ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਰਹੱਦੀ ਜ਼ਿਲ੍ਹਿਆਂ ਖਾਸ ਕਰਕੇ ਗੁਰਦਾਸਪੁਰ ਤੇ ਫਾਜ਼ਿਲਕਾ ਵਿਚ ਝੋਨੇ ਦੀ ਕਾਟ ਦਾ ਮੁੱਦਾ ਚੁੱਕਦਿਆਂ ਭਗਵੰਤ ਮਾਨ ਸਰਕਾਰ ਨੂੰ ਕਿਸਾਨਾਂ ਦੀ ਲੁੱਟ ਤੋਂ ਵਰਜਿਆ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਇਹ ਲੁੱਟ ਬਰਦਾਸਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਤੰਗੀਆਂ ਵਿਚ ਹਨ ਤੇ ਉਪਰ ਤੋਂ ਸੂਬਾ ਸਰਕਾਰ ਵੱਲੋਂ ਕਾਟ ਦੇ ਨਾਂਅ ਤੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦ ਇਸ ਝੋਨੇ ਦੀ ਖਰੀਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਸਾਰੇ ਫੰਡ ਭੇਜ ਚੁੱਕੀ ਹੈ ਤਾਂ ਫਿਰ ਸਰਕਾਰ ਖਰੀਦ ਕਿਉਂ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਭ੍ਰਿਸ਼ਟਾਚਾਰ ਲਈ ਮੁੱਖ ਮੰਤਰੀ ਦੀ ਜਵਾਬਦੇਹੀ ਬਣਦੀ ਹੈ।

ਇਸ ਸਬੰਧੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿਚ ਸੁਨੀਲ ਜਾਖੜ ਨੇ ਲਿਖਿਆ ਹੈ ਕਿ, ਮੁੱਖ ਮੰਤਰੀ ਭਗਵੰਤ ਮਾਨ ਜੀ, ਕਿੱਥੇ ਹੈ ਤੁਹਾਡੀ ਅਖੌਤੀ ਇਮਾਨਦਾਰ ਸਰਕਾਰ?

ਝੋਨੇ ਦੀ ਖਰੀਦ ਲਈ ਭਾਰਤ ਸਰਕਾਰ ਨੇ ਪੂਰੇ ਪੈਸੇ ਐਡਵਾਂਸ ਤੁਹਾਨੂੰ ਦੇ ਦਿੱਤੇ ਸੀ ਅਤੇ ਤੁਸੀਂ ਇਹ ਝੋਨਾ ਭਾਰਤ ਸਰਕਾਰ ਨੂੰ ਹੀ ਖਰੀਦ ਕੇ ਦੇਣਾ ਹੈ। ਫਿਰ ਸਰਹੱਦੀ ਜ਼ਿਲ੍ਹਿਆਂ ਜਿਵੇਂ ਗੁਰਦਾਸਪੁਰ ਤੇ ਫਾਜ਼ਿਲਕਾ ਜ਼ਿਲ੍ਹੇ ਖਾਸ ਕਰਕੇ ਅਬੋਹਰ ਵਿਚ ਪ੍ਰਤੀ ਕੁਇੰਟਲ 6 ਤੋਂ 8 ਕਿਲੋ ਦੀ ਕਾਟ ਕਿਸ ਨਾਂਅ ਦੀ ਕੱਟ ਰਹੇ ਹੋ। ਆੜਤੀਆਂ ਤੋਂ ਲਿਫਟਿੰਗ ਦੇ ਨਾਂਅ ਤੇ ਪ੍ਰਤੀ ਬੋਰੀ ਵਖੱਰੀ ਉਗਰਾਹੀਂ ਕੀਤੀ ਜਾ ਰਹੀ ਹੈ। ਕੀ ਪੌਣੇ ਪੰਜ ਸਾਲ ਲੁੱਟ ਕਰਨ ਨਾਲ ਵੀ ਨੀਅਤ ਨਹੀਂ ਭਰੀ I
ਕਿਸਾਨਾਂ ਤੇ ਆੜਤੀਆਂ ਦੀ ਹੋ ਰਹੀ ਲੁੱਟ ਨੂੰ ਬੰਦ ਕਰੋ l