ਮਿਉਂਸਪਲ ਚੋਣਾਂ ਵਿਚ ਆਪ ਦੇ ਖਿਲਾਫ ਸਪਸ਼ਟ ਫਤਵਾ ਦਿੱਤਾ ਜਾਵੇ: ਸੁਖਬੀਰ ਸਿੰਘ ਬਾਦਲ

ਮਲੋਟ/ ਚੰਡੀਗੜ੍ਹ, 23 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਿਉਂਸਪਲ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਖਿਲਾਫ ਸਪਸ਼ਟ ਫਤਵਾ ਦੇ ਕੇ ਦਿੱਲੀ ਆਧਾਰਿਤ ਪਾਰਟੀਆਂ ਨੂੰ ਮਜ਼ਬੂਤ ਸੁਨੇਹਾ ਭੇਜਣ।

ਲੋਕਾਂ ਨੂੰ ਅਕਾਲੀ ਦਲ ਦੀ ਹਮਾਇਤ ਕਰਨ ਦੀ ਅਪੀਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਲੋਟ ਦੀ ਮੇਰੇ ਦਿਲ ਵਿਚ ਖਾਸ ਥਾਂ ਹੈ ਕਿਉਂਕਿ ਇਸ ਹਲਕੇ ਦਾ ਮੇਰੀ ਮਾਤਾ ਜੀ ਨੇ ਹਮੇਸ਼ਾ ਖਿਆਲ ਰੱਖਿਆ ਹੈ। ਉਹਨਾਂ ਨੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਚੋਣਾਂ ਵਾਲੇ ਦਿਨ ਵੀ ਸ਼ਹਿਰ ਵਿਚ ਆਉਣਗੇ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਆਪ ਵੱਲੋਂ ਚੋਣਾਂ ਅਗਵਾ ਕਰਨ ਦੇ ਯਤਨ ਸਫਲ ਨਾ ਹੋ ਸਕਣ। ਉਹਨਾਂ ਨੇ ਅਪੀਲ ਕੀਤੀ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਕਮੇਟੀ ਗਠਿਤ ਕੀਤੀ ਜਾਵੇ।

ਉਹਨਾਂ ਨੇ ਆਪ ਆਗੂਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਚੋਣ ਪ੍ਰਕਿਰਿਆ ਨੂੰ ਹਾਈਜੈਕ ਕਰਨ ਦਾ ਯਤਨ ਨਾ ਕਰਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਹਨਾਂ ਅਜਿਹਾ ਕੀਤਾ ਤਾਂ ਆਪ ਦਾ ਹੀ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬੀ ਕਦੇ ਵੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਦੇ ਅਤੇ ਇਹ ਹਮੇਸ਼ਾ ਦਮਨ ਦੇ ਵਿਰੁੱਧ ਡਟਣ ਵਾਸਤੇ ਜਾਣੇ ਜਾਂਦੇ ਹਨ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੇ ਸਾਰੀਆਂ ਦਿੱਲੀ ਆਧਾਰਿਤ ਪਾਰਟੀਆਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਕਲੌਤੀ ਪਾਰਟੀ ਹੈ ਜੋ ਲੋਕਾਂ ਦੀਆਂ ਆਸਾਂ ’ਤੇ ਖਰੀਆਂ ਉਤਰ ਸਕਦੀ ਹੈ। ਉਹਨਾਂ ਕਿਹਾ ਕਿ ਮਿਉਂਸਪਲ ਚੋਣਾਂ ਵਿਚ ਅਕਾਲੀ ਦਲ ਨੂੰ ਚੁਣਨਾ ਇਸ ਕਰ ਕੇ ਵੀ ਅਹਿਮ ਹੈ ਕਿਉਂਕਿ 2027 ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਆਪਸੀ ਤਾਲਮੇਲ ਸਹੀ ਬਣ ਸਕੇ।

ਮਲੋਟ ਦੇ ਵਿਕਾਸ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਤੇ ਆਪ ਦੋਵਾਂ ਸਰਕਾਰਾਂ ਦੇ ਰਾਜ ਵਿਚ ਇਸ ਸ਼ਹਿਰ ਨੂੰ ਅਣਡਿੱਠ ਕੀਤਾ ਗਿਆ। ਉਹਨਾਂ ਕਿਹਾ ਕਿ ਸਾਰੀਆਂ ਨਾਗਰਿਕ ਸਹੂਲਤਾਂ ਦਾ ਮਾੜਾ ਹਾਲ ਹੈ। ਕਾਂਗਰਸ ਤੇ ਆਪ ਦੋਵਾਂ ਨੂੰ ਤੁਹਾਡੀਆਂ ਵੋਟਾਂ ਮੰਗਣ ਦਾ ਹੱਕ ਹੀ ਨਹੀਂ ਹੈ।

ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਮਲੋਟ ਦੇ ਵਿਕਾਸ ਵਾਸਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਅਸੀਂ ਸ਼ਹਿਰ ਵਿਚ ਨਿਵੇਸ਼ ਲਿਆ ਕੇ ਸ਼ਹਿਰ ਦੇ ਵਸਨੀਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਅਤੇ ਵਪਾਰਕ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹਾਂ।

ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਜੋ ਸ਼ਰ੍ਹੇਆਮ ਬੂਥ ਕੈਪਚਰਿੰਗ ਕਰਨ ਦਾ ਐਲਾਨ ਕਰ ਰਹੇ ਹਨ। ਉਹਨਾਂ ਨੇ ਆਪ ਸਰਕਾਰ ਵੱਲੋਂ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤਾ ਨਾ ਦੇਣ ਦੀ ਨਿਖੇਧੀ ਕੀਤੀ। ਉਹਨਾਂ ਨੇ ਐਮ ਪੀ ਹਰਭਜਨ ਮਾਨ ਨੂੰ ਵੀ ਅਪੀਲ ਕੀਤੀ ਕਿ ਉਹ ਦੱਸਣ ਕਿ ਰਾਜਿੰਦਰ ਗੁਪਤਾ, ਅਸ਼ੋਕ ਮਿੱਤਲ ਤੇ ਹੋਰਨਾਂ ਨੇ ਰਾਜ ਸਭਾ ਸੀਟਾਂ ਲੈਣ ਵਾਸਤੇ ਆਮ ਆਦਮੀ ਪਾਰਟੀ ਲੀਡਰਸ਼ਿਪ ਨੂੰ ਕਿੰਨੇ ਪੈਸੇ ਦਿੱਤੇ ਸਨ।

ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਅਤੇ ਹੋਰ ਸੀਨੀਅਰ ਆਗੂ ਪਾਰਟੀ ਪ੍ਰਧਾਨ ਦੇ ਨਾਲ ਸਨ।

×