਆਪਣੇ ਆਪ ਨੂੰ ਪੰਜਾਬ ਦਾ ਉੱਤਰਾਧਿਕਾਰੀ ਕਿਵੇਂ ਐਲਾਨ ਸਕਦਾ ਹੈ। ਉਹਨਾਂ ਕਿਹਾ ਕਿ ਉਸਨੂੰ ਸਿੱਖ ’ਰਹਿਤ ਮਰਿਆਦਾ’ ਦੀ ਕੋਈ ਜਾਣਕਾਰੀ ਨਹੀਂ ਹੈ ਜਿਸ ਕਾਰਨ ਉਹ ਪੁਲਿਸ ਥਾਣੇ ਅੱਗੇ ਰੋਸ ਮੁਜ਼ਾਹਰੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਕ ਢਾਲ ਬਣਾ ਕੇ ਲੈ ਕੇ ਗਿਆ।
ਸਰਦਾਰ ਬਾਦਲ ਨੇ ਇਹ ਵੀ ਸਵਾਲ ਕੀਤਾ ਕਿ ਜੋ ਵਿਅਕਤੀ ਇਹ ਦਾਅਵੇ ਕਰਦਾ ਹੈ ਕਿ ਉਹ ਤਾਂ ਨਸ਼ਿਆਂ ਬਾਰੇ ਜਾਗਰੂਕਤਾ ਫੈਲਾ ਲਿਆ ਰਿਹਾ ਹੈ, ਉਸਦਾ ਆਪਣੇ ਭਰਾ ’ਤੇ ਕੋਈ ਕੰਟਰੋਲ ਕਿਉਂ ਨਹੀਂ ਜੋ ਖੁਦ ਨਸ਼ੇੜੀ ਹੈ। ਉਹਨਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਅੰਮ੍ਰਿਤਪਾਲ ਸਿਰ ਵਾਰਿਸ ਪੰਜਾਬ ਦੇ ਕਾਰਕੁੰਨ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰਨ ਦੀ ਸਾਜ਼ਿਸ਼ ਰਚਣ ਦਾ ਵੀ ਦੋਸ਼ ਹੈ ਜਿਸਨੇ ਉਸਨੂੰ ਬੇਨਕਾਬ ਕੀਤਾ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਅੰਮ੍ਰਿਤਪਾਲ ਦਾ ਪਰਿਵਾਰ ਜਮਾਂਦਰੂ ਕਾਂਗਰਸੀ ਹੈ ਅਤੇ ਉਸਨੇ ਕਦੇ ਵੀ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਅਤੇ 1984 ਵਿਚ ਸਿੱਖਾਂ ਦੇ ਕਤਲੇਆਮ ਦਾ ਵਿਰੋਧ ਨਹੀਂ ਕੀਤਾ।
ਸਰਦਾਰ ਬਾਦਲ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਬਰਗਾੜੀ ਧਰਨੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਸ਼ਰਾਬ ਪੀ ਕੇ ਸ੍ਰੀ ਦਮਦਮਾ ਸਾਹਿਬ ਵੀ ਨਤਮਸਤਕ ਹੋਏ ਤੇ ਗੁਰੂ ਸਾਹਿਬਾਨ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਬੇਅਦਬੀ ਕੀਤੀ। ਉਸਨੇ ਸਿੱਖ ’ਮਰਿਆਦਾ’ ਦੇ ਉਲਟ ਜਾ ਕੇ ਬੇਅਦਬੀ ਵਿਰੋਧੀ ਕਾਨੂੰਨ ਵੀ ਪਾਸ ਕੀਤਾ ਪਰ ਸਿਵਾਏ ਅਕਾਲੀ ਦਲ ਦੇ ਕਿਸੇ ਨੇ ਵੀ ਉਸਨੂੰ ਚੁਣੌਤੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਇਹ ਸਾਰੇ ਤੱਤ ਅਕਾਲੀ ਦਲ ਦੇ ਖਿਲਾਫ ਰਲੇ ਹੋਏ ਹਨ ਪਰ ਉਹ ਭਗਵੰਤ ਮਾਨ ਦੇ ਜਾਂ ਕਾਂਗਰਸ ਪਾਰਟੀ ਦੇ ਖਿਲਾਫ ਕੁਝ ਨਹੀਂ ਬੋਲਦੇ ਜਿਸਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ।
ਸਰਦਾਰ ਬਾਦਲ ਨੇ ਇਹ ਵੀ ਸਵਾਲ ਕੀਤਾ ਕਿ ਸਿੱਖੀ ਤੇ ਹੋਰ ਧਰਮਾਂ ਦੇ ਸਤਿਕਾਰ ਦਾ ਇਹ ਤੱਤ ਮਖੌਡ ਕਿਵੇਂ ਉਡਾ ਸਕਦੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਨੂੰ ਸੁੰਦਰ ਬਣਾਇਆ। ਅਸੀਂ ਵਿਰਾਸਤ ਏ ਖਾਲਸਾ ਸਥਾਪਿਤ ਕੀਤਾ ਅਤੇ ਘੱਲੂਘਾਰਿਆਂ ਦੀਆਂ ਯਾਦਗਾਰਾਂ ਬਣਾਈਆਂ ਤੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਤੇ ਦੁਰਗਿਆਨਾ ਮੰਦਰ ਤੇ ਰਾਮ ਤੀਰਥ ਸਥਲ ਨੂੰ ਸੁੰਦਰ ਬਣਾਇਆ। ਉਹਨਾਂ ਕਿਹਾ ਕਿ ਹਾਲੇ ਵੀ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਸਾਡੇ ਖਿਲਾਫ ਲੋਕਾਂ ਵਿਚ ਰੋਸ ਹੈ ਹਾਲਾਂਕਿ ਬਾਦਲ ਪਰਿਵਾਰ ਜਾਂ ਅਕਾਲੀ ਦਲ ਦੇ ਕਿਸੇ ਮੈਂਬਰ ਦਾ ਨਾਮ ਬੇਅਦਬੀ ਦੇ ਕਿਸੇ ਕੇ ਵਿਚ ਨਹੀਂ ਆਇਆ ਜਦੋਂ ਕਿ ਪਿਛਲੇ 10 ਸਾਲਾਂ ਵਿਚ ਕਾਂਗਰਸ ਤੇ ਆਪ ਦੇ ਰਾਜ ਵਿਚ 600 ਤੋਂ ਜ਼ਿਆਦਾ ਬੇਅਦਬੀਆਂ ਵਾਪਰ ਚੁੱਕੀਆਂ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਗਰੀਬ ਧੀਆਂ ਦੇ ਵਿਆਹ ਲਈ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕਰੇਗੀ ਅਤੇ ਆਟਾ ਦਾਲ ਸਕੀਮ ਤਹਿਤ ਆਟਾ 50 ਕਿਲੋ ਦਿੱਤਾ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਗਰੈਜੂਏਸ਼ਨ ਪੱਧਰ ਤੱਕ ਸਭ ਲਈ ਸਿੱਖਿਆ ਮੁਫਤ ਕੀਤੀ ਜਾਵੇਗੀ ਅਤੇ ਅਕਾਲੀ ਦਲ ਦੀ ਸਰਕਾਰ ਗਰੀਬ ਵਿਦਿਆਰਥੀਆਂ ਵਾਸਤੇ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਵਿਚ 50 ਫੀਸਦੀ ਸੀਟਾਂ ਰਾਖਵੀਂਆਂ ਕਰੇਗੀ।
ਸਰਦਾਰ ਬਾਦਲ ਨੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਵੱਲੋਂ ਇੰਨੀ ਵਿਸ਼ਾਲ ਰੈਲੀ ਆਯੋਜਿਤ ਕਰਨ ਦੀ ਵਧਾਈ ਦਿੱਤੀ ਤੇ ਉਹਨਾਂ ਸੈਂਕੜੇ ਨੌਜਵਾਨਾਂ ਦਾ ਧੰਨਵਾਦ ਕੀਤਾ ਜੋ ਕਾਫਲੇ ਦੇ ਰੂਪ ਵਿਚ ਰੈਲੀ ਵਾਲੀ ਥਾਂ ਤੱਕ ਉਹਨਾਂ ਦੇ ਗੱਡੀਆਂ ਦੇ ਕਾਫਲੇ ਨਾਲ ਆਏ। ਇਸ ਮੌਕੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਵੀ ਸੰਬੋਧਨ ਕੀਤਾ।
